27.5 C
Jalandhar
Friday, November 22, 2024
spot_img

ਮਾਨ ਵੱਲੋਂ ਮੂਸੇਵਾਲਾ ਦੇ ਕਾਤਲ ਛੇਤੀ ਫੜਨ ਦਾ ਭਰੋਸਾ

ਮਾਨਸਾ/ਚੰਡੀਗੜ੍ਹ (ਰੀਤਵਾਲ, ਪਰਮਦੀਪ ਰਾਣਾ/ਗੁਰਜੀਤ ਬਿੱਲਾ)-ਮੁੱਖ ਮੰਤਰੀ ਭਗਵੰਤ ਮਾਨ ਨੇ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਕਈ ਦਿਨ ਬਾਅਦ ਸ਼ੁੱਕਰਵਾਰ ਪਿੰਡ ਮੂਸਾ ਪੁੱਜ ਕੇ ਪਰਵਾਰ ਨਾਲ ਦੁੱਖ ਸਾਂਝਾ ਕੀਤਾ | ਉਨ੍ਹਾ ਪਰਵਾਰ ਨੂੰ ਹਰ ਤਰ੍ਹਾਂ ਦੀ ਸਹਾਇਤਾ ਅਤੇ ਸੁਰੱਖਿਆ ਪ੍ਰਦਾਨ ਕਰਨ ਦਾ ਭਰੋਸਾ ਦਿੱਤਾ | ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਛੇਤੀ ਤੋਂ ਛੇਤੀ ਇਨਸਾਫ ਦਿਵਾਉਣ ਦੀ ਮੰਗ ਕੀਤੀ | ਮੁੱਖ ਮੰਤਰੀ ਨੇ ਕਿਹਾ ਕਿ ਕਾਤਲਾਂ ਨੂੰ ਜਲਦੀ ਹੀ ਗਿ੍ਫਤਾਰ ਕਰਕੇ ਸਲਾਖਾਂ ਪਿੱਛੇ ਸੁੱਟਿਆ ਜਾਵੇਗਾ |
ਪੰਜਾਬੀਅਤ ਤੇ ਇਨਸਾਨੀਅਤ ਨੂੰ ਆਪਣੀ ਸਭ ਤੋਂ ਪਹਿਲੀ ਤਰਜੀਹ ਦੱਸਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਸ ਮਾਮਲੇ ਵਿੱਚ ਸਿਆਸਤ ਕਰਨ ਵਾਲਿਆਂ ਨੂੰ ਸ਼ਰਮ ਆਉਣੀ ਚਾਹੀਦੀ ਹੈ |ਭਗਵੰਤ ਮਾਨ ਨੇ ਝੋਰਾ ਪ੍ਰਗਟਾਇਆ ਕਿ ਕੁੱਝ ਲੋਕ ਇਸ ਨੌਜਵਾਨ ਗਾਇਕ ਦੀ ਦੁਖਦ ਹੱਤਿਆ ਉਤੇ ਬੇਸ਼ਰਮੀ ਨਾਲ ਸਿਆਸਤ ਕਰ ਰਹੇ ਹਨ, ਜਿਹੜੀ ਬੇਲੋੜੀ ਤੇ ਇਤਰਾਜ਼ਯੋਗ ਹੈ | ਉਨ੍ਹਾਂ ਕਿਹਾ ਕਿ ਇਹ ਉਹੀ ਲੋਕ ਹਨ, ਜਿਹੜੇ ਪਹਿਲਾਂ ਇਸ ਮਹਾਨ ਗਾਇਕ ਦੀ ਵੱਖ-ਵੱਖ ਮਸਲਿਆਂ ਉਤੇ ਜ਼ੋਰ-ਸ਼ੋਰ ਨਾਲ ਆਲੋਚਨਾ ਕਰਦੇ ਸਨ ਪਰ ਹੁਣ ਘਟੀਆ ਪ੍ਰਚਾਰ ਲਈ ਮਗਰਮੱਛ ਦੇ ਹੰਝੂ ਵਹਾ ਰਹੇ ਹਨ | ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਪਹਿਲਾਂ ਹੀ ਅਜਿਹੇ ਘੜੰਮ ਚੌਧਰੀ ਲੀਡਰਾਂ ਦੇ ਕੋਝੇ ਹਥਕੰਡਿਆਂ ਤੋਂ ਵਾਕਫ਼ ਹਨ ਅਤੇ ਉਹ ਇਨ੍ਹਾਂ ਦੇ ਛਲਾਵੇ ਵਿੱਚ ਨਹੀਂ ਆਉਣਗੇ | ਮੁੱਖ ਮੰਤਰੀ ਦੇ ਦੌਰੇ ਤੋਂ ਪਹਿਲਾਂ ਇਲਾਕੇ ਦੇ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਲੋਕਾਂ ਦੇ ਵਿਰੋਧ ਕਾਰਨ ਸਿੱਧੂ ਮੂਸੇਵਾਲਾ ਦੇ ਘਰ ਤੋਂ ਦੂਰ ਅਤੇ ਪਿੰਡ ਤੋਂ ਬਾਹਰ ਚਲੇ ਗਏ | ਲੋਕਾਂ ਨੇ ਕਿਹਾ ਕਿ ਭਗਵੰਤ ਮਾਨ ਦੇ ਦੌਰੇ ਕਾਰਨ ਪੁਲਸ ਵੱਲੋਂ ਵੱਡੇ ਤੜਕੇ ਤੋਂ ਪਿੰਡ ਨੂੰ ਸੀਲ ਕੀਤਾ ਹੋਇਆ ਸੀ, ਜਿਸ ਤੋਂ ਅੱਕ ਕੇ ਹੀ ਉਨ੍ਹਾਂ ਵਿਧਾਇਕ ਦਾ ਵਿਰੋਧ ਕੀਤਾ | ਸਿੱਧੂ ਮੂਸੇਵਾਲਾ ਨਾਲ ਜ਼ਖਮੀ ਹੋਏ ਦੋ ਨੌਜਵਾਨਾਂ ਦੇ ਇਲਾਜ ਨੂੰ ਬਣਾਂਵਾਲੀ ਨੇ ਹੀ ਮੁਫਤ ਕਰਵਾਇਆ ਹੈ ਅਤੇ ਉਹ ਅੰਤਿਮ ਸੰਸਕਾਰ ਵਾਲੀ ਸ਼ਾਮ ਤੋਂ ਹੀ ਮੂਸੇਵਾਲਾ ਦੇ ਪਰਵਾਰ ਕੋਲ ਹਰ ਰੋਜ਼ ਆ ਰਹੇ ਹਨ | ਬਣਾਂਵਾਲੀ ਨੇ ਕਿਹਾ ਕਿ ਦੂਜੀਆਂ ਸਿਆਸੀ ਪਾਰਟੀਆਂ ਦੇ ਚੁੱਕੇ ਹੋਏ ਕੁਝ ਲੋਕ ਅਜਿਹਾ ਬਚਕਾਨਾ ਵਿਰੋਧ ਕਰ ਜਾਂਦੇ ਹਨ |

Related Articles

LEAVE A REPLY

Please enter your comment!
Please enter your name here

Latest Articles