ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਨੇ ਦਾਅਵਾ ਕਰਦਿਆਂ ਕਿ ਪੂਰੇ ਗੁਜਰਾਤ ਵਿੱਚ ਬਦਲਾਅ ਦੀ ਲਹਿਰ ਚੱਲ ਰਹੀ ਹੈ, ਕਿਹਾ ਕਿ ਨੌਜਵਾਨ-ਕਿਸਾਨ, ਔਰਤਾਂ ਅਤੇ ਮਜ਼ਦੂਰ ਸਾਰੇ ਭਾਜਪਾ ਸਰਕਾਰ ਤੋਂ ਨਾਰਾਜ਼ ਹਨ ਅਤੇ ਇਸ ਵਾਰ ਇਹ ਸਾਰੇ ਲੋਕ ਬਦਲਾਅ ਦੀ ਮੰਗ ਕਰ ਰਹੇ ਹਨ | ਮਾਨ ਨੇ ਕਿਹਾ ਕਿ ਗੁਜਰਾਤ ਦੇ ਲੋਕ ਭਾਜਪਾ ਦੀ ਡਬਲ ਇੰਜਣ ਵਾਲੀ ਸਰਕਾਰ ਨਹੀਂ, ਸਗੋਂ ਆਮ ਆਦਮੀ ਪਾਰਟੀ ਦੀ ਨਵੇਂ ਇੰਜਣ ਵਾਲੀ ਸਰਕਾਰ ਚਾਹੁੰਦੇ ਹਨ | ਭਾਜਪਾ ਦੇ ਦੋਵੇਂ ਇੰਜਣ ਹੁਣ ਪੁਰਾਣੇ ਹੋ ਚੁੱਕੇ ਹਨ | ਭਿ੍ਸ਼ਟਾਚਾਰ ਅਤੇ ਗੁੰਡਾਗਰਦੀ ਨੇ ਭਾਜਪਾ ਦੇ ਇੰਜਣਾਂ ਨੂੰ ਖਰਾਬ ਕਰ ਦਿੱਤਾ ਹੈ | ਸੋਮਵਾਰ ਨੂੰ ਭਗਵੰਤ ਮਾਨ ਚੋਣ ਪ੍ਰਚਾਰ ਲਈ ਵਡੋਦਰਾ ਪਹੁੰਚੇ ਸਨ | ਇੱਥੇ ਉਨ੍ਹਾ ਬਾਲਾਸਨੌਰ, ਲੂਨਾਵੜਾ ਅਤੇ ਦਾਕੋਰ ਦੇ ਵੱਖ-ਵੱਖ ਖੇਤਰਾਂ ਵਿੱਚ ‘ਆਪ’ ਉਮੀਦਵਾਰਾਂ ਦੇ ਹੱਕ ਵਿੱਚ ਰੋਡ ਸ਼ੋਅ ਕੀਤਾ ਅਤੇ ਲੋਕਾਂ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਦੀ ਅਪੀਲ ਕੀਤੀ |ਰੋਡ ਸ਼ੋਅ ਦੌਰਾਨ ਲੋਕਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਭਗਵੰਤ ਮਾਨ ਨੇ ਕਿਹਾ, ‘ਚੋਣਾਂ ਲਈ ਸਿਰਫ ਦੋ ਦਿਨ ਬਾਕੀ ਹਨ | ਹੁਣ ਭਾਜਪਾ ਵਾਲੇ ਪੈਸੇ ਦੇ ਲਾਲਚ ਨਾਲ ਤੁਹਾਨੂੰ ਲੁਭਾਉਣਗੇ, ਪਰ ਇਨ੍ਹਾਂ ਦੇ ਝਾਂਸੇ ਵਿਚ ਨਾ ਆਓ, ਤੁਸੀਂ ਸਿਰਫ ਆਪਣੇ ਬੱਚਿਆਂ ਦੇ ਚੰਗੇ ਭਵਿੱਖ ਲਈ ਵੋਟ ਪਾਉਣੀ ਹੈ |’
ਮਾਨ ਨੇ ਕਿਹਾ ਕਿ ਆਮ ਲੋਕ ਭਾਜਪਾ ਦੀ ਮਹਿੰਗਾਈ ਅਤੇ ਬੇਰੁਜ਼ਗਾਰੀ ਦੀ ਚੱਕੀ ਵਿੱਚ ਪਿਸ ਰਹੇ ਹਨ | ਲੋਕਾਂ ਕੋਲ ਪਹਿਲਾਂ ਚੰਗੇ ਵਿਕਲਪ ਨਹੀਂ ਸਨ, ਇਸ ਲਈ ਉਨ੍ਹਾਂ ਨੂੰ ਲਗਾਤਾਰ 27 ਸਾਲ ਭਾਜਪਾ ਦੇ ਕੁਸ਼ਾਸਨ ਦਾ ਸਾਹਮਣਾ ਕਰਨਾ ਪਿਆ | ਇਸ ਵਾਰ ਆਮ ਆਦਮੀ ਪਾਰਟੀ ਦੇ ਰੂਪ ਵਿੱਚ ਆਮ ਲੋਕਾਂ ਨੂੰ ਇੱਕ ਚੰਗਾ ਬਦਲ ਮਿਲਿਆ ਹੈ | ਇਸ ਵਾਰ ਹਰ ਵਰਗ ਦੇ ਲੋਕ ਭਾਜਪਾ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹਨ ਅਤੇ ਆਮ ਆਦਮੀ ਪਾਰਟੀ ਦੀ ਇਮਾਨਦਾਰ ਸਰਕਾਰ ਚਾਹੁੰਦੇ ਹਨ |
ਉਹਨਾ ਨੌਜਵਾਨਾਂ ਦੇ ਉਤਸ਼ਾਹ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਪੀੜ੍ਹੀ ਦਾ ਨਾਂਅ ਗੁਜਰਾਤ ਦੇ ਇਤਿਹਾਸ ਵਿੱਚ ਲਿਖਿਆ ਜਾਵੇਗਾ | ਹਰ ਥਾਂ ਨੌਜਵਾਨਾਂ ਨੇ ਹਮੇਸ਼ਾ ਸੱਤਾ ਦਾ ਤਖਤਾ ਪਲਟਿਆ ਹੈ | ਇਸ ਵਾਰ ਗੁਜਰਾਤ ਦੇ ਨੌਜਵਾਨ ਭਾਜਪਾ ਨੂੰ ਸੱਤਾ ਤੋਂ ਲਾਂਭੇ ਕਰ ਕੇ ਲੋਕਾਂ ਨੂੰ ਭਿ੍ਸ਼ਟਾਚਾਰ, ਮਹਿੰਗਾਈ, ਬੇਰੁਜ਼ਗਾਰੀ ਅਤੇ ਕੁਸ਼ਾਸਨ ਤੋਂ ਮੁਕਤ ਕਰਵਾਉਣਗੇ | ਮਾਨ ਨੇ ਪੰਜਾਬ ਅਤੇ ਦਿੱਲੀ ‘ਚ ‘ਆਪ’ ਸਰਕਾਰ ਦੇ ਚੰਗੇ ਲੋਕ ਪੱਖੀ ਕੰਮਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਅਸੀਂ ਪੰਜਾਬ ਅਤੇ ਦਿੱਲੀ ‘ਚ ਬਿਜਲੀ ਮੁਫਤ ਕੀਤੀ ਹੈ | ਬਿਹਤਰ ਇਲਾਜ ਲਈ ਵੱਖ-ਵੱਖ ਥਾਵਾਂ ‘ਤੇ ਮੁਹੱਲਾ ਕਲੀਨਿਕ ਖੋਲ੍ਹੇ ਹਨ | ਪੰਜਾਬ ਵਿੱਚ ਸਰਕਾਰ ਬਣਨ ਦੇ ਸਿਰਫ 6 ਮਹੀਨਿਆਂ ਵਿੱਚ ਹੀ ਅਸੀਂ 20,000 ਤੋਂ ਵੱਧ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਅਤੇ 10,000 ਦੇ ਕਰੀਬ ਕੱਚੇ ਕਾਮਿਆਂ ਦੀਆਂ ਨੌਕਰੀਆਂ ਪੱਕੀਆਂ ਕੀਤੀਆਂ ਹਨ | ਉਨ੍ਹਾ ਕਿਹਾ ਕਿ ਗੁਜਰਾਤ ਵਿੱਚ ਵੀ ਆਮ ਆਦਮੀ ਪਾਰਟੀ ਨੂੰ ਲੋਕ ਮੌਕਾ ਦੇਣ ਅਤੇ ‘ਆਪ’ ਸਰਕਾਰ ਇੱਥੇ ਵੀ ਇਹ ਸਭ ਕੰਮ ਕਰੇਗੀ |