ਹਿਮਾਚਲ ਪ੍ਰਦੇਸ਼ ਵਿਚ ਬੀਬੀਆਂ ਵੋਟਾਂ ਤਾਂ ਬੰਦਿਆਂ ਨਾਲੋਂ ਵੱਧ ਪਾਉਂਦੀਆਂ ਹਨ, ਪਰ ਆਪਣੀਆਂ ਸਾਥਣਾਂ ਨੂੰ ਵਿਧਾਇਕ ਬਣਾਉਣ ਦੇ ਮਾਮਲੇ ਵਿਚ ਬਹੁਤ ਕਿਰਸ ਕਰ ਜਾਂਦੀਆਂ ਹਨ | ਸੂਬਾ ਅਸੰਬਲੀ ਦੀਆਂ 68 ਸੀਟਾਂ ਲਈ ਕਾਂਗਰਸ ਨੇ ਸਰਕਾਰ ਬਣਾਉਣ ਲਈ 40 ਸੀਟਾਂ ਜਿੱਤੀਆਂ, ਜਦਕਿ ਸਰਕਾਰ ਗੁਆਉਣ ਵਾਲੀ ਭਾਜਪਾ ਨੇ ਵੀ 25 ਸੀਟਾਂ ਜਿੱਤੀਆਂ, ਪਰ ਬੀਬੀ ਸਿਰਫ ਇਕ ਚੁਣੀ ਗਈ | ਭਾਜਪਾ ਨੇ 6, ਆਮ ਆਦਮੀ ਪਾਰਟੀ ਨੇ 5 ਤੇ ਕਾਂਗਰਸ ਨੇ ਤਿੰਨ ਬੀਬੀਆਂ ਖੜ੍ਹੀਆਂ ਕੀਤੀਆਂ ਸਨ | ਕੁਲ-ਮਿਲਾ ਕੇ ਚੋਣ ਮੈਦਾਨ ਵਿਚ 24 ਬੀਬੀਆਂ ਸਨ, ਪਰ ਕਾਮਯਾਬ ਪੱਛਾਦ ਹਲਕੇ ਤੋਂ ਭਾਜਪਾ ਦੀ ਰੀਨਾ ਕਸ਼ਯਪ ਹੀ ਹੋਈ, ਜਿਸ ਨੇ ਕਾਂਗਰਸ ਦੀ ਦਿਆਲ ਪਿਆਰੀ ਨੂੰ ਹਰਾਇਆ | ਰੀਨਾ ਨੇ ਆਪਣੀ ਸੀਟ ਬਰਕਰਾਰ ਰੱਖੀ | ਪਿਛਲੀ ਅਸੰਬਲੀ ਵਿਚ ਚਾਰ ਮਹਿਲਾ ਵਿਧਾਇਕ ਸਨ | ਹਿਮਾਚਲ ਵਿਚ ਕੁਲ ਵੋਟਰਾਂ ਵਿਚ ਕਰੀਬ 49 ਫੀਸਦੀ ਬੀਬੀਆਂ ਹਨ | ਦਿਲਚਸਪ ਗੱਲ ਇਹ ਹੈ ਕਿ 1998 ਦੀਆਂ ਚੋਣਾਂ ਵਿਚ ਬੀਬੀਆਂ ਨੇ ਮਰਦਾਂ ਨਾਲੋਂ ਵੱਧ ਵੋਟਾਂ ਪਾਈਆਂ ਸਨ ਤੇ ਇਹ ਰੁਝਾਨ ਪਿਛਲੀਆਂ ਪੰਜ ਚੋਣਾਂ ਵਿਚ ਜਾਰੀ ਰਿਹਾ | 1998 ਵਿਚ ਬੀਬੀਆਂ ਤੇ ਮਰਦਾਂ ਨੇ ਕ੍ਰਮਵਾਰ 72.2 ਤੇ 71.23 ਫੀਸਦੀ ਵੋਟਾਂ ਪਾਈਆਂ | 2003 ਵਿਚ ਬੀਬੀਆਂ ਨੇ 75.92 ਤੇ ਮਰਦਾਂ ਨੇ 73.14, 2007 ਵਿਚ ਬੀਬੀਆਂ ਨੇ 74.10 ਤੇ ਮਰਦਾਂ ਨੇ 68.36, 2012 ਵਿਚ ਬੀਬੀਆਂ ਨੇ 76.20 ਤੇ ਮਰਦਾਂ ਨੇ 69.39 ਤੇ 2017 ਵਿਚ ਬੀਬੀਆਂ ਨੇ 77.98 ਤੇ ਮਰਦਾਂ ਨੇ 70.58 ਫੀਸਦੀ ਵੋਟਾਂ ਪਾਈਆਂ ਸਨ | ਇਸ ਵਾਰ 76.8 ਫੀਸਦੀ ਬੀਬੀਆਂ ਨੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ, ਜਦਕਿ ਮਰਦ ਵੋਟਰਾਂ ਵਿੱਚੋਂ 72.4 ਫੀਸਦੀ ਨੇ | ਬੀਬੀਆਂ ਨੇ ਮਰਦਾਂ ਨਾਲੋਂ 82,301 ਵੋਟਾਂ ਵੱਧ ਪਾਈਆਂ | ਜਮਹੂਰੀਅਤ ਦੀ ਮਜ਼ਬੂਤੀ ਲਈ ਪੋਲਿੰਗ ਵਿਚ ਵਧ-ਚੜ੍ਹ ਕੇ ਹਿੱਸਾ ਲੈਣ ਦੇ ਬਾਵਜੂਦ ਬੀਬੀਆਂ ਦੀ ਅਸੰਬਲੀ ਵਿਚ ਨਾਮਾਤਰ ਨੁਮਾਇੰਦਗੀ ਦਰਸਾਉਂਦੀ ਹੈ ਕਿ ਮਹਿਲਾ ਸਸ਼ਕਤੀਕਰਨ ਦੇ ਲੰਬੇ-ਚੌੜੇ ਦਾਅਵਿਆਂ ਦੇ ਬਾਵਜੂਦ ਪ੍ਰਮੱੁਖ ਸਿਆਸੀ ਪਾਰਟੀਆਂ ਉਨ੍ਹਾਂ ਨੂੰ ਮਰਦਾਂ ਦੇ ਬਰਾਬਰ ਲਿਆਉਣ ਲਈ ਤਿਆਰ ਨਹੀਂ | 1967 ਤੋਂ ਲੈ ਕੇ ਹੁਣ ਤੱਕ ਸਿਰਫ 43 ਬੀਬੀਆਂ ਹੀ ਵਿਧਾਇਕ ਬਣੀਆਂ ਹਨ | ਇਹ ਹਾਲ ਹਿਮਾਚਲ ਦਾ ਹੀ ਨਹੀਂ, ਹਰ ਸੂਬੇ ਦਾ ਹੈ |
ਉਂਜ ਤਾਂ ਲੱਗਭੱਗ ਸਾਰੀਆਂ ਹੀ ਪਾਰਟੀਆਂ ਸੰਸਦ ਤੇ ਵਿਧਾਨ ਸਭਾਵਾਂ ਦੀਆਂ ਚੋਣਾਂ ਲਈ ਔਰਤਾਂ ਨੂੰ 33 ਫ਼ੀਸਦੀ ਰਾਖਵਾਂਕਰਨ ਦੀ ਵਕਾਲਤ ਕਰਦੀਆਂ ਹਨ, ਪਰ ਜਦੋਂ ਮੌਕਾ ਆਉਂਦਾ ਹੈ ਤਾਂ ਔਰਤਾਂ ਨੂੰ ਨੁਮਾਇੰਦਗੀ ਦੇਣ ਤੋਂ ਕੰਨੀ ਕਤਰਾ ਜਾਂਦੀਆਂ | ਇਸੇ ਨੂੰ ਕਹਿੰਦੇ ਹਨ ਹਾਥੀ ਦੇ ਦੰਦ ਦਿਖਾਉਣ ਨੂੰ ਹੋਰ ਤੇ ਖਾਣ ਨੂੰ ਹੋਰ |



