ਨਵੀਂ ਦਿੱਲੀ : ਕਿਸਾਨਾਂ ਦੀਆਂ ਲਟਕਦੀਆਂ ਮੰਗਾਂ ‘ਤੇ ਕੇਂਦਰ ਵੱਲੋਂ ਦਿੱਤੇ ਭਰੋਸੇ ਨੂੰ ਪੂਰਾ ਨਾ ਕਰਨ ਦਾ ਦੋਸ਼ ਲਾਉਂਦਿਆਂ ਸੰਯੁਕਤ ਕਿਸਾਨ ਮੋਰਚਾ ਨੇ 26 ਨਵੰਬਰ ਨੂੰ ਦੇਸ਼-ਭਰ ਦੇ ਰਾਜ ਭਵਨਾਂ ਵੱਲ ਮਾਰਚ ਕਰਨ ਦਾ ਐਲਾਨ ਕੀਤਾ ਹੈ | ਇਸ ਤੋਂ ਇਲਾਵਾ 19 ਨਵੰਬਰ ਨੂੰ ‘ਫਤਹਿ ਦਿਵਸ’ ਵਜੋਂ ਮਨਾਇਆ ਜਾਵੇਗਾ, ਕਿਉਂਕਿ ਪਿਛਲੇ ਸਾਲ ਇਸ ਦਿਨ ਕੇਂਦਰ ਸਰਕਾਰ ਨੇ ਵਿਵਾਦਤ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੇ ਹੁਕਮ ਦਿੱਤੇ ਸਨ | 1 ਤੋਂ 11 ਦਸੰਬਰ ਤੱਕ ਸਾਰੀਆਂ ਸਿਆਸੀ ਪਾਰਟੀਆਂ ਦੇ ਲੋਕ ਸਭਾ, ਰਾਜ ਸਭਾ ਮੈਂਬਰਾਂ ਦੇ ਦਫਤਰਾਂ ਵੱਲ ਮਾਰਚ ਕੀਤਾ ਜਾਵੇਗਾ | ਮੋਰਚੇ ਦੇ ਨੇਤਾ ਦਰਸ਼ਨ ਪਾਲ ਨੇ ਕਿਹਾ ਕਿ ਕਿਸਾਨ ਅੰਦੋਲਨ ਦੇ ਅਗਲੇ ਪੜਾਅ ਬਾਰੇ ਫੈਸਲਾ ਲੈਣ ਲਈ 8 ਦਸੰਬਰ ਨੂੰ ਕਰਨਾਲ ‘ਚ ਸੰਯੁਕਤ ਕਿਸਾਨ ਮੋਰਚਾ ਦੀ ਮੀਟਿੰਗ ਹੋਵੇਗੀ |
ਪ੍ਰੈੱਸ ਕਾਨਫਰੰਸ, ਜਿਸ ਵਿਚ ਹਨਨ ਮੁੱਲ੍ਹਾ, ਯੁਧਵੀਰ ਸਿੰਘ, ਅਵੀਕ ਸ਼ਰਮਾ ਤੇ ਅਸ਼ੋਕ ਧਵਾਲੇ ਵੀ ਮੌਜੂਦ ਸਨ, ਵਿਚ ਆਗੂਆਂ ਨੇ ਕਿਹਾ ਕਿ ਘੱਟੋ-ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਰੰਟੀ ਅਤੇ ਬਿਜਲੀ ਬਿੱਲ ਵਾਪਸ ਲੈਣ ਆਦਿ ਬਾਰੇ ਲਿਖਤੀ ਭਰੋਸੇ ਲਾਗੂ ਨਾ ਕਰਕੇ ਸਰਕਾਰ ਨੇ ਕਿਸਾਨਾਂ ਨਾਲ ਧੋਖਾ ਕੀਤਾ ਹੈ | ਉਨ੍ਹਾਂ ਕਿਹਾ ਕਿ ‘ਕਰਜ਼ਾ ਮੁਕਤ-ਪੂਰਾ ਦਾਮ’ ਸਣੇ ਸਭ ਮੰਗਾਂ ਮਨਾਉਣ ਲਈ ਮੋਰਚੇ ਦੇ ਭਾਈਵਾਲ ਦੇਸ਼ਵਿਆਪੀ ਅੰਦੋਲਨ ਤੇਜ਼ ਕਰਨ ਲਈ ਕਮਰਕੱਸੇ ਕੱਸ ਲੈਣ | ਮੋਰਚੇ ਨੇ ਜੀ ਐੱਮ ਮਸਟਰਡ ਬੀਜ ਨੂੰ ਕਲੀਅਰ ਕਰਨ ਕਾਹਲੀ ਦਿਖਾਉਣ ਵਾਲੀ ਮੋਦੀ ਸਰਕਾਰ ਦੀ ਨਿੰਦਾ ਕੀਤੀ ਹੈ | ਉਸ ਨੇ ਕਿਹਾ ਹੈ ਕਿ ਇਸ ਨਾਲ ਬੀਜਾਂ ‘ਤੇ ਇਜਾਰੇਦਾਰੀ ਕਾਇਮ ਕਰਕੇ ਕਾਰਪੋਰੇਟ ਮੁਨਾਫਾ ਕਮਾਉਣਗੇ | ਬਿਨਾਂ ਵਿਗਿਆਨਕ ਖੋਜ ਦੇ ਇਹ ਬੀਜ ਬੀਜਣ ਨਾਲ ਵਾਤਾਵਰਣ ਦਾ ਨੁਕਸਾਨ ਹੋਵੇਗਾ | ਇਹ ਮਨੁੱਖਾਂ ਤੇ ਜਾਨਵਰਾਂ ਲਈ ਮਾਰੂ ਸਾਬਤ ਹੋਵੇਗਾ |
ਆਗੂਆਂ ਨੇ ਕਿਹਾ ਕਿ ਕੇਂਦਰ ਨੇ ਕਿਸਾਨਾਂ ਖਿਲਾਫ ਝੂਠੇ ਕੇਸ ਵੀ ਅਜੇ ਤੱਕ ਵਾਪਸ ਨਹੀਂ ਕਰਵਾਏ | ਲਖੀਮਪੁਰ ਖੀਰੀ ਵਿਚ ਕਿਸਾਨਾਂ ‘ਤੇ ਗੱਡੀ ਚੜ੍ਹਾਉਣ ਵਾਲੇ ਦਾ ਅਸ਼ੀਸ਼ ਮਿਸ਼ਰਾ ਦਾ ਪਿਤਾ ਅਜੇ ਵੀ ਕੇਂਦਰ ਵਿਚ ਮੰਤਰੀ ਹੈ |




