ਚੰਡੀਗੜ੍ਹ : ਗੈਂਗਸਟਰ ਲਾਰੈਂਸ ਬਿਸ਼ਨੋਈ ਵੱਲੋਂ ਸਿੱਧੂ ਮੂਸੇਵਾਲਾ ਨੂੰ ਮਰਵਾਉਣ ਦੀ ਗੱਲ ਕਬੂਲਣ ਬਾਰੇ ਸ਼ੁੱਕਰਵਾਰ ਦੋ ਤਰ੍ਹਾਂ ਦੀਆਂ ਖਬਰਾਂ ਚੱਲੀਆਂ | ਸੂਤਰਾਂ ਅਨੁਸਾਰ ਬਿਸ਼ਨੋਈ ਨੇ ਦਿੱਲੀ ਪੁਲਸ ਨੂੰ ਕਿਹਾ-ਹਾਂ, ਮੈਂ ਸਿੱਧੂ ਮੂਸੇਵਾਲਾ ਨੂੰ ਮਰਵਾਇਆ ਹੈ, ਪਰ ਇਕ ਖਬਰ ਏਜੰਸੀ ਨੇ ਦਿੱਲੀ ਪੁਲਸ ਦੇ ਸੂਤਰਾਂ ਦੇ ਹਵਾਲੇ ਨਾਲ ਹੀ ਕਿਹਾ ਕਿ ਬਿਸ਼ਨੋਈ ਨੇ ਕਤਲ ਵਿਚ ਰੋਲ ਦੀ ਗੱਲ ਨਹੀਂ ਕਬੂਲੀ ਹੈ | ਦਿੱਲੀ ਪੁਲਸ ਨੇ ਅਧਿਕਾਰਤ ਤੌਰ ‘ਤੇ ਕੋਈ ਬਿਆਨ ਨਹੀਂ ਦਿੱਤਾ |
ਬਿਸ਼ਨੋਈ ‘ਤੇ ਕਾਰਵਾਈ ਤਾਂ ਹੀ ਸੰਭਵ ਹੋਣੀ ਹੈ, ਜੇ ਉਹ ਅਦਾਲਤ ਵਿਚ ਗੁਨਾਹ ਕਬੂਲਦਾ ਹੈ, ਵਰਨਾ ਪੁਲਸ ਕੋਲ ਕਿਸੇ ਵੀ ਤਰ੍ਹਾਂ ਦੇ ਕਬੂਲਨਾਮੇ ਦਾ ਕੋਈ ਮਤਲਬ ਨਹੀਂ ਹੁੰਦਾ | ਇੰਡੀਆ ਟੂਡੇ ਦੀ ਰਿਪੋਰਟ ਮੁਤਾਬਕ ਕੈਨੇਡਾ ਸਥਿਤ ਗੈਂਗਸਟਰ ਗੋਲਡੀ ਬਰਾੜ ਵੱਲੋਂ ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਲਏ ਜਾਣ ਕਾਰਨ 700 ਮੈਂਬਰੀ ਅਪਰਾਧੀਆਂ ਦੇ ਗਰੋਹ ਦਾ ਸਰਗਨਾ 30 ਸਾਲਾ ਲਾਰੈਂਸ ਬਿਸ਼ਨੋਈ ਪੁਲਸ ਦੇ ਘੇਰੇ ਵਿਚ ਆ ਗਿਆ ਹੈ |
ਬਰਾੜ, ਜੋ ਇਸ ਸਮੇਂ ਤਿਹਾੜ ਜੇਲ੍ਹ ਵਿਚ ਬੰਦ ਬਿਸ਼ਨੋਈ ਦਾ ਕਰੀਬੀ ਸਹਿਯੋਗੀ ਹੈ, ਨੇ ਪਿਛਲੇ ਸਾਲ ਯੂਥ ਅਕਾਲੀ ਦਲ ਦੇ ਆਗੂ ਵਿੱਕੀ ਮਿੱਡੂਖੇੜਾ ਦੇ ਕਤਲ ਦਾ ਬਦਲਾ ਲੈਣ ਲਈ ਫੇਸਬੁੱਕ ਰਾਹੀਂ ਇਸ ਕਤਲ ਦੀ ਜ਼ਿੰਮੇਵਾਰੀ ਲਈ ਸੀ | 12 ਫਰਵਰੀ 1993 ਨੂੰ ਜਨਮਿਆ ਬਿਸ਼ਨੋਈ, ਜਿਸ ਨੂੰ ਗਰੋਹ ਦੇ ਮੈਂਬਰਾਂ ਵੱਲੋਂ ਡਾਨ ਕਿਹਾ ਜਾਂਦਾ ਹੈ, ਗ੍ਰੈਜੂਏਟ ਹੈ ਅਤੇ ਅਬੋਹਰ ਦੇ ਨੇੜਲੇ ਪਿੰਡ ਦਾ ਵਸਨੀਕ ਹੈ | ਬਿਸ਼ਨੋਈ ਦੇ ਪਿਤਾ 1992 ਵਿਚ ਹਰਿਆਣਾ ਪੁਲਸ ਵਿਚ ਕਾਂਸਟੇਬਲ ਵਜੋਂ ਭਰਤੀ ਹੋਏ ਸਨ, ਪਰ ਪੰਜ ਸਾਲ ਬਾਅਦ ਨੌਕਰੀ ਛੱਡ ਕੇ ਖੇਤੀ ਕਰਨ ਲੱਗੇ |