ਪ੍ਰੈੱਸ ਦੀ ਅਜ਼ਾਦੀ ਦਾ ਆਖਰੀ ਚਿਰਾਗ ਬੁਝਣ ਕੰਢੇ

0
253

ਮੋਦੀ ਸਰਕਾਰ ਨੂੰ ਕੰਡੇ ਵਾਂਗ ਚੁੱਭਦੇ ਨਵੀਂ ਦਿੱਲੀ ਟੈਲੀਵਿਜ਼ਨ ਲਿਮਟਿਡ (ਐੱਨ ਡੀ ਟੀ ਵੀ) ਉੱਤੇ ਕਬਜ਼ਾ ਕਰਨ ਤੋਂ ਮੋਦੀ ਦਾ ਮਿੱਤਰ ਅਰਬਪਤੀ ਗੌਤਮ ਅਡਾਨੀ ਸਿਰਫ਼ ਇੱਕ ਕਦਮ ਦੂਰ ਰਹਿ ਗਿਆ ਹੈ | ਸਮੁੱਚੇ ਦੇਸ਼ ਦੇ ਨਿਊਜ਼ ਚੈਨਲਾਂ ਦੇ ਮੋਦੀ ਹਕੂਮਤ ਦੀ ਸ਼ਰਨ ਵਿੱਚ ਚਲੇ ਜਾਣ ਤੋਂ ਬਾਅਦ ਬਸ ਇੱਕੋ ਐੱਨ ਡੀ ਟੀ ਵੀ ਸੀ, ਜਿਹੜਾ ਅਜ਼ਾਦ ਪੱਤਰਕਾਰਤਾ ਉੱਤੇ ਪਹਿਰਾ ਦਿੰਦਾ ਰਿਹਾ ਹੈ | ਇਸ ਦੇ ਲਈ ਐੱਨ ਡੀ ਟੀ ਵੀ ਦੇ ਮਾਲਕਾਂ ਪ੍ਰਣਾਏ ਰਾਏ ਤੇ ਉਨ੍ਹਾ ਦੀ ਪਤਨੀ ਰਾਧਿਕਾ ਰਾਏ ਨੂੰ ਹਕੂਮਤ ਦੀ ਕਰੋਪੀ ਦਾ ਵੀ ਸ਼ਿਕਾਰ ਹੋਣਾ ਪੈਂਦਾ ਰਿਹਾ ਸੀ | ਈ ਡੀ ਵਰਗੀਆਂ ਏਜੰਸੀਆਂ ਲਗਾਤਾਰ ਉਨ੍ਹਾਂ ਦੇ ਮਗਰ ਪਈਆਂ ਰਹੀਆਂ ਤੇ ਉਨ੍ਹਾਂ ਦੇ ਘਰ ਤੇ ਦਫ਼ਤਰਾਂ ਦੀ ਤਲਾਸ਼ੀ ਲੈ ਕੇ ਹਰ ਆਏ ਦਿਨ ਖੁਆਰ ਕਰਦੀਆਂ ਰਹੀਆਂ ਸਨ |
ਕੁਝ ਸਮਾਂ ਪਹਿਲਾਂ ਅਡਾਨੀ ਨੇ ਕੰਪਨੀ ਦੇ 29.18 ਫ਼ੀਸਦੀ ਸ਼ੇਅਰਾਂ ਉੱਤੇ ਇੱਕ ਚੋਰ-ਮੋਰੀ ਰਾਹੀਂ ਕਬਜ਼ਾ ਕਰ ਲਿਆ ਸੀ | ਉਦੋਂ ਤੋਂ ਹੀ ਇਹ ਗੱਲ ਸਾਫ਼ ਹੋ ਗਈ ਸੀ ਕਿ ਦੇਰ-ਸਵੇਰ ਐੱਨ ਡੀ ਟੀ ਵੀ ਅਡਾਨੀ ਦਾ ਹੋਣ ਵਾਲਾ ਹੈ | ਇਸ ਸਮੇਂ ਐੱਨ ਡੀ ਟੀ ਵੀ ਦੇ ਮਾਲਕ ਪ੍ਰਣਾਏ ਰਾਏ ਕੋਲ ਕੰਪਨੀ ਦੀ 15.49 ਫੀਸਦੀ ਤੇ ਉਨ੍ਹਾ ਦੀ ਪਤਨੀ ਕੋਲ 16.32 ਫ਼ੀਸਦੀ ਯਾਨੀ ਕੁੱਲ 32.24 ਫ਼ੀਸਦੀ ਹਿੱਸੇਦਾਰੀ ਹੈ |
ਇਸ ਚੈਨਲ ਉੱਤੇ ਕਬਜ਼ੇ ਲਈ ਅਡਾਨੀ ਗਰੁੱਪ ਨੇ ਸੇਬੀ ਨੂੰ ਦਰਖਾਸਤ ਦਿੱਤੀ ਸੀ ਕਿ ਉਨ੍ਹਾਂ ਨੂੰ ਖੱੁਲ੍ਹੀ ਪੇਸ਼ਕਸ਼ ਅਧੀਨ ਕੰਪਨੀ ਦੇ ਖੁਦਰਾ ਸ਼ੇਅਰ ਧਾਰਕਾਂ ਤੋਂ ਸ਼ੇਅਰ ਖਰੀਦਣ ਦੀ ਮਨਜ਼ੂਰੀ ਦਿੱਤੀ ਜਾਵੇ | ਇਸ ਦਰਖਾਸਤ ਉੱਤੇ ਕਾਰਵਾਈ ਕਰਦਿਆਂ ਸੇਬੀ ਨੇ ਅਡਾਨੀ ਸਮੂਹ ਨੂੰ ਖੱੁਲ੍ਹੇ ਬਜ਼ਾਰ ਵਿੱਚੋਂ ਸ਼ੇਅਰ ਖਰੀਦਣ ਦੀ ਮਨਜ਼ੂਰੀ ਦੇ ਦਿੱਤੀ ਹੈ | ਖੁੱਲ੍ਹੀ ਪੇਸ਼ਕਸ਼ ਅਧੀਨ ਅਡਾਨੀ ਗਰੁੱਪ ਨੇ ਪ੍ਰਤੀ ਸ਼ੇਅਰ ਕੀਮਤ 294 ਰੁਪਏ ਤੈਅ ਕੀਤੀ ਹੈ | ਅਡਾਨੀ ਗਰੁੱਪ ਦੀ ਖੱੁਲ੍ਹੀ ਪੇਸ਼ਕਸ਼ 22 ਨਵੰਬਰ ਤੋਂ ਸ਼ੁਰੂ ਹੋ ਕੇ 5 ਦਸੰਬਰ ਨੂੰ ਬੰਦ ਹੋ ਜਾਵੇਗੀ | ਇਸ ਤੋਂ ਪਹਿਲਾਂ ਅਡਾਨੀ ਸਮੂਹ ਦੀ ਯੋਜਨਾ ਖੁੱਲ੍ਹੀ ਪੇਸ਼ਕਸ਼ ਪਿਛਲੇ ਮਹੀਨੇ ਸ਼ੁਰੂ ਕਰਨ ਦੀ ਸੀ ਪਰ ਸੇਬੀ ਦੀ ਮਨਜ਼ੂਰੀ ਵਿੱਚ ਦੇਰੀ ਕਾਰਨ ਉਹ ਅਜਿਹਾ ਨਾ ਕਰ ਸਕਿਆ | ਇਸ ਸਮੇਂ ਖੁਦਰਾ ਸ਼ੇਅਰ ਧਾਰਕਾਂ ਕੋਲ ਕੰਪਨੀ ਦੇ 12.57 ਫ਼ੀਸਦੀ ਸ਼ੇਅਰ ਹਨ | ਕਾਰਪੋਰੇਟ ਸੰਸਥਾਵਾਂ ਕੋਲ ਕੰਪਨੀ ਦਾ 9.61 ਫ਼ੀਸਦੀ ਹਿੱਸਾ ਹੈ | ਵਿਦੇਸ਼ੀ ਨਿਵੇਸ਼ਕਾਂ ਕੋਲ 14.7 ਫੀਸਦੀ ਤੇ ਹੋਰਾਂ ਕੋਲ 1.67 ਫ਼ੀਸਦੀ ਸ਼ੇਅਰ ਹਨ |
ਅਡਾਨੀ ਸਮੂਹ ਵੱਲੋਂ ਖ਼ਰੀਦੀ ਗਈ ਕੰਪਨੀ ਵਿਸ਼ਵਪ੍ਰਧਾਨ ਕਮਰਸ਼ੀਅਲ ਪ੍ਰਾਈਵੇਟ ਲਿਮਟਿਡ ਨੇ ਅਗਸਤ ਵਿੱਚ ਏ ਐਮ ਜੀ ਮੀਡੀਆ ਨੈੱਟਵਰਕ ਤੇ ਅਡਾਨੀ ਇੰਟਰਪ੍ਰਾਈਜ਼ਜ਼ ਨਾਲ ਮਿਲ ਕੇ ਐਨ ਡੀ ਟੀ ਵੀ ਦੇ ਖੁਦਰਾ ਸ਼ੇਅਰ ਧਾਰਕਾਂ ਕੋਲੋਂ 26 ਫ਼ੀਸਦੀ ਸ਼ੇਅਰ, ਜੋ 1.67 ਕਰੋੜ ਬਣਦੇ ਹਨ, 294 ਰੁਪਏ ਪ੍ਰਤੀ ਸ਼ੇਅਰ ਦੀ ਦਰ ਉੱਤੇ 492.81 ਕਰੋੜ ਵਿੱਚ ਖਰੀਦਣ ਦੀ ਖੁੱਲ੍ਹੀ ਪੇਸ਼ਕਸ਼ ਦਾ ਪ੍ਰਸਤਾਵ ਰੱਖਿਆ ਸੀ | ਸੇਬੀ ਦੀ ਵੈੱਬਸਾਈਟ ਮੁਤਾਬਕ ਕਿਹਾ ਗਿਆ ਹੈ ਕਿ ਉਸ ਨੇ 7 ਨਵੰਬਰ ਨੂੰ ਪ੍ਰਸਤਾਵਿਤ 492.81 ਕਰੋੜ ਦੀ ਖੁੱਲ੍ਹੀ ਪੇਸ਼ਕਸ਼ ਨੂੰ ਆਪਣੀ ਮਨਜ਼ੂਰੀ ਦੇ ਦਿੱਤੀ ਹੈ | ਇਸ ਖੁੱਲ੍ਹੀ ਬੋਲੀ ਰਾਹੀਂ ਅਗਰ ਅਡਾਨੀ ਸਮੂਹ 26 ਫ਼ੀਸਦੀ ਸ਼ੇਅਰ ਖਰੀਦ ਲੈਂਦਾ ਹੈ ਤਾਂ ਉਸ ਕੋਲ ਕੰਪਨੀ ਦੀ 55 ਫ਼ੀਸਦੀ ਤੋਂ ਵੱਧ ਦੀ ਹਿੱਸੇਦਾਰੀ ਹੋ ਜਾਵੇਗੀ | ਇਸ ਦਾ ਮਤਲਬ ਹੈ ਕਿ ਕੰਪਨੀ ਦੇ ਮਾਲਕ ਪ੍ਰਣਾਏ ਗਏ ਤੇ ਰਾਧਿਕਾ ਰਾਏ ਦੀ ਥਾਂ ਗੌਤਮ ਅਡਾਨੀ ਹੋ ਜਾਣਗੇ | ਪ੍ਰਣਾਏ ਰਾਏ ਤੇ ਰਾਧਿਕਾ ਰਾਏ ਨੇ ਇਸ ਖੁੱਲ੍ਹੀ ਬੋਲੀ ਦਾ ਵਿਰੋਧ ਕੀਤਾ ਹੈ, ਪਰ ਜਦੋਂ ਹਕੂਮਤ ਅਡਾਨੀ ਨਾਲ ਖੜ੍ਹੀ ਹੈ ਤਾਂ ਇਸ ਵਿਰੋਧ ਦੀ ਕੋਈ ਕੀਮਤ ਨਹੀਂ ਰਹਿੰਦੀ | ਇਸ ਖੱੁਲ੍ਹੀ ਪੇਸ਼ਕਸ਼ ਦੀ ਸਫ਼ਲਤਾ ਦੇ ਨਾਲ ਹੀ ਸਾਡੇ ਸਭ ਤੋਂ ਵੱਡੇ ਲੋਕਤੰਤਰ ਵਿੱਚ ਪ੍ਰੈੱਸ ਦੀ ਅਜ਼ਾਦੀ ਲਈ ਰਾਹ ਦਿਖਾਉਂਦਾ ਆਖਰੀ ਚਿਰਾਗ ਵੀ ਬੁਝ ਜਾਵੇਗਾ |
-ਚੰਦ ਫਤਿਹਪੁਰੀ

LEAVE A REPLY

Please enter your comment!
Please enter your name here