ਲੁਧਿਆਣਾ (ਐੱਮ ਐੱਸ ਭਾਟੀਆ,
ਰੈਕਟਰ ਕਥੂਰੀਆ)
ਬੀਤੇ ਦਿਨੀਂ ਚੰਡੀਗੜ੍ਹ ਵਿਖੇ ਸੀ ਪੀ ਆਈ ਪੰਜਾਬ ਸਟੇਟ ਕੰਟਰੋਲ ਕਮਿਸ਼ਨ ਦੀ ਮੀਟਿੰਗ ਬੰਤ ਸਿੰਘ ਬਰਾੜ ਸੂਬਾ ਸਕੱਤਰ ਦੀ ਅਗਵਾਈ ਵਿੱਚ ਹੋਈ | ਉਹਨਾ ਪਾਰਟੀ ਦੀ 27ਵੀਂ ਕਾਂਗਰਸ ਵਿੱਚ ਲਏ ਗਏ ਫੈਸਲਿਆਂ ਦੀ ਰੋਸ਼ਨੀ ਵਿਚ ਭਾਰਤ ਦੇ ਰਾਜਸੀ, ਆਰਥਕ ਅਤੇ ਸਮਾਜਕ ਹਾਲਾਤ ਵਿਚ ਤੇੇਜ਼ੀ ਨਾਲ ਹੋ ਰਹੀਆਂ ਤਬਦੀਲੀਆਂ ਦ ਵਿਆਖਿਆ ਕਰਦੇ ਹੋਏ ਦੇਸ਼ ਦੇ ਸੰਵਿਧਾਨ, ਸੰਵਿਧਾਨਕ ਸੰਸਥਾਵਾਂ ਅਤੇ ਸਮਾਜਕ ਭਾਈਚਾਰਕ ਏਕਤਾ ਬਣਾਏ ਰੱਖਣ ਲਈ ਦਰਪੇਸ਼ ਚੁਣੌਤੀਆਂ ਦੀ ਵਿਆਖਿਆ ਕੀਤੀ | ਉਹਨਾ ਨਵੀਆਂ ਸਥਿਤੀਆਂ ਅਤੇ ਚੁਣੌਤੀਆਂ ਦੇ ਸਨਮੁਖ ਪਾਰਟੀ ਨੂੰ ਢਾਲਣ ਅਤੇ ਆਪਣੀ ਰਾਜਸੀ ਤੇ ਸਮਾਜਕ ਭੂਮਿਕਾ ਅਦਾ ਕਰਨ ਯੋਗ ਬਣਾਉਣ ਵਾਸਤੇ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਚਾਨਣਾ ਪਾਉਂਦੇ ਆਖਿਆ ਕਿ ਸਟੇਟ ਕੰਟਰੋਲ ਕਮਿਸ਼ਨ ਵੱਲੋਂ ਪਾਰਟੀ ਦੇ ਜਥੇਬੰਦਕ ਵਿਭਾਗ ਨਾਲ ਤਾਲਮੇਲ ਰਾਹੀਂ ਆਪਣੀ ਸਰਗਰਮ ਭੂਮਿਕਾ ਅਦਾ ਕਰਨੀ ਪਾਰਟੀ ਦੀ ਜ਼ਰੂਰਤ ਬਣ ਗਈ ਹੈ | ਕੰਟਰੋਲ ਕਮਿਸ਼ਨ ਦੇ ਮੈਂਬਰਾਂ ਨੇ ਪਾਰਟੀ ਸਕੱਤਰ ਨੂੰ ਨਿਰਪੱਖ ਢੰਗ ਨਾਲ ਆਪਣੀ ਭੂਮਿਕਾ ਨਿਭਾਉਣ ਦਾ ਭਰੋਸਾ ਦਿੰਦੇ ਹੋਏ ਰਮੇਸ਼ ਰਤਨ ਨੂੰ ਕਮਿਸ਼ਨ ਦਾ ਚੇਅਰਮੈਨ ਤੇ ਤਾਰਾ ਸਿੰਘ ਖਹਿਰਾ ਨੂੰ ਸਕੱਤਰ ਵਜੋਂ ਮੁੜ ਚੁਣ ਲਿਆ |





