ਵਾਸ਼ਿੰਗਟਨ : ਬੀ ਜੇ ਐੱਮ ਗਲੋਬਲ ਹੈੱਲਥ ਜਰਨਲ ‘ਚ ਪ੍ਰਕਾਸ਼ਤ ਅਧਿਅਨ ਅਨੁਸਾਰ ਹੈੱਡਫੋਨ ਅਤੇ ਈਅਰਬਡਸ ਦੀ ਵਰਤੋਂ ਕਾਰਨ ਇੱਕ ਅਰਬ ਤੋਂ ਵੱਧ ਅੱਲ੍ਹੜਾਂ ਅਤੇ ਨੌਜਵਾਨਾਂ ਦੀ ਸੁਣਨ ਸ਼ਕਤੀ ਖਤਮ ਹੋਣ ਜਾਂ ਕਮਜ਼ੋਰ ਹੋਣ ਦਾ ਖਤਰਾ ਹੈ | ]
ਅਧਿਐਨਕਰਤਾਵਾਂ ਦੀ ਕੌਮਾਂਤਰੀ ਟੀਮ ਨੇ ਕਿਹਾ ਹੈ ਕਿ ਦੁਨੀਆ-ਭਰ ਦੀਆਂ ਸਰਕਾਰਾਂ ਨੂੰ ਕੰਨਾਂ ਦੀ ਸੁਰੱਖਿਆ ਦੀਆਂ ਨੀਤੀਆਂ ਨੂੰ ਫੌਰੀ ਤਰਜੀਹ ਦੇਣ ਦੀ ਲੋੜ ਹੈ | ਇਸ ਟੀਮ ਵਿਚ ਅਮਰੀਕਾ ਦੀ ਸਾਊਥ ਕੈਰੋਲਾਈਨਾ ਮੈਡੀਕਲ ਯੂਨੀਵਰਸਿਟੀ ਤੇ ਹੋਰ ਕੌਮਾਂਤਰੀ ਅਧਿਐਨਕਰਤਾ ਸ਼ਾਮਲ ਸਨ |
ਅਧਿਐਨਕਰਤਾਵਾਂ ਨੇ ਕਿਹਾ ਕਿ ਵਿਸ਼ਵ ਸਿਹਤ ਜਥੇਬੰਦੀ ਦਾ ਅਨੁਮਾਨ ਹੈ ਕਿ ਦੁਨੀਆ-ਭਰ ਵਿਚ ਇਸ ਵੇਲੇ 43 ਕਰੋੜ ਤੋਂ ਵੱਧ ਲੋਕਾਂ ਨੂੰ ਸੁਣਨਾ ਔਖਾ ਹੋਇਆ ਪਿਆ ਹੈ | ਉਨ੍ਹਾ ਕਿਹਾ ਕਿ ਨਿਯਮਾਂ ਦੀ ਢਿੱਲੀ ਪਾਲਣਾ, ਸਮਾਰਟਫੋਨ, ਹੈੱਡਫੋਨ ਤੇ ਈਅਰਬਡ ਵਰਗੇ ਉਪਕਰਨਾਂ (ਪੀ ਐੱਲ ਡੀ) ਦੀ ਵਰਤੋਂ ਅਤੇ ਉਨ੍ਹਾਂ ਥਾਂਵਾਂ ‘ਤੇ ਜਾਣ ਕਾਰਨ ਨੌਜਵਾਨ ਖਾਸ ਤੌਰ ‘ਤੇ ਪ੍ਰਭਾਵਤ ਹੋ ਰਹੇ ਹਨ, ਜਿੱਥੇ ਤੇਜ਼ ਆਵਾਜ਼ ਵਿਚ ਸੰਗੀਤ ਵਜਾਇਆ ਜਾਂਦਾ ਹੈ |
ਅਧਿਐਨ ਤੋਂ ਪਤਾ ਚੱਲਿਆ ਹੈ ਕਿ ਪੀ ਐੱਲ ਡੀ ਦੀ ਵਰਤੋਂ ਕਰਨ ਵਾਲੇ ਅਕਸਰ 105 ਡੈਸੀਬਲ ਦੀ ਬਹੁਤ ਤੇਜ਼ ਆਵਾਜ਼ ਸੁਣਦੇ ਹਨ, ਜਦਕਿ ਮਨੋਰੰਜਨ ਸਥਾਨਾਂ ‘ਤੇ ਔਸਤ ਆਵਾਜ਼ 104 ਤੋਂ 112 ਡੈਸੀਬਲ ਤੱਕ ਹੁੰਦੀ ਹੈ | ਇਹ ਬਾਲਗਾਂ ਲਈ 80 ਡੈਸੀਬਲ ਤੇ ਬੱਚਿਆਂ ਲਈ 75 ਡੈਸੀਬਲ ਦੀ ਪ੍ਰਵਾਨਤ ਆਵਾਜ਼ ਪੱਧਰ ਤੋਂ ਬਹੁਤ ਵੱਧ ਹੈ | ਇਹ ਅਧਿਐਨ 12 ਤੋਂ 35 ਸਾਲ ਦੇ 19046 ਲੋਕਾਂ ‘ਤੇ ਕੀਤਾ ਗਿਆ |
ਅਧਿਐਨ ਵਿਚ ਕਿਹਾ ਗਿਆ ਹੈ ਕਿ ਬੋਲੇ ਹੋਣ ਤੋਂ ਬਚਣ ਲਈ ਵਾਲਯੂਮ ਘੱਟ ਕਰਕੇ ਤੇ ਲਿਮਟ ਵਿਚ ਚੀਜ਼ਾਂ ਨੂੰ ਸੁਣਨਾ ਸਹੀ ਹੋਵੇਗਾ | ਹੈੱਡਫੋਨ ਯੂਜ਼ਰਜ਼ ਨੂੰ ਸੈਟਿੰਗਜ਼ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਤੇ ਸਾਊਾਡ ਲੇਵਲ ‘ਤੇ ਨਜ਼ਰ ਰੱਖਣੀ ਚਾਹੀਦੀ ਹੈ |
ਇਸ ਦੇ ਨਾਲ ਹੀ ਸ਼ੋਰ-ਸ਼ਰਾਬੇ ਵਾਲੀ ਥਾਂ ਈਅਰਪਲੱਗ ਲਾਉਣਾ ਚਾਹੀਦਾ ਹੈ, ਤਾਂ ਕਿ ਸੁਣਨ ਸ਼ਕਤੀ ਨੂੰ ਨੁਕਸਾਨ ਨਾ ਪੁੱਜੇ |