23.9 C
Jalandhar
Sunday, October 1, 2023
spot_img

ਵੋਟਾਂ ਖਰੀਦਣ ਦਾ ਮਹਾਂ-ਘੁਟਾਲਾ

ਬਿਨਾਂ ਸ਼ੱਕ ਪਾਕਿਸਤਾਨ ਵਾਲੇ ਪਾਸੇ ਕੀਤੀ ਗਈ ਏਅਰ ਸਟਰਾਈਕ ਨੇ ਮੋਦੀ ਦੀ ਅਗਵਾਈ ਵਿੱਚ ਭਾਜਪਾ ਦੇ 2019 ਦੀਆਂ ਲੋਕ ਸਭਾ ਚੋਣਾਂ ਜਿੱਤਣ ਵਿੱਚ ਵੱਡਾ ਹਿੱਸਾ ਪਾਇਆ ਸੀ | ਸਾਡੀ ਸਮਝ ਅਨੁਸਾਰ ਇਸ ਤੋਂ ਵੀ ਵੱਡਾ ਹਿੱਸਾ ‘ਪ੍ਰਧਾਨ ਮੰਤਰੀ ਕਿਸਾਨ ਸਨਮਾਨ ਯੋਜਨਾ’ ਰਾਹੀਂ ਦੇਸ਼ ਦੇ ਵੱਡੇ ਵੋਟਰ ਹਿੱਸੇ ਨੂੰ ਨਗਦ ਰਕਮ ਦੇ ਲਾਲਚ ਰਾਹੀਂ ਆਪਣੇ ਨਾਲ ਜੋੜਨ ਦਾ ਰਿਹਾ ਸੀ | ਲੋਕ ਸਭਾ ਦੀਆਂ 2019 ਦੀਆਂ ਚੋਣਾਂ 11 ਅਪੈ੍ਰਲ ਤੋਂ 19 ਮਈ ਤੱਕ ਪਈਆਂ ਸਨ | ਚੋਣਾਂ ਤੋਂ ਐਨ ਪਹਿਲਾਂ ਫਰਵਰੀ 2019 ਵਿੱਚ ਦੇਸ਼ ਭਰ ਦੇ 11.84 ਕਰੋੜ ਕਿਸਾਨਾਂ ਦੇ ਖਾਤਿਆਂ ਵਿੱਚ ਇਸ ਯੋਜਨਾ ਅਧੀਨ ਦੋ-ਦੋ ਹਜ਼ਾਰ ਦੀ ਪਹਿਲੀ ਕਿਸ਼ਤ ਪਾਈ ਗਈ ਸੀ |
ਲੋਕ ਸਭਾ ਚੋਣਾਂ ਸਮੇਂ ਦੇਸ਼ ਦੇ ਕੁੱਲ ਵੋਟਰਾਂ ਦੀ ਗਿਣਤੀ 91 ਕਰੋੜ 20 ਲੱਖ ਸੀ | ਚੋਣਾਂ ਵਿੱਚ 67.1 ਫੀਸਦੀ ਵੋਟਰਾਂ ਨੇ ਵੋਟ ਪਾਈ ਸੀ, ਜੋ 61 ਕਰੋੜ 10 ਲੱਖ ਬਣਦੇ ਹਨ | ਕਿਸਾਨ ਸਨਮਾਨ ਰਾਸ਼ੀ ਪ੍ਰਾਪਤ ਕਰਨ ਵਾਲੇ 11.84 ਕਰੋੜ ਕਿਸਾਨਾਂ ਦੀਆਂ ਔਸਤਨ 3 ਦੇ ਹਿਸਾਬ ਨਾਲ ਵੋਟਾਂ ਗਿਣੀਆਂ ਜਾਣ ਤਾਂ ਇਹ 35 ਕਰੋੜ ਤੋਂ ਵੱਧ ਬਣਦੀਆਂ ਹਨ | ਅਸਲ ਵਿੱਚ ਹੋਇਆ ਕੀ? ‘ਪ੍ਰਧਾਨ ਮੰਤਰੀ ਕਿਸਾਨ ਸਨਮਾਨ ਯੋਜਨਾ’ ਅਧੀਨ 5 ਏਕੜ ਤੋਂ ਘੱਟ ਜ਼ਮੀਨ ਵਾਲੇ ਕਿਸਾਨਾਂ ਨੂੰ 6 ਹਜ਼ਾਰ ਰੁਪਏ ਸਾਲਾਨਾ 3 ਕਿਸ਼ਤਾਂ ਵਿੱਚ ਦਿੱਤੇ ਜਾਣੇ ਸਨ, ਪਰ ਚੋਣਾਂ ਵਿੱਚ ਲਾਹਾ ਲੈਣ ਲਈ 5 ਏਕੜ ਵਾਲੀ ਹੱਦ ਨੂੰ ਦਰਕਿਨਾਰ ਕਰਕੇ ਹਰ ਕਿਸਾਨ, ਭਾਵੇਂ ਉਸ ਦੀ ਮਾਲਕੀ ਕਿੰਨੀ ਵੀ ਸੀ, ਨੂੰ ਵੀ ਇਸ ਯੋਜਨਾ ਵਿੱਚ ਸ਼ਾਮਲ ਕਰ ਲਿਆ ਗਿਆ | ਇਸ ਦੇ ਬਲਬੂਤੇ ਭਾਜਪਾ ਨੇ ਚੋਣਾਂ ਵਿੱਚ ਵੱਡੀ ਜਿੱਤ ਪ੍ਰਾਪਤ ਕਰ ਲਈ ਸੀ | ਚੋਣਾਂ ਜਿੱਤਣ ਤੋਂ ਬਾਅਦ ਇਸ ਕਾਨੂੰਨੀ ਕੁਰੱਪਸ਼ਨ ਦੇ ਵੱਡ-ਅਕਾਰੀ ਘਪਲੇ ਨੂੰ ਲਕੋਣ ਲਈ ਯੋਜਨਾ ਵਿੱਚ ਸ਼ਾਮਲ ਕਿਸਾਨਾਂ ਦੀ ਗਿਣਤੀ ਪੜਾਅ-ਦਰ-ਪੜਾਅ ਘਟਾਉਣੀ ਸ਼ੁਰੂ ਕਰ ਦਿੱਤੀ ਗਈ ਤਾਂ ਜੋ ਇੱਕਦਮ ਘਟਾਉਣ ਉੱਤੇ ਪੈਣ ਵਾਲੇ ਰੌਲੇ ਤੋਂ ਬਚਿਆ ਜਾ ਸਕੇ |
ਸੂਚਨਾ ਅਧਿਕਾਰ ਕਾਰਕੁਨ ਕਨੱ੍ਹਈਆ ਕੁਮਾਰ ਵੱਲੋਂ ਮੰਗੀ ਗਈ ਜਾਣਕਾਰੀ ਦੇ ਜਵਾਬ ਵਿੱਚ ਕੇਂਦਰੀ ਖੇਤੀ ਮੰਤਰਾਲੇ ਵੱਲੋਂ ਦਿੱਤੀ ਗਈ ਜਾਣਕਾਰੀ ਸਾਰੀ ਹਕੀਕਤ ਸਪੱਸ਼ਟ ਕਰ ਦਿੰਦੀ ਹੈ | ਇਸ ਜਾਣਕਾਰੀ ਮੁਤਾਬਕ ਫਰਵਰੀ 2019 ਵਿੱਚ ਇਸ ਯੋਜਨਾ ਅਧੀਨ 11.84 ਕਰੋੜ ਕਿਸਾਨਾਂ ਨੂੰ ਪਹਿਲੀ ਕਿਸ਼ਤ ਮਿਲੀ ਸੀ, ਦੂਜੇ ਪਾਸੇ ਇਸ ਸਾਲ ਮਈ-ਜੂਨ ਵਿੱਚ 11ਵੀਂ ਕਿਸ਼ਤ ਸਿਰਫ਼ 3.87 ਕਰੋੜ ਕਿਸਾਨਾਂ ਨੂੰ ਮਿਲੀ ਹੈ | ਇਸ ਦਾ ਮਤਲਬ ਹੈ ਕਿ 8 ਕਰੋੜ ਦੇ ਕਰੀਬ ਉਹ ਕਿਸਾਨ ਯੋਜਨਾ ਤੋਂ ਬਾਹਰ ਕਰ ਦਿੱਤੇ ਗਏ ਹਨ, ਜਿਹੜੇ ਸਿਰਫ਼ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਵੋਟਾਂ ਹਾਸਲ ਕਰਨ ਲਈ ਸ਼ਾਮਲ ਕੀਤੇ ਗਏ ਸਨ |
ਖੇਤੀ ਮੰਤਰਾਲੇ ਵੱਲੋਂ ਪ੍ਰਾਪਤ ਜਾਣਕਾਰੀ ਅਨੁਸਾਰ ਸੰਨ 2020 ਵਿੱਚ ਦਿੱਤੀ ਗਈ ਛੇਵੀਂ ਕਿਸ਼ਤ ਤੋਂ ਹੀ ਕਿਸਾਨਾਂ ਦੀ ਕਟੌਤੀ ਸ਼ੁਰੂ ਹੋ ਗਈ ਸੀ | ਛੇਵੀਂ ਕਿਸ਼ਤ 9.87 ਕਰੋੜ ਕਿਸਾਨਾਂ ਨੂੰ , ਸੱਤਵੀਂ ਕਿਸ਼ਤ 9.30 ਕਰੋੜ ਕਿਸਾਨਾਂ ਨੂੰ , ਅੱਠਵੀਂ ਕਿਸ਼ਤ 8.59 ਕਰੋੜ ਕਿਸਾਨਾਂ ਨੂੰ , ਨੌਵੀਂ ਕਿਸ਼ਤ 7.66 ਕਰੋੜ ਕਿਸਾਨਾਂ ਨੂੰ , ਦਸਵੀਂ ਕਿਸ਼ਤ 6.34 ਕਰੋੜ ਕਿਸਾਨਾਂ ਨੂੰ ਤੇ 11ਵੀਂ ਕਿਸ਼ਤ 3.87 ਕਰੋੜ ਕਿਸਾਨਾਂ ਨੂੰ ਦਿੱਤੀ ਗਈ ਸੀ | ਬਾਹਰਵੀਂ ਕਿਸ਼ਤ, ਜੋ ਅਕਤੂਬਰ ਵਿੱਚ ਦਿੱਤੀ ਗਈ ਹੈ, ਦਾ ਵੇਰਵਾ ਪ੍ਰਾਪਤ ਨਹੀਂ ਹੋਇਆ |
ਇਸ ਜਾਣਕਾਰੀ ਵਿੱਚ 22 ਰਾਜਾਂ ਦੇ ਅੰਕੜੇ ਵੀ ਦਿੱਤੇ ਗਏ ਹਨ | ਇਸ ਮੁਤਾਬਕ ਮੱਧ ਪ੍ਰਦੇਸ਼ ਵਿੱਚ ਇਸ ਯੋਜਨਾ ਅਧੀਨ ਸਹਾਇਤਾ ਪ੍ਰਾਪਤ ਕਰਨ ਵਾਲੇ ਕਿਸਾਨਾਂ ਦੀ ਗਿਣਤੀ ਸਭ ਤੋਂ ਵੱਧ ਘਟੀ ਹੈ | ਮੱਧ ਪ੍ਰਦੇਸ਼ ਵਿੱਚ ਪਹਿਲੀ ਕਿਸ਼ਤ ਪ੍ਰਾਪਤ ਕਰਨ ਵਾਲੇ 88.63 ਲੱਖ ਦੀ ਥਾਂ ਗਿਆਰ੍ਹਵੀਂ ਕਿਸ਼ਤ ਹਾਸਲ ਕਰਨ ਵਾਲੇ ਸਿਰਫ਼ 12 ਹਜ਼ਾਰ 53 ਰਹਿ ਗਏ ਹਨ | ਮੇਘਾਲਿਆ ਵਿੱਚ ਇਹ ਗਿਣਤੀ ਪਹਿਲੀ ਕਿਸ਼ਤ ਸਮੇਂ 1.95 ਲੱਖ ਤੋਂ ਘਟ ਕੇ ਗਿਆਰ੍ਹਵੀਂ ਕਿਸ਼ਤ ਮੌਕੇ ਸਿਰਫ਼ 627 ਰਹਿ ਗਈ ਹੈ | ਮਹਾਰਾਸ਼ਟਰ ਵਿੱਚ ਪਹਿਲੀ ਕਿਸ਼ਤ ਦੇ 1.09 ਕਰੋੜ ਲਾਭਕਾਰੀਆਂ ਦੀ ਗਿਣਤੀ ਗਿਆਰ੍ਹਵੀਂ ਕਿਸ਼ਤ ਵਿੱਚ 37.51 ਲੱਖ ਰਹਿ ਗਈ ਹੈ | ਪੰਜਾਬ ਵਿੱਚ ਪਹਿਲੀ ਕਿਸ਼ਤ ਵਾਲੇ 23.34 ਲੱਖ ਕਿਸਾਨਾਂ ਦੀ ਗਿਣਤੀ ਗਿਆਰ੍ਹਵੀਂ ਕਿਸ਼ਤ ਮੌਕੇ 11.31 ਲੱਖ ਰਹਿ ਗਈ ਹੈ | ਗੁਜਰਾਤ ਵਿੱਚ ਇਹ ਗਿਣਤੀ 63.13 ਲੱਖ ਤੋਂ ਘਟ ਕੇ 28.41 ਲੱਖ ਹੋ ਗਈ ਹੈ |
ਉਪਰੋਕਤ ਅੰਕੜੇ ਸਾਫ਼ ਦੱਸਦੇ ਹਨ ਕਿ ਆਪਣਾ ਮਕਸਦ ਪੂਰਾ ਹੋਣ ਤੋਂ ਬਾਅਦ ਸਰਕਾਰ ਇਸ ਯੋਜਨਾ ਦਾ ਹੀ ਭੋਗ ਪਾਉਣ ਜਾ ਰਹੀ ਹੈ | ਹਕੂਮਤੀ ਕੁਰਸੀਆਂ ‘ਤੇ ਬੈਠੇ ਲੋਕ ਜਾਣਦੇ ਹਨ ਕਿਸੇ ਵੀ ਯੋਜਨਾ ਦਾ ਲਾਭ ਲੰਮੇ ਸਮੇਂ ਤੱਕ ਨਹੀਂ ਰਹਿੰਦਾ | ਇਸ ਲਈ ਸਰਕਾਰ ਦੇ ਨੀਤੀ ਘਾੜੇ ਹੁਣ ਕੋਈ ਨਵੀਂ ਯੋਜਨਾ ਲੈ ਕੇ ਆਉਣ ਦੀ ਤਿਆਰੀ ਕਰ ਰਹੇ ਹੋਣਗੇ | ਇੱਕ ਗੱਲ ਸਪੱਸ਼ਟ ਹੈ ਕਿ ਇਸ ਸਰਕਾਰ ਅਧੀਨ ਚੋਣ ਅਮਲ ਹੁਣ ਸਾਫ਼-ਸੁਥਰਾ ਨਹੀਂ ਰਿਹਾ | ਚੋਣ ਬਾਂਡਾਂ ਰਾਹੀਂ ਧਨ ਇਕੱਠਾ ਕਰਨ ਤੇ ਕਿਸਾਨ ਸਨਮਾਨ ਯੋਜਨਾ ਵਰਗੇ ਗੱਫਿਆਂ ਰਾਹੀਂ ਵੋਟਾਂ ਹਾਸਲ ਕਰਨ ਦੇ ਅਮਲ ਰਾਹੀਂ ਇਸ ਸਰਕਾਰ ਨੇ ਵੋਟਾਂ ਖਰੀਦਣ ਦੀ ਕਾਰਵਾਈ ਨੂੰ ਕਾਨੂੰਨ ਜਾਮਾ ਪਹਿਨਾਅ ਦਿੱਤਾ ਹੈ | ਸਰਕਾਰੀ ਯੋਜਨਾ ਰਾਹੀਂ ਲੋਕਾਂ ਦੀਆਂ ਵੋਟਾਂ ਖਰੀਦਣ ਦਾ ਇਹ ਅਜ਼ਾਦ ਭਾਰਤ ਦੇ ਇਤਿਹਾਸ ਦਾ ਸਭ ਤੋਂ ਵੱਡਾ ਘੁਟਾਲਾ ਸਾਬਤ ਹੋ ਚੁੱਕਾ ਹੈ | ਚੋਣ ਅਮਲ ਲੋਕਤੰਤਰ ਦੀ ਬੁਨਿਆਦ ਹੁੰਦਾ ਹੈ, ਇਸ ਨੂੰ ਮੁੜ ਲੀਹ ਉੱਤੇ ਲਿਆਉਣ ਲਈ ਫਾਸ਼ੀਵਾਦ ਵਿਰੁੱਧ ਲੜ ਰਹੀਆਂ ਧਿਰਾਂ ਨੂੰ ਲੰਮੀ ਲੜਾਈ ਲੜਨੀ ਪਵੇਗੀ |
-ਚੰਦ ਫਤਿਹਪੁਰੀ

Related Articles

LEAVE A REPLY

Please enter your comment!
Please enter your name here

Latest Articles