ਬੁਢਲਾਡਾ (ਅਸੋਕ ਲਾਕੜਾ)-ਇਥੇ ਸੀ ਪੀ ਆਈ ਸਬ-ਡਵੀਜ਼ਨ ਬੁਢਲਾਡਾ ਦੀ ਜਨਰਲ ਬਾਡੀ ਮੀਟਿੰਗ ਹਰਮੀਤ ਸਿੰਘ ਬੋੜਾਵਾਲ ਦੀ ਪ੍ਰਧਾਨਗੀ ਅਤੇ ਤਹਿਸੀਲ ਸਕੱਤਰ ਵੇਦ ਪ੍ਰਕਾਸ਼ ਬੁਢਲਾਡਾ ਦੀ ਅਗਵਾਈ ਹੇਠ ਹੋਈ | ਇਸ ਮੌਕੇ ਜ਼ਿਲ੍ਹਾ ਸਕੱਤਰ ਕਿ੍ਸ਼ਨ ਚੌਹਾਨ, ਸਹਾਇਕ ਸਕੱਤਰ ਸੀਤਾ ਰਾਮ ਗੋਬਿੰਦਪੁਰਾ ਅਤੇ ਕਿਸਾਨ ਆਗੂ ਮਲਕੀਤ ਸਿੰਘ ਮੰਦਰਾਂ ਸ਼ਾਮਲ ਹੋਏ |
ਮੀਟਿੰਗ ਨੂੰ ਸੰਬੋਧਨ ਕਰਦਿਆਂ ਸੀ ਪੀ ਆਈ ਨੈਸ਼ਨਲ ਕੌਂਸਲ ਮੈਂਬਰ ਅਤੇ ਸਾਬਕਾ ਵਿਧਾਇਕ ਹਰਦੇਵ ਸਿੰਘ ਅਰਸ਼ੀ ਨੇ ਪਾਰਟੀ ਦੀ ਨੈਸ਼ਨਲ ਕਾਨਫਰੰਸ਼ ਰਿਪੋਰਟਿੰਗ ਪੇਸ਼ ਕਰਦਿਆਂ ਕਿਹਾ ਕਿ ਦੇਸ਼ ਅਤੇ ਸੰਵਿਧਾਨ ਵਿਰੋਧੀ ਵਰਤਮਾਨ ਫਾਸ਼ੀਵਾਦੀ ਤਾਕਤਾਂ ਨੂੰ ਲਾਂਭੇ ਕਰਨਾ ਅਤੇ ਸੰਘਰਸ਼ ਸਮੇਂ ਦੀ ਮੁੱਖ ਲੋੜ ਹੈ, ਕਿਉਕਿ ਘੱਟ ਗਿਣਤੀਆਂ ਅਤੇ ਦਲਿਤਾਂ ‘ਤੇ ਹੋ ਰਹੇ ਅੱਤਿਆਚਾਰ ਨਾਲ ਦੇਸ਼ ਦੀ ਭਾਈਚਾਰਕ ਏਕਤਾ ਨੂੰ ਤੋੜਿਆ ਜਾ ਰਿਹਾ ਹੈ | ਉਨ੍ਹਾ ਕਿਹਾ ਕਿ ਫਿਰਕਾਪ੍ਰਸਤੀ ਦੀ ਜ਼ਹਿਰ ਕਾਰਨ ਟੁੱਟ ਰਹੀ ਭਾਈਚਾਰਕ ਸਾਂਝ ਵੱਡੀ ਸਮੱਸਿਆ ਬਣ ਚੁੱਕੀ ਹੈ, ਜਿਸ ਕਾਰਨ ਦੇਸ਼ ਦੀ ਆਰਥਕ, ਸਮਾਜਕ ਅਤੇ ਰਾਜਨੀਤਕ ਸਥਿਤੀ ਡਾਵਾਂ-ਡੋਲ ਹੋ ਰਹੀ ਹੈ ਅਤੇ ਦੇਸ਼ ਦਾ ਸਰਮਾਇਆ ਕੇਵਲ ਚੰਦ ਘਰਾਣਿਆਂ ਅਡਾਨੀ ਤੇ ਅੰਬਾਨੀ ਨੂੰ ਦਿੱਤਾ ਜਾ ਰਿਹਾ ਹੈ, ਜਿਸ ਦੀ ਰਾਖੀ ਲਈ ਦੇਸ਼ ਦੀਆਂ ਧਰਮ ਨਿਰਪੱਖ ਤਾਕਤਾਂ ਅਤੇ ਸੰਘਰਸ਼ਸ਼ੀਲ ਸ਼ਕਤੀਆਂ ਨੂੰ ਇੱਕ ਥਾਂ ਇਕੱਠੇ ਕਰਨ ਲਈ ਮਜ਼ਬੂਤ ਧਿਰ ਨੂੰ ਉਸਾਰਨਾ ਹੋਵੇਗਾ |
ਇਸ ਮੌਕੇ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਹੀਦੀ ਦਿਹਾੜੇ ਉਤੇ ਉਹਨਾ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਲੋਕ ਹਿੱਤਾਂ ਲਈ ਲੜਨ ਵਾਲੇ ਗੁਰੂਆਂ ਦੇ ਦੱਸੇ ਮਾਰਗ ‘ਤੇ ਚੱਲਣ ਦੀ ਅਪੀਲ ਕੀਤੀ ਗਈ | ਮੀਟਿੰਗ ਦੌਰਾਨ 30 ਨਵੰਬਰ ਦੇ ਖੇਤ ਮਜ਼ਦੂਰਾਂ ਦੇ ਸੰਗਰੂਰ ਸੰਘਰਸ਼ ਦੀ ਪੂਰਨ ਹਮਾਇਤ ਕੀਤੀ ਤੇ ਵੱਡੀ ਗਿਣਤੀ ਵਿਚ ਸਾਥੀਆਂ ਨੂੰ ਪੁੱਜਣ ਦੀ ਅਪੀਲ ਕੀਤੀ | 7 ਦਸੰਬਰ ਨੂੰ ਧਰਮ ਸਿੰਘ ਫੱਕਰ ਅਤੇ ਬੂਟਾ ਸਿੰਘ ਦੀ ਬਰਸੀ ਨੂੰ ਸਰਰਪਿਤ ਹੋ ਰਹੀ ਕਾਨਫਰੰਸ ਵਿਚ ਸਾਥੀਆਂ ਦੀ ਡਿਊਟੀ ਲਗਾਈ ਗਈ |
ਇਸ ਮੌਕੇ ਸੀ ਪੀ ਆਈ ਦੇ ਸਹਿਰੀ ਸਕੱਤਰ ਰਘੁਨਾਥ ਸਿੰਗਲਾ, ਮਲਕੀਤ ਸਿੰਘ ਬਖਸ਼ੀਵਾਲਾ, ਹਰਦਿਆਲ ਸਿੰਘ, ਕਰਨੈਲ ਸਿੰਘ ਦਾਤੇਵਾਸ, ਸੰਤੋਸ਼ ਰਾਣੀ ਬੁਢਲਾਡਾ, ਹਰੀ ਸਿੰਘ ਅੱਕਾਂਵਾਲੀ, ਗੁਰਨਾਮ ਸਿੰਘ ਟਾਹਲੀਆਂ, ਜੋਗਾ ਸਿੰਘ ਟਾਹਲੀਆਂ, ਜੱਗਾ ਸਿੰਘ ਸ਼ੇਰ ਖਾਂ ਵਾਲਾ, ਕਾਮਰੇਡ ਰਾਏਕੇ, ਮਨਪ੍ਰੀਤ ਸਿੰਘ ਫਰੀਦਕੇ, ਰਾਜਵਿੰਦਰ ਸਿੰਘ ਚੱਕ ਭਾਈਕੇ, ਮੱਖਣ ਸਿੰਘ ਰੰਘੜਿਆਲ, ਹਰਪ੍ਰੀਤ ਸਿੰਘ ਬੋੜਾਵਾਲ, ਜਗਨਨਾਥ ਬੋਹਾ, ਬੰਬੂ ਸਿੰਘ, ਪਵਨ ਕੁਮਾਰ ਤੇ ਅਸ਼ੋਕ ਕੁਮਾਰ ਲਾਕੜਾ ਆਦਿ ਹਾਜ਼ਰ ਸਨ |