ਚੰਡੀਗੜ੍ਹ : ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵੀਰਵਾਰ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੂੰ ਦੱਸਿਆ ਕਿ 434 ਲੋਕਾਂ ਦੀ ਵਾਪਸ ਲਈ ਤੇ ਘਟਾਈ ਗਈ ਸਕਿਉਰਿਟੀ 7 ਜੂਨ ਨੂੰ ਬਹਾਲ ਕਰ ਦਿੱਤੀ ਜਾਵੇਗੀ | ਜਸਟਿਸ ਰਾਜ ਮੋਹਨ ਸਿੰਘ ਨੂੰ ਵੀਰਵਾਰ ਇਹ ਜ਼ਬਾਨੀ ਭਰੋਸਾ ਸੀਨੀਅਰ ਡਿਪਟੀ ਐਡਵੋਕੇਟ ਜਨਰਲ ਗੌਰਵ ਗਰਗ ਧੂਰੀਵਾਲਾ ਨੇ ਸਾਬਕਾ ਮੰਤਰੀ ਓ ਪੀ ਸੋਨੀ ਦੀ ਪਟੀਸ਼ਨ ‘ਤੇ ਸੁਣਵਾਈ ਦੌਰਾਨ ਦਿੱਤਾ | ਸੋਨੀ ਨੇ ਸੁਰੱਖਿਆ ਵਾਪਸ ਲੈਣ ਨੂੰ ਚੈਲੰਜ ਕੀਤਾ ਹੋਇਆ ਹੈ | ਧੂਰੀਵਾਲਾ ਨੇ ਕਿਹਾ ਕਿ ਸੁਰੱਖਿਆ 6 ਜੂਨ ਨੂੰ ਘੱਲੂਘਾਰਾ ਦਿਵਸ ਦੇ ਮੱਦੇਨਜ਼ਰ ਵਾਪਸ ਲਈ ਗਈ ਸੀ, ਕਿਉਂਕਿ ਵਾਧੂ ਫੋਰਸ ਦੀ ਲੋੜ ਸੀ | ਉਨ੍ਹਾ ਕਿਹਾ ਕਿ ਇਸ ਸੰਬੰਧੀ ਹੁਕਮ ਵਿਚ ਸਾਫ ਲਿਖਿਆ ਗਿਆ ਸੀ ਕਿ ਆਰਜ਼ੀ ਤੌਰ ‘ਤੇ ਸਕਿਉਰਿਟੀ ਵਾਪਸ ਲਈ ਤੇ ਘਟਾਈ ਜਾ ਰਹੀ ਹੈ ਤੇ 7 ਜੂਨ ਨੂੰ ਬਹਾਲ ਕਰ ਦਿੱਤੀ ਜਾਵੇਗੀ |
ਸੋਨੀ ਨੇ ਆਪਣੀ ਪਟੀਸ਼ਨ ਵਿਚ ਕਿਹਾ ਸੀ ਕਿ ਉਸ ਦੀ ਜ਼ੈੱਡ ਸਕਿਉਰਿਟੀ ਨੂੰ ਘਟਾਉਣ ਤੇ ਜਵਾਨ ਵਾਪਸ ਲੈਣ ਦੇ ਸਰਕਾਰ ਦੇ ਹੁਕਮ ਨੂੰ ਖਾਰਜ ਕੀਤਾ ਜਾਵੇ | ਸੋਨੀ ਦੀ ਵਕੀਲ ਮਧੂ ਦਿਆਲ ਨੇ ਦੱਸਿਆ ਕਿ ਸਰਕਾਰ ਨੇ ਹਾਈ ਕੋਰਟ ਨੂੰ ਦਿੱਤੇ ਸੀਲਬੰਦ ਲਿਫਾਫੇ ਵਿਚ ਦੱਸਿਆ ਹੈ ਕਿ ਕਿੰਨੇ ਜਣਿਆਂ ਦੀ ਸੁਰੱਖਿਆ ਵਾਪਸ ਲਈ ਗਈ ਤੇ ਕਿੰਨੇ ਜਣਿਆਂ ਦੀ ਘਟਾਈ ਗਈ | ਦਿਆਲ ਨੇ ਕਿਹਾ ਕਿ ਸਰਕਾਰ ਨੇ ਖਤਰੇ ਦਾ ਖਿਆਲ ਰੱਖੇ ਬਿਨਾਂ 184 ਸਾਬਕਾ ਮੰਤਰੀਆਂ ਤੇ ਵਿਧਾਇਕਾਂ ਦੀ ਚੋਣਵੇਂ ਢੰਗ ਨਾਲ ਸੁਰੱਖਿਆ ਵਾਪਸ ਲਈ | ਧੂਰੀਵਾਲਾ ਨੇ ਕਿਹਾ ਕਿ ਸੋਨੀ ਦੇ 18 ਜਵਾਨ ਮੁੜ ਤਾਇਨਾਤ ਕੀਤੇ ਜਾ ਚੁੱਕੇ ਹਨ ਤੇ ਹੋਰ ਚਾਹੀਦੇ ਹਨ ਤਾਂ ਉਸ ਦਾ ਭੁਗਤਾਨ ਕਰਨਾ ਹੋਵੇਗਾ | ਆਖਰ ਸੁਰੱਖਿਆ ‘ਤੇ ਖਰਚ ਤਾਂ ਲੋਕਾਂ ਦੇ ਟੈਕਸ ਦਾ ਪੈਸਾ ਹੁੰਦਾ ਹੈ |
ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਸੁਰੱਖਿਆ ਨੂੰ ਲੈ ਕੇ ਸਰਕਾਰ ‘ਤੇ ਸਾਰੇ ਪਾਸਿਓਾ ਹਮਲੇ ਹੋ ਰਹੇ ਹਨ | ਸਿੱਧੂ ਦੀ ਸੁਰੱਖਿਆ ਘਟਾਉਣ ਦੇ ਇਕ ਦਿਨ ਬਾਅਦ ਉਸ ਨੂੰ ਕਤਲ ਕਰ ਦਿੱਤਾ ਗਿਆ ਸੀ |