ਪੱਟੀ : ਪੱਟੀ ਨੇੜਲੇ ਥਾਣਾ ਸਰਹਾਲੀ ਅੰਦਰ ਸ਼ਨੀਵਾਰ ਤੜਕਸਾਰ ਅਣਪਛਾਤਿਆਂ ਨੇ ਰਾਕੇਟ ਨਾਲ ਹਮਲਾ ਕੀਤਾ | ਹਮਲੇ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ | ਰਾਕੇਟ ਥਾਣੇ ਦੇ ਸਾਂਝ ਕੇਂਦਰ ਦੀ ਇਮਾਰਤ ਵਿਚ ਲੱਗਾ, ਜਿਸ ਨਾਲ ਪੁਲਸ ਸਾਂਝ ਕੇਂਦਰ ਦੇ ਸ਼ੀਸ਼ੇ ਟੁੱਟ ਗਏ | ਜ਼ਿਲ੍ਹਾ ਤਰਨ ਤਾਰਨ ਦੇ ਪੁਲਸ ਅਧਿਕਾਰੀਆਂ ਨੇ ਥਾਣਾ ਸਰਹਾਲੀ ਅੰਦਰ ਪਹੁੰਚ ਕੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ | ਪੁਲਸ ਨੇ ਦੱਸਿਆ ਕਿ ਰਾਤ ਧਮਾਕੇ ਦੀ ਆਵਾਜ਼ ਸੁਣ ਕੇ ਜਦ ਜਵਾਨ ਬਾਹਰ ਨਿਕਲੇ ਤਾਂ ਹਮਲਾਵਰ ਫਰਾਰ ਹੋ ਚੁੱਕੇ ਸਨ | ਥਾਣੇ ‘ਚ ਰਾਤ ਸਮੇਂ ਮੁਨਸ਼ੀ, ਡਿਊਟੀ ਅਫ਼ਸਰ ਅਤੇ ਦੋ ਕਾਂਸਟੇਬਲ ਤੋਂ ਇਲਾਵਾ ਕੋਈ ਨਹੀਂ ਸੀ | ਪੁਲਸ ਸਾਂਝ ਕੇਂਦਰ ਵੀ ਬੰਦ ਪਿਆ ਸੀ, ਜਿਸ ਦੇ ਚਲਦੇ ਕੋਈ ਨੁਕਸਾਨ ਨਹੀਂ ਹੋਇਆ | ਪੁਲਸ ਅਤੇ ਸੁਰੱਖਿਆ ਏਜੰਸੀਆਂ ਹਾਲੇ ਇਸ ਬਾਰੇ ਕੋਈ ਜਾਣਕਾਰੀ ਨਹੀਂ ਦੇ ਰਹੀਆਂ | ਇਨ੍ਹਾਂ ਦਾ ਮੰਨਣਾ ਹੈ ਕਿ ਇਹ ਇੱਕ ਅੱਤਵਾਦੀ ਹਮਲਾ ਹੀ ਹੈ | ਹਮਲਾਵਰ ਕੋਈ ਨੁਕਸਾਨ ਨਹੀਂ ਕਰਨਾ ਚਾਹੁੰਦੇ ਸਨ, ਬਲਕਿ ਇਸ ਦੇ ਜ਼ਰੀਏ ਡਰ ਪੈਦਾ ਕਰਨ ਦੇ ਨਾਲ-ਨਾਲ ਮਾਹੌਲ ਖਰਾਬ ਕਰਨਾ ਚਾਹੁੰਦੇ ਸਨ | ਡੀ ਜੀ ਪੀ ਨੇ ਕਿਹਾ ਕਿ ਪਿਛਲੇ 2 ਮਹੀਨਿਆਂ ਤੋਂ ਪਾਕਿਸਤਾਨ ਦੀਆਂ ਡਰੋਨ ਐਕਟੀਵਿਟੀਜ਼ ਨੂੰ ਨਾਕਾਮ ਕਰਨ ਤੋਂ ਬਾਅਦ ਬੁਖਲਾਏ ਪਾਕਿਸਤਾਨ ਨੇ ਇਹ ਸਾਜ਼ਿਸ਼ ਰਚੀ ਸੀ | ਡੀ ਜੀ ਪੀ ਨੇ ਦੱਸਿਆ ਕਿ ਇਹ ਮਿਲਟਰੀ ਹਥਿਆਰ ਸੀ ਤੇ ਬਾਰਡਰ ਪਾਰੋਂ ਲਿਆਂਦਾ ਗਿਆ | ਇਸ ਮਾਮਲੇ ਤਹਿਤ ਪਰਚਾ ਦਰਜ ਕਰ ਲਿਆ ਗਿਆ ਹੈ | ਉਨ੍ਹਾ ਕਿਹਾ ਕਿ ਜਲਦ ਹੀ ਇਸ ਹਮਲੇ ਦੇ ਦੋਸ਼ੀ ਸਲਾਖਾਂ ਪਿੱਛੇ ਹੋਣਗੇ | ਕੁਝ ਸ਼ੱਕੀਆਂ ਨੂੰ ਹਿਰਾਸਤ ‘ਚ ਲਿਆ ਗਿਆ ਹੈ, ਜਿਨ੍ਹਾਂ ਤੋਂ ਪੁੱਛਗਿੱਛ ਜਾਰੀ ਹੈ | ਜ਼ਿਕਰਯੋਗ ਹੈ ਕਿ ਪਿਛਲੇ ਸਮੇਂ ਦੌਰਾਨ ਮੁਹਾਲੀ ਅੰਦਰ ਪੁਲਸ ਦੇ ਖੁਫੀਆ ਦਫਤਰ ਉਪਰ ਹਮਲੇ ਦੇ ਤਾਰ ਵੀ ਪੱਟੀ ਇਲਾਕੇ ਨਾਲ ਜੁੜੇ ਸਨ | ਡੀ ਜੀ ਪੀ ਗੌਰਵ ਯਾਦਵ ਨੇ ਸਥਿਤੀ ਦਾ ਜਾਇਜ਼ਾ ਲੈਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਯੂ ਏ ਪੀ ਏ ਦੇ ਤਹਿਤ ਐੱਫ ਆਈ ਆਰ ਦਰਜ ਕੀਤੀ ਗਈ ਹੈ | ਫੋਰੈਂਸਿਕ ਟੀਮ ਵੀ ਮੌਕੇ ‘ਤੇ ਪਹੁੰਚ ਗਈ ਹੈ | ਉਹਨਾ ਕਿਹਾ ਕਿ ਪੁਲਸ ਵੱਲੋਂ ਇਸ ਸੰਬੰਧੀ ਤੇਜ਼ੀ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਬਹੁਤ ਜਲਦ ਅਪਰਾਧੀਆਂ ਨੂੰ ਫੜ ਲਿਆ ਜਾਵੇਗਾ | ਹਮਲੇ ਦੇ ਪਿੱਛੇ ਅੱਤਵਾਦੀ ਕੁਨੈਕਸ਼ਨ ਵੀ ਸਾਹਮਣੇ ਆਇਆ ਹੈ | ਇਸ ਦੀ ਜ਼ਿੰਮੇਵਾਰੀ ਖਾਲਿਸਤਾਨੀ ਗੁਰਪਤਵੰਤ ਸਿੰਘ ਪੰਨੂੰ ਨੇ ਲਈ ਹੈ | ਜਿੱਥੇ ਇਹ ਹਮਲਾ ਹੋਇਆ ਹੈ, ਉਥੇ ਗੈਂਗਸਟਰ ਹਰਵਿੰਦਰ ਸਿੰਘ ਉਰਫ਼ ਰਿੰਦਾ ਦਾ ਪੁਰਾਣਾ ਘਰ ਹੈ | ਪਿਛਲੇ ਦਿਨੀਂ ਰਿੰਦਾ ਦੀ ਪਾਕਿਸਤਾਨ ‘ਚ ਮੌਤ ਦੀ ਸੂਚਨਾ ਸਾਹਮਣੇ ਆਈ ਸੀ | ਦੱਸਿਆ ਜਾ ਰਿਹਾ ਹੈ ਕਿ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ ਐੱਸ ਆਈ ਰਿੰਦਾ ਦੇ ਖੌਫ਼ ਨੂੰ ਕਾਇਮ ਰੱਖਣਾ ਚਾਹੁੰਦੀ ਹੈ | ਸ਼ਾਇਦ ਇਸ ਕਾਰਨ ਆਈ ਐੱਸ ਆਈ ਦੀ ਸ਼ਹਿ ‘ਤੇ ਇਹ ਹਮਲਾ ਕੀਤਾ ਗਿਆ ਹੋਵੇ | ਡੀ ਜੀ ਪੀ ਨੇ ਬੀਤੀ 9 ਦਸੰਬਰ ਨੂੰ ਪੁਲਸ ਦੇ ਉਚ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਸੀ, ਪਰ ਅੱਤਵਾਦੀਆਂ ਨੇ ਉਸੇ ਰਾਤ ਹੀ ਸਰਹਾਲੀ ਪੁਲਸ ਸਟੇਸ਼ਨ ਦੇ ਨਾਲ ਬਣੇ ਸਾਂਝ ਕੇਂਦਰ ‘ਤੇ ਹਮਲਾ ਕਰਕੇ ਪੁਲਸ ਨੂੰ ਚੁਣੌਤੀ ਦੇ ਦਿੱਤੀ |





