ਕਿਸਾਨਾਂ ਵੱਲੋਂ ਸੜਕਾਂ ਰੋਕਣੀਆਂ ਠੀਕ ਨਹੀਂ : ਮਾਨ

0
241

ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸ਼ੁੱਕਰਵਾਰ ਕਿਸਾਨ ਜਥੇਬੰਦੀਆਂ ‘ਤੇ ਵਰ੍ਹਦਿਆਂ ਕਿਹਾ ਕਿ ਉਹ ਆਪਣੀਆਂ ਮੰਗਾਂ ਮਨਾਉਣ ਲਈ ਸੜਕਾਂ ‘ਤੇ ਧਰਨੇ ਲਾ ਕੇ ਸੂਬਾ ਸਰਕਾਰ ਨੂੰ ਯਰਗਮਾਲ ਬਣਾ ਰਹੀਆਂ ਹਨ | ਉਨ੍ਹਾ ਦੋਸ਼ ਲਾਇਆ ਕਿ ਕੁਝ ਜਥੇਬੰਦੀਆਂ ਮਾਲੀ ਕਾਰਨਾਂ ਕਰਕੇ ਅਜਿਹਾ ਕਰ ਰਹੀਆਂ ਹਨ | ਮਾਨ ਨੇ ਕਿਹਾ—ਸੜਕਾਂ ਰੋਕ ਕੇ ਟਰੈਫਿਕ ਵਿਚ ਵਿਘਨ ਪਾਉਣਾ ਚੰਗਾ ਨਹੀਂ | ਧਰਨਾ ਲਾਉਣਾ ਇਕ ਰੁਝਾਨ ਬਣ ਗਿਆ ਹੈ | ਲੋਕ ਦੁਖੀ ਹੁੰਦੇ ਹਨ | ਹੁਣ ਤਕ ਲੋਕਾਂ ਦੀ ਕਿਸਾਨਾਂ ਨਾਲ ਹਮਦਰਦੀ ਹੈ, ਜੇ ਆਪਣੀਆਂ ਕਾਰਵਾਈਆਂ ਨਾਲ ਇਹ ਉਨ੍ਹਾਂ ਨੂੰ ਦੁਖੀ ਕਰਦੇ ਰਹੇ ਤਾਂ ਹਮਦਰਦੀ ਗੁਆ ਲੈਣਗੇ | ਜਮਹੂਰੀ ਢੰਗ ਨਾਲ ਪ੍ਰੋਟੈੱਸਟ ਕਰਨਾ ਕਿਸਾਨਾਂ ਦਾ ਹੱਕ ਹੈ ਪਰ ਕ੍ਰਿਪਾ ਕਰਕੇ ਉਹ ਵਿਧਾਇਕਾਂ ਤੇ ਮੰਤਰੀਆਂ ਦੇ ਘਰਾਂ ਅੱਗੇ ਜਾਂ ਡੀ ਸੀ ਦਫਤਰ ਅੱਗੇ ਧਰਨੇ ਲਾਉਣ |
ਮਾਨ ਨੇ ਕਿਹਾ ਕਿ ਕੁਝ ਕਿਸਾਨ ਜਥੇਬੰਦੀਆਂ ਆਪਣੀ ਹੋਂਦ ਜਤਾਉਣ ਲਈ ਪ੍ਰੋਟੈੱਸਟ ਕਰ ਰਹੀਆਂ ਹਨ | ਇਨ੍ਹਾਂ ਵਿੱਚੋਂ ਕੁਝ, ਸਾਰੀਆਂ ਨਹੀਂ, ਨੇ ਧਰਨਿਆਂ ਦੀ ਐਡਵਾਂਸ ਬੁਕਿੰਗ ਕਰ ਰੱਖੀ ਹੈ | ਉਹ ਪਹਿਲਾਂ ਸਰਕਾਰ ਨਾਲ ਮੀਟਿੰਗ ਲਈ ਧਰਨੇ ਮਾਰਦੀਆਂ ਹਨ, ਫਿਰ ਮੀਟਿੰਗ ਤੋਂ ਬਾਅਦ ਫੰਡ ਲਈ ਧਰਨੇ ਮਾਰਦੀਆਂ ਹਨ | ਇਸ ਬਿਆਨ ਤੋਂ ਬਾਅਦ ਭਾਰਤੀ ਕਿਸਾਨ ਯੂਨੀਅਨ (ਏਕਤਾ-ਸਿੱਧੂਪੁਰ) ਨੇ ਕੱਥੂਨੰਗਲ ਨੇੜੇ ਹਾਈਵੇਅ ‘ਤੇ ਲਾਇਆ ਧਰਨਾ ਹੋਰ ਤਿੱਖਾ ਕਰ ਦਿੱਤਾ | ਇਸ ਵੇਲੇ ਪੰਜਾਬ ਵਿਚ ਕੱਥੂਨੰਗਲ ਤੋਂ ਇਲਾਵਾ ਫਰੀਦਕੋਟ ਟਹਿਣਾ ਟੀ ਪੁਆਇੰਟ, ਮੁਕੇਰੀਆਂ ਸ਼ੂਗਰ ਮਿੱਲ ਨੇੜੇ, ਪਟਿਆਲਾ ਦੇ ਧਰੇੜੀ ਟੋਲ ਪਲਾਜ਼ਾ ਅਤੇ ਤਲਵੰਡੀ ਸਾਬੋ ਵਿਚ ਕਿਸਾਨ ਧਰਨੇ ਚਲ ਰਹੇ ਹਨ | ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਕਿਹਾ ਹੈ—ਮਾਨ ਖੁਦ ਕਿਸਾਨ ਹਨ | ਉਹ ਏਨੇ ਅਸੰਵੇਦਨਸ਼ੀਲ ਕਿਵੇਂ ਹੋ ਸਕਦੇ ਹਨ? ਸਿਰਫ 10 ਫੀਸਦੀ ਮੂੰਗੀ ਦੀ ਸਰਕਾਰੀ ਖਰੀਦ ਹੋਈ | ਅਸੀਂ ਮੰਗਾਂ ਨਾ ਮੰਨੇ ਜਾਣ ਕਾਰਨ ਧਰਨੇ ਲਾਉਣ ਲਈ ਮਜਬੂਰ ਹੋਏ | ਸਦਮਾ ਪੁੱਜਾ ਹੈ ਕਿ ਮੁੱਖ ਮੰਤਰੀ ਨੇ ਸਾਡੀਆਂ ਕੁਰਬਾਨੀਆਂ ਤੇ ਜੱਦੋਜਹਿਦਾਂ ਨੂੰ ਵਿਸਾਰ ਦਿੱਤਾ |

LEAVE A REPLY

Please enter your comment!
Please enter your name here