ਚੰਡੀਗੜ੍ਹ : ਚੰਡੀਗੜ੍ਹ ਵਿਚ ਹਰਿਆਣਾ ਸਰਕਾਰ ਵੱਲੋਂ ਵੱਖਰੀ ਵਿਧਾਨ ਸਭਾ ਦੀ ਉਸਾਰੀ ਵਾਸਤੇ ਉਠਾਏ ਗਏ ਮਸਲੇ ਦੀ ਸੀ ਪੀ ਆਈ ਵੱਲੋਂ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ ਗਈ ਹੈ | ਮੰਗਲਵਾਰ ਇਥੇ ਪੰਜਾਬ ਸੀ ਪੀ ਆਈ ਦੇ ਸਕੱਤਰ ਬੰਤ ਸਿੰਘ ਬਰਾੜ ਨੇ ਕਿਹਾ ਕਿ ਪੰਜਾਬ ਸੀ ਪੀ ਆਈ ਅਤੇ ਸਾਰੀਆਂ ਖੱਬੀਆਂ ਸ਼ਕਤੀਆਂ ਦਾ ਸ਼ੁਰੂ ਤੋਂ ਹੀ ਸਟੈਂਡ ਰਿਹਾ ਹੈ ਕਿ ਚੰਡੀਗੜ੍ਹ ਨੂੰ ਪੰਜਾਬ ਦੀ ਵੰਡ ਵੇਲੇ ਹੀ ਪੰਜਾਬ ਨੂੰ ਦਿੱਤਾ ਜਾਣਾ ਚਾਹੀਦਾ ਸੀ ਤੇ ਹੁਣ ਵੀ ਚੰਡੀਗੜ੍ਹ ‘ਤੇ ਸਿਰਫ ਪੰਜਾਬ ਦਾ ਹੀ ਹੱਕ ਹੈ | ਉਹਨਾ ਕਿਹਾ ਕਿ ਬੜੀ ਅਜੀਬ ਅਤੇ ਹਾਸੋਹੀਣੀ ਗੱਲ ਹੈ ਕਿ ਹਰਿਆਣਾ ਸਰਕਾਰ ਨੇ ਕਿਹਾ ਹੈ ਕਿ ਉਹ ਦਸ ਏਕੜ ਜ਼ਮੀਨ ਪੰਚਕੂਲਾ ਦੇ ਚੰਡੀਗੜ੍ਹ ਨਾਲ ਲਗਦੇ ਬਾਰਡਰ ਤੋਂ ਚੰਡੀਗੜ੍ਹ ਯੂ ਟੀ ਨੂੰ ਦੇ ਕੇ ਰੇਲਵੇ ਸਟੇਸ਼ਨ ਨੇੜੇ ਮੱਧ-ਮਾਰਗ ਦੀਆਂ ਲਾਈਟਾਂ ਤੇ ਚੰਡੀਗੜ੍ਹ ਵਿਖੇ ਵਿਧਾਨ ਸਭਾ ਸਥਾਪਤ ਕਰਨ ਦੀ ਕੇਂਦਰ ਤੋਂ ਇਜਾਜ਼ਤ ਮੰਗਦੇ ਹਨ | ਸਾਥੀ ਬਰਾੜ ਨੇ ਕਿਹਾ ਕਿ ਹਰਿਆਣਾ ਸਰਕਾਰ ਖੁਦ ਪੰਚਕੂਲਾ ਦੀ ਧਰਤੀ ‘ਤੇ ਜਾ ਕੇ ਹੀ ਆਪਣੀ ਵਿਧਾਨ ਸਭਾ ਕਾਇਮ ਕਰ ਸਕਦੀ ਹੈ | ਸਾਥੀ ਬਰਾੜ ਨੇ ਭਾਜਪਾ ‘ਤੇ ਦੋਸ਼ ਲਾਇਆ ਕਿ ਉਹ ਅਜਿਹੇ ਭੜਕਾਊ ਬਿਆਨ ਦੇ ਕੇ ਪੰਜਾਬ ਦੇ ਪਹਿਲਾਂ ਹੀ ਏਜੰਸੀਆਂ ਅਤੇ ਫਿਰਕੂ ਸ਼ਕਤੀਆਂ ਵੱਲੋਂ ਵਿਗਾੜੇ ਜਾ ਰਹੇ ਮਹੌਲ ਨੂੰ ਤਬਾਹਕੁਨ ਸਥਿਤੀਆਂ ਵਿਚ ਬਦਲਣ ਦੀ ਕੋਸ਼ਿਸ਼ ਕਰ ਰਹੀ ਹੈ | ਉਹਨਾ ਚਿੰਤਾ ਪ੍ਰਗਟ ਕਰਦਿਆਂ ਆਖਿਆ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਇਹਨਾਂ ਪੰਜਾਬ ਵਿਰੋਧੀ ਮੁੱਦਿਆਂ ‘ਤੇ ਨਰਮ ਰੁਖ ਅਖਤਿਆਰ ਕਰ ਰਹੀ ਹੈ | ਉਹਨਾ ਅਪੀਲ ਕੀਤੀ ਕਿ ਸਮੁੱਚੇ ਪੰਜਾਬੀਆਂ ਨੂੰ ਇਕਮੁਠ ਹੋ ਕੇ ਅਜਿਹੇ ਪੰਜਾਬ-ਵਿਰੋਧੀ ਕਦਮਾਂ ਦਾ ਜ਼ੋਰਦਾਰ ਵਿਰੋਧ ਕਰਨਾ ਚਾਹੀਦਾ ਹੈ |




