ਚੰਡੀਗੜ੍ਹ : ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਹੈ ਕਿ ਸਰਕਾਰ 2008 ‘ਚ ਅੰਮਿ੍ਤਸਰ ‘ਚ ਕੌਮਾਂਤਰੀ ਸਰਹੱਦ ਨੇੜੇ ਇਕ ਬੀਜ ਫਾਰਮ ਸਥਾਪਤ ਕਰਨ ਲਈ 32 ਕਰੋੜ ਰੁਪਏ ‘ਚ ਜ਼ਮੀਨ ਖਰੀਦੇ ਜਾਣ ‘ਚ ਕਥਿਤ ਬੇਨੇਮੀਆਂ ਦੀ ਜਾਂਚ ਕਰੇਗੀ | ਉਨ੍ਹਾ ਕਿਹਾ ਕਿ ਰਾਣੀਆਂ ਪਿੰਡ ‘ਚ ਸਰਹੱਦ ਕੋਲ 700 ਏਕੜ ਜ਼ਮੀਨ ਖੇਤੀਬਾੜੀ ਵਿਭਾਗ ਵੱਲੋਂ ‘ਕਾਫੀ ਜ਼ਿਆਦਾ’ ਕੀਮਤ ‘ਤੇ ਖਰੀਦੀ ਗਈ ਸੀ | ਬਾਦਲ ਸਰਕਾਰ ਦੌਰਾਨ ਸੁੱਚਾ ਸਿੰਘ ਲੰਗਾਹ ਦੇ ਖੇਤੀਬਾੜੀ ਮੰਤਰੀ ਹੁੰਦਿਆਂ ਇਹ ਜ਼ਮੀਨ ਖਰੀਦੀ ਗਈ ਸੀ ਤੇ ਉਦੋਂ ਕਾਹਨ ਸਿੰਘ ਪੰਨੂੰ ਅੰਮਿ੍ਤਸਰ ਦੇ ਡਿਪਟੀ ਕਮਿਸ਼ਨਰ ਸਨ |