ਲੁਧਿਆਣਾ (ਐੱਮ ਐੱਸ ਭਾਟੀਆ/ ਰੈਕਟਰ ਕਥੂਰੀਆ)-ਹੁਣ ਸਮਾਂ ਆ ਗਿਆ ਹੈ ਕਿ ਕੇਂਦਰ ਵਿਚ ਆਰ ਐੱਸ ਐੱਸ ਦੀ ਸਰਪ੍ਰਸਤੀ ਅਧੀਨ ਭਾਜਪਾ ਦੀ ਅਗਵਾਈ ਹੇਠ ਚੱਲ ਰਹੀਆਂ ਫਿਰਕੂ ਅਤੇ ਰੂੜ੍ਹੀਵਾਦੀ ਤਾਕਤਾਂ ਵਿਰੱੁਧ ਸੰਘਰਸ਼ ਨੂੰ ਹੋਰ ਮਜ਼ਬੂਤ ਕੀਤਾ ਜਾਵੇ | ਭਾਰਤੀ ਕਮਿਊਨਿਸਟ ਪਾਰਟੀ ਜ਼ਿਲ੍ਹਾ ਲੁਧਿਆਣਾ ਇਕਾਈ ਵੱਲੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਤੇ ਸਾਥੀਆਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਬੁੱਧਵਾਰ ਆਯੋਜਿਤ ਸਮਾਗਮ ਵਿੱਚ ਸਿੱਖਿਆ ਸ਼ਾਸਤਰੀ ਅਤੇ ਸਰਕਾਰੀ ਸਕੂਲ ਅਧਿਆਪਕ ਯੂਨੀਅਨ ਪੰਜਾਬ ਦੇ ਸਾਬਕਾ ਜਨਰਲ ਸਕੱਤਰ ਚਰਨ ਸਿੰਘ ਸਰਾਭਾ ਨੇ ਕਿਹਾ ਕਿ ਕਰਤਾਰ ਸਿੰਘ ਸਰਾਭਾ ਨੇ ਆਪਣੇ-ਆਪ ਨੂੰ ਇੱਕ ਬਹੁਤ ਹੀ ਕੋਮਲ ਉਮਰ ਵਿੱਚ ਦੇਸ਼ ਲਈ ਕੁਰਬਾਨ ਕਰ ਦਿੱਤਾ | ਉਹਨਾ ਬਿ੍ਟਿਸ਼ ਸਾਮਰਾਜਵਾਦ ਵਿਰੁੱਧ ਨਿਰੰਤਰ ਲੜਾਈ ਲੜੀ ਅਤੇ ਉਨ੍ਹਾਂ ਦੇ ਅੱਤਿਆਚਾਰਾਂ ਜਾਂ ਹੁਕਮਾਂ ਅੱਗੇ ਝੁਕੇ ਨਹੀਂ | ਉਨ੍ਹਾ ਦਾ ਉਦੇਸ਼ ਬਿ੍ਟਿਸ਼ ਸਾਮਰਾਜੀ ਸ਼ਕਤੀ ਨੂੰ ਭਾਰਤ ਵਿੱਚੋਂ ਪੁੱਟ ਕੇ ਸੁੱਟਣਾ ਅਤੇ ਇੱਕ ਅਜਿਹੇ ਭਾਰਤ ਦਾ ਨਿਰਮਾਣ ਕਰਨਾ ਸੀ, ਜੋ ਧਰਮ-ਨਿਰਪੱਖ, ਲੋਕਤੰਤਰੀ ਅਤੇ ਨਿਆਂ ਅਤੇ ਬਰਾਬਰੀ ‘ਤੇ ਅਧਾਰਤ ਸਮਾਜ ਹੋਵੇ | ਉਨ੍ਹਾ ਸਾਰੀਆਂ ਧਾਰਮਕ ਮਾਨਤਾਵਾਂ ਦੀ ਆਜ਼ਾਦੀ ਦਾ ਪ੍ਰਚਾਰ ਕੀਤਾ ਤੇ ਜਾਤ, ਧਰਮ, ਲਿੰਗ ਅਤੇ ਵਿੱਤੀ ਸਥਿਤੀ ਦੇ ਅਧਾਰ ‘ਤੇ ਵਿਤਕਰੇ ਨੂੰ ਖਤਮ ਕਰਨ ਦਾ ਸੰਕਲਪ ਲਿਆ | ਇਹ ਮੰਦਭਾਗਾ ਹੈ ਕਿ ਆਜ਼ਾਦੀ ਦੇ 75 ਸਾਲਾਂ ਬਾਅਦ ਵੀ ਉਨ੍ਹਾਂ ਦੇ ਸੁਪਨੇ ਪੂਰੇ ਨਹੀਂ ਹੋਏ | ਮੌਜੂਦਾ ਸਰਕਾਰ ਦੇ ਸੱਤਾ ਵਿਚ ਆਉਣ ਤੋਂ ਬਾਅਦ ਧਰਮ, ਜਾਤ ਅਤੇ ਲਿੰਗ ਦੇ ਨਾਂਅ ‘ਤੇ ਵਿਤਕਰਾ ਜਾਰੀ ਹੈ |
ਸੀ ਪੀ ਆਈ ਦੀ ਕੌਮੀ ਕਾਰਜਕਾਰਨੀ ਦੇ ਮੈਂਬਰ ਗੁਲਜ਼ਾਰ ਸਿੰਘ ਗੋਰੀਆ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਸੰਵਿਧਾਨ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ | ਵਿਚਾਰ ਪ੍ਰਗਟ ਕਰਨ ਦੀ ਅਜ਼ਾਦੀ ਖਤਮ ਕੀਤੀ ਜਾ ਰਹੀ ਹੈ | ਜੋ ਵੱਖਰੇ ਵਿਚਾਰ ਰੱਖਦਾ ਹੈ, ਉਸ ਨੂੰ ਗੱਦਾਰ ਕਿਹਾ ਜਾ ਰਿਹਾ ਹੈ | ਇਥੋਂ ਤੱਕ ਕਿ ਕਤਲ ਵੀ ਕੀਤਾ ਜਾ ਰਿਹਾ ਹੈ | ਭੀੜਾਂ ਵੱਲੋਂ ਇਕੱਠੇ ਹੋ ਕੇ ਕੱੁਟਮਾਰ ਤੇ ਕਤਲ ਦੀਆਂ ਘਟਨਾਵਾਂ ਇਸ ਦੀ ਸਪੱਸ਼ਟ ਉਦਾਹਰਣ ਹਨ | ਮੌਬ ਲਿੰਚਿੰਗ, ਬਲਾਤਕਾਰੀਆਂ ਦੀ ਰਿਹਾਈ ਅਤੇ ਬਿਲਕਿਸ ਬਾਨੋ ਕੇਸ ਵਿੱਚ ਕਾਤਲਾਂ ‘ਤੇ ਪ੍ਰਧਾਨ ਮੰਤਰੀ ਵੱਲੋਂ ਚੁਪੀ ਅਜਿਹੇ ਘਿਨਾਉਣੇ ਅਪਰਾਧਾਂ ਨੂੰ ਸਮਰਥਨ ਦੇਣ ਦੇ ਬਰਾਬਰ ਹੈ | ਰਾਜਾਂ ਦੇ ਅਧਿਕਾਰਾਂ ‘ਤੇ ਰੋਕ ਲਗਾਈ ਜਾ ਰਹੀ ਹੈ | ਜੰਮੂ-ਕਸ਼ਮੀਰ ਵਿੱਚ ਧਾਰਾ 370 ਨੂੰ ਰੱਦ ਕਰਨਾ ਅਤੇ ਇਸ ਨੂੰ ਕੇਂਦਰ ਸ਼ਾਸਤ ਪ੍ਰਦੇਸ਼ ਵਿੱਚ ਤਬਦੀਲ ਕਰਨਾ ਇੱਕ ਸਪੱਸ਼ਟ ਉਦਾਹਰਣ ਹੈ | ਉਹ ਵੋਟਾਂ ਹਾਸਲ ਕਰਨ ਲਈ ਜਿੰਗੋਇਜ਼ਮ ਬਣਾਉਣ ਲਈ ਨਿਕਲੇ ਹਨ | ਇਸ ਦਾ ਮੁਕਾਬਲਾ ਇਕਜੁੱਟ ਹੋ ਕੇ ਕਰਨਾ ਹੋਵੇਗਾ | ਜਮਹੂਰੀ ਅਧਿਕਾਰ ਸਭਾ ਦੇ ਸੂਬਾਈ ਪ੍ਰਧਾਨ ਪੋ੍ਰ. ਜਗਮੋਹਨ ਸਿੰਘ ਨੇ ਕਿਹਾ ਕਿ ਆਰ ਐੱਸ ਐੱਸ ਨੇ ਆਜ਼ਾਦੀ ਦੇ ਸੰਘਰਸ ਵਿਚ ਹਿੱਸਾ ਨਹੀਂ ਪਾਇਆ, ਬਲਕਿ ਅੰਗਰੇਜ਼ਾਂ ਨਾਲ ਰਲ ਕੇ ਇਨਕਲਾਬੀਆਂ ਅਤੇ ਅਜ਼ਾਦੀ ਲਹਿਰ ਦੇ ਖਿਲਾਫ ਲੱਗੇ ਰਹੇ | ਜ਼ਿਲ੍ਹਾ ਸਕੱਤਰ ਡੀ ਪੀ ਮੌੜ ਨੇ ਕਿਹਾ ਕਿ ਆਰਥਕ ਸੰਕਟ ਗੰਭੀਰ ਪੱਧਰ ‘ਤੇ ਡੂੰਘਾ ਹੋਇਆ ਹੈ | ਜੀ ਡੀ ਪੀ ਲਗਾਤਾਰ ਘਟ ਰਹੀ ਹੈ | ਨੋਟਬੰਦੀ ਅਤੇ ਜੀ ਐੱਸ ਟੀ ਦੇ ਲਾਗੂ ਹੋਣ ਤੋਂ ਬਾਅਦ ਕਾਰੋਬਾਰ ਪ੍ਰਭਾਵਤ ਹੋਏ ਹਨ ਤੇ ਬੇਰੁਜ਼ਗਾਰੀ ਵਧੀ ਹੈ, ਜਿਸ ਨਾਲ ਲੋਕਾਂ ਦੀ ਖਰੀਦ ਸ਼ਕਤੀ ਘਟ ਗਈ ਹੈ | ਐੱਮ ਐੱਸ ਭਾਟੀਆ ਸਿਟੀ ਸਕੱਤਰ ਸੀ ਪੀ ਆਈ ਲੁਧਿਆਣਾ ਨੇ ਸੁਚੇਤ ਕਰਦਿਆਂ ਕਿਹਾ ਕਿ ਪੂਰੀ ਤਰ੍ਹਾਂ ਗੈਰ-ਵਿਗਿਆਨਕ ਵਿਚਾਰਾਂ ਨੂੰ ਫੈਲਾ ਕੇ ਸਮਾਜ ਨੂੰ ਪਛੜੀ ਸਥਿਤੀ ਵਿੱਚ ਧੱਕਣ ਦੀ ਸਾਜ਼ਿਸ਼ ਰਚੀ ਜਾ ਰਹੀ ਹੈ ਅਤੇ ‘ਗਊ ਮੁਤਰਾ’ ਵਰਗੀ ਗੁੰਝਲਦਾਰਤਾ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ | ਉਨ੍ਹਾ ਕਿਹਾ ਕਿ ਅਜਿਹੀਆਂ ਤਾਕਤਾਂ ਦਾ ਡਟ ਕੇ ਮੁਕਾਬਲਾ ਕਰਨ ਦੀ ਲੋੜ ਹੈ |
ਇਸ ਮੌਕੇ ਹੋਰਨਾਂ ਤੋਂ ਇਲਾਵਾ ਰਮੇਸ਼ ਰਤਨ, ਡਾ: ਗੁਲਜ਼ਾਰ ਸਿੰਘ ਪੰਧੇਰ, ਸ਼ਾਇਰ ਭਗਵਾਨ ਢਿੱਲੋਂ, ਤਰਲੋਚਨ ਝਾਂਡੇ, ਅਮਰਜੀਤ ਸ਼ੇਰਪੁਰੀ, ਸਰਵਜੀਤ ਵਿਰਦੀ, ਭਗਵਾਨ ਸਿੰਘ ਸੋਮਲ ਖੇੜੀ, ਨਿਰੰਜਨ ਸਿੰਘ ਦੋਰਾਹਾ, ਗੁਰਮੇਲ ਸਿੰਘ ਮੈਲਡੇ, ਡਾ. ਵਿਨੋਦ, ਗੁਰਨਾਮ ਸਿੱਧੂ ਅਤੇ ਗੁਰਮੇਲ ਸਿੰਘ ਮੇਹਲੀ ਵੀ ਸ਼ਾਮਲ ਸਨ | ਇਹ ਮੰਗ ਕੀਤੀ ਗਈ ਕਿ ਸਕੂਲਾਂ ਵਿੱਚ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਵਿਚਾਰਾਂ ਅਤੇ ਗਦਰ ਪਾਰਟੀ ਦੀ ਭੂਮਿਕਾ ਬਾਬਤ ਪੜ੍ਹਾਇਆ ਜਾਏ | ਇਸ ਤੋਂ ਪਹਿਲਾਂ ਆਗੂਆਂ ਨੇ ਸ਼ਹੀਦ ਕਰਤਾਰ ਸਿੰਘ ਦੇ ਬੁੱਤ ‘ਤੇ ਹਾਰ ਪਾ ਕੇ ਸ਼ਰਧਾ ਦੇ ਫੁੱਲ ਭੇਟ ਕੀਤੇ |





