ਸਰਕਾਰੀ ਜ਼ੁਲਮ ਸੰਘਰਸ਼ਾਂ ਨੂੰ ਨਹੀਂ ਰੋਕ ਸਕਦੇ : ਸੀ ਪੀ ਆਈ

0
270

ਚੰਡੀਗੜ੍ਹ : ਸੰਗਰੂਰ ਵਿਖੇ ਪੰਜਾਬ ਦੀਆਂ ਖੇਤ ਮਜ਼ਦੂਰ ਜਥੇਬੰਦੀਆਂ ਦੇ ਪੁਰ-ਅਮਨ ਮੁਜ਼ਾਹਰੇ ‘ਤੇ ਬੀਤੇ ਕੱਲ੍ਹ ਪੰਜਾਬ ਪੁਲਸ ਵੱਲੋਂ ਕੀਤੇ ਗਏ ਲਾਠੀਚਾਰਜ ਦੀ ਪੰਜਾਬ ਸੀ ਪੀ ਆਈ ਨੇ ਸਖਤ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਪੰਜਾਬ ਸਰਕਾਰ ਨੂੰ ਤਾੜਨਾ ਕੀਤੀ ਹੈ ਕਿ ਚੋਣਾਂ ਸਮੇਂ ਕੀਤੇ ਗਏ ਵਅਦਿਆਂ ਨੂੰ ਪੂਰਾ ਕਰੇ, ਵਰਨਾ ਹੋਰ ਵੀ ਤਿੱਖੇ ਸੰਘਰਸ਼ਾਂ ਦਾ ਸਾਹਮਣਾ ਕਰਨ ਲਈ ਤਿਆਰ ਰਹੇ | ਪੰਜਾਬ ਸੀ ਪੀ ਆਈ ਦੇ ਸਕੱਤਰ ਬੰਤ ਸਿੰਘ ਬਰਾੜ ਨੇ ਆਖਿਆ ਕਿ ਪੰਜਾਬ ਸਰਕਾਰ ਬੁਖਲਾ ਗਈ ਹੈ ਅਤੇ ਕੀਤੇ ਵਾਅਦਿਆਂ ਨੂੰ ਅਮਲ ਵਿਚ ਲਿਆਉਣ ਦੀ ਬਜਾਏ ਹਰ ਫਰੰਟ ‘ਤੇ ਅਸਫਲ ਰਹਿ ਰਹੀ ਭਗਵੰਤ ਮਾਨ ਸਰਕਾਰ ਤਸ਼ੱਦਦ ਦੇ ਰਾਹ ਤੁਰ ਪਈ ਹੈ | ਉਹਨਾ ਆਖਿਆ ਕਿ ਖੇਤ ਮਜ਼ਦੂਰ ਸਿਰਫ ਆਪਣੀਆਂ ਜ਼ਰੂਰੀ ਮੰਗਾਂ ਜਿਵੇਂ ਘਰਾਂ ਵਾਸਤੇ ਪਲਾਟ, ਮਨਰੇਗਾ ਦਿਹਾੜੀ ਵਧਾਉਣ ਅਤੇ 200 ਦਿਨ ਪ੍ਰਤੀ ਸਾਲ ਕਰਨ, ਗੈਰ-ਜਥੇਬੰਦ ਮਜ਼ਦੂਰਾਂ ਲਈ ਸਮਾਜਕ ਸੁਰੱਖਿਆ ਅਤੇ ਪੈਨਸ਼ਨ ਦੀ ਗਰੰਟੀ ਆਦਿ ਮਸਲੇ, ਜਿਹੜੇ ਕੇਂਦਰ ਦੀ ਮੋਦੀ ਸਰਕਾਰ ਅਤੇ ਪੰਜਾਬ ਸਰਕਾਰ ਨਾਲ ਸੰਬੰਧਤ ਹਨ, ਵਾਸਤੇ ਮੁੱਖ ਮੰਤਰੀ ਨਾਲ ਗੱਲਬਾਤ ਕਰਨ ਵਾਸਤੇ ਪੁੱਜੇ ਸਨ, ਪਰ ਉਹਨਾਂ ਨਾਲ ਅਜਿਹਾ ਘਟੀਆ ਅਤੇ ਜ਼ਾਲਮਾਨਾ ਵਤੀਰਾ ਅਤਿ ਨਿੰਦਣਯੋਗ ਹੈ | ਸਾਥੀ ਬਰਾੜ ਨੇ ਦੋਸ਼ ਲਾਇਆ ਕਿ ਪੰਜਾਬ ਸਰਕਾਰ ਝੂਠੇ ਪ੍ਰਚਾਰ ‘ਤੇ ਪੰਜਾਬ ਦੇ ਕਰੋੜਾਂ ਰੁਪਏ ਖਰਚ ਕਰ ਰਹੀ ਹੈ ਅਤੇ ਕੇਜਰੀਵਾਲ ਦੇ ਇਸ਼ਾਰਿਆਂ ‘ਤੇ ਚੱਲ ਕੇ ਪੰਜਾਬ ਵਿਰੋਧੀ ਕਦਮਾਂ ਦੁਆਰਾ ਮੋਦੀ ਸਰਕਾਰ ਨੂੰ ਹੀ ਖੁਸ਼ ਕਰ ਰਹੀ ਹੈ |
ਉਹਨਾ ਆਖਿਆ ਕਿ ਮਾਨ ਸਾਹਿਬ ਪੰਜਾਬ ਦੇ ਫੈਡਰਲ ਢਾਂਚੇ ਅਤੇ ਪੰਜਾਬ ਦੇ ਹਿੱਤਾਂ ਦੀ ਰਾਖੀ ਕਰਨ ਦੀ ਬਜਾਏ ਆਪਣਾ ਸਾਰਾ ਜ਼ੋਰ ਕੇਜਰੀਵਾਲ ਦੀਆਂ ਪੰਜਾਬ ਵਿਰੋਧੀ ਨੀਤੀਆਂ ‘ਤੇ ਅਮਲ ਕਰਕੇ ਆਪਣੀ ਗੱਦੀ ਬਚਾਉਣ ਲਈ ਉਸ ਨੂੰ ਖੁਸ਼ ਰੱਖਣ ਲਈ ਲਾ ਰਹੇ ਹਨ, ਜਿਹੜਾ ਕਿਸੇ ਤਰ੍ਹਾਂ ਵੀ ਸਵੀਕਾਰ ਨਹੀਂ ਕੀਤਾ ਜਾ ਸਕਦਾ | ਉਹਨਾ ਕਿਹਾ ਕਿ ਸਰਕਾਰ ਨੂੰ ਫੌਰਨ ਹੀ ਸੰਘਰਸ਼ ਕਰ ਰਹੇ ਸਾਰੇ ਕਿਰਤੀ ਲੋਕਾਂ ਦੇ ਨੁਮਾਇੰਦਿਆਂ ਨਾਲ ਗੱਲਬਾਤ ਕਰਕੇ ਉਹਨਾਂ ਦੀਆਂ ਜੀਵਨ ਲੋੜਾਂ ਨਾਲ ਸੰਬੰਧਤ ਮੰਗਾਂ ਮੰਨ ਲੈਣੀਆਂ ਚਾਹੀਦੀਆਂ ਹਨ |

LEAVE A REPLY

Please enter your comment!
Please enter your name here