ਜਲੰਧਰ. (ਰਾਜੇਸ਼ ਥਾਪਾ) 1949 ਵਿੱਚ ਵਿਸ਼ਵ ਯੁੱਧ ਕਾਰਨ ਦੁਨੀਆ ਵਿੱਚ ਕੀਤੇ ਗਏ ਘਾਣ ਤੋਂ ਸਬਕ ਲੈਂਦਿਆਂ ਅੱਗੇ ਤੋਂ ਹੋਰ ਕੋਈ ਵਿਸ਼ਵ ਯੁੱਧ ਜਾਂ ਨਿਊਕਲੀਅਰ ਯੁੱਧ ਨਾ ਹੋਵੇ, ਦੀ ਭਾਵਨਾ ਨਾਲ ਦੁਨੀਆ ਦੇ ਅਲੱਗ-ਅਲੱਗ ਦੇਸ਼ਾਂ ਨੇ ਵਰਲਡ ਪੀਸ ਕੌਂਸਲ ਸੰਸਥਾ ਦੀ ਸਥਾਪਨਾ ਕੀਤੀ ਸੀ | ਇਸ ਸੰਸਥਾ ਦਾ ਹੈੱਡਕੁਆਟਰ ਹੇਲੰਸਕੀ (ਫਿਨਲੈਂਡ) ਵਿੱਚ ਰਿਹਾ ਤੇ ਅੱਜਕੱਲ੍ਹ ਇਸ ਦਾ ਵਿਸ਼ਵ ਹੈੱਡਕੁਆਰਟਰ ਏਥਨਜ਼ (ਗ੍ਰੀਸ) ਵਿੱਚ ਹੈ ਅਤੇ 100 ਤੋਂ ਵੱਧ ਦੇਸ਼ ਇਸ ਸੰਸਥਾ ਦੇ ਮੈਂਬਰ ਹਨ | ਇਸ ਸੰਸਥਾ ਦੀ ਭਰਤੀ ਇਕਾਈ ਆਲ ਇੰਡੀਆ ਪੀਸ ਐਂਡ ਸਾਲੀਡਰਿਟੀ ਆਰਗੇਨਾਈਜ਼ੇਸ਼ਨ ਦੀ ਸਥਾਪਨਾ ਕਰਕੇ 1951 ਵਿੱਚ ਭਾਰਤ ਇਸ ਦਾ ਮੈਂਬਰ ਬਣਿਆ ਸੀ |
ਪੰਜਾਬ-ਹਰਿਆਣਾ ਹਾਈਕੋਰਟ ਵਿੱਚ ਪ੍ਰੈਕਟਿਸ ਕਰਦੇ ਵਕੀਲ ਹਰਚੰਦ ਸਿੰਘ ਬਾਠ ਅਤੇ ਪਲਵ ਸੇਨ ਗੁਪਤਾ ਇਸ ਸੰਸਥਾ ਨਾਲ ਕਈ ਦਹਾਕਿਆਂ ਤੋਂ ਜੁੜੇ ਹੋਏ ਹਨ ਅਤੇ ਹੁਣ ਤੱਕ ਲੱਗਭੱਗ 80 ਕੁ ਦੇਸ਼ਾਂ ਦੀ ਯਾਤਰਾ ਕਰਕੇ ਸ਼ਾਂਤੀ ਅਤੇ ਭਾਈਚਾਰਾ ਵਧਾਉਣ ਦਾ ਹੋਕਾ ਦਿੰਦੇ ਹੋਏ ਯੁੱਧ ਵਿਰੋਧੀ ਨੌਜਵਾਨਾਂ ਨੂੰ ਇਕੱਠੇ ਕਰਦੇ ਰਹੇ ਹਨ |
ਇਸ ਦੌਰਾਨ ਉਨ੍ਹਾ ਕਈ ਯੁੱਧ ਵਿੱਚ ਫਸੇ ਹੋਏ ਦੇਸ਼ਾਂ ਦੀ ਚੱਲਦੀ ਲੜਾਈ ਦੌਰਾਨ ਯਾਤਰਾਵਾਂ ਅਤੇ ਵਿਸ਼ਵ ਦੇ ਕਈ ਵੱਡੇ ਸਿਆਸੀ ਨੇਤਾਵਾਂ ਆਦਿ ਨਾਲ ਮੀਟਿੰਗਾਂ ਵੀ ਕੀਤੀਆਂ ਹਨ |
ਇਸ ਵਾਰ ਵਰਲਡ ਪੀਸ ਕੌਂਸਲ ਦੀ ਕਾਨਫਰੰੰਸ ਵੀਅਤਨਾਮ ਦੀ ਰਾਜਧਾਨੀ ਹਨੋਈ ਵਿੱਚ ਚੱਲ ਰਹੀ ਹੈ | ਭਾਰਤ ਦੀ ਸੰਸਥਾ ਐਪਸੋ (ਆਲ ਇੰਡੀਆ ਪੀਸ ਅਤੇ ਸਾਲੀਡਰਿਟੀ ਆਰਗੇਨਾਈਜ਼ੇਸ਼ਨ) ਦੇ ਨੁਮਾਇੰਦੇ ਪਲਵ ਸੇਨ ਗੁਪਤਾ ਅਤੇ ਬਾਠ ਵੀ ਆਪਣੇ ਸਾਥੀਆਂ ਨਾਲ ਕਾਨਫਰੰਸ ਵਿੱਚ ਭਾਰਤ ਦੀ ਨੁਮਾਇੰਦਗੀ ਕਰ ਰਹੇ ਹਨ, ਜਿੱਥੇ ਪਲਵ ਸੇਨ ਗੁਪਤਾ ਨੂੰ ਵਰਲਡ ਪੀਸ ਕੌਂਸਲ ਦਾ ਪ੍ਰਧਾਨ ਚੁਣ ਲਿਆ ਗਿਆ ਹੈ, ਜੋ ਭਾਰਤ ਲਈ ਮਾਣ ਵਾਲੀ ਗੱਲ ਹੈ | ਐਪਸੋ ਦੇ ਨੁਮਾਇੰਦਿਆਂ ਦੀਆਂ ਕੋਸ਼ਿਸ਼ਾਂ ਨਾਲ ਅਗਲੀ ਵਿਸ਼ਵ ਪੱਧਰੀ ਮਿੱਤਰਤਾ ਕਾਨਫਰੰਸ ਪੰਜਾਬ ਵਿੱਚ ਰੱਖੀ ਗਈ ਹੈ, ਜੋ ਮਾਰਚ 2023 ਵਿੱਚ ਹੋਵੇਗੀ |