ਨਵੀਂ ਦਿੱਲੀ : ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਮੰਗਲਵਾਰ ਲੋਕ ਸਭਾ ਤੇ ਰਾਜ ਸਭਾ ‘ਚ ਕਿਹਾ ਕਿ ਚੀਨੀ ਫੌਜੀਆਂ ਨੇ ਤਵਾਂਗ ਸੈਕਟਰ ‘ਚ ਸਥਿਤੀ ਨੂੰ ਬਦਲਣ ਦੀ ਕੋਸ਼ਿਸ਼ ਕੀਤੀ, ਜਿਸ ਦਾ ਭਾਰਤੀ ਜਵਾਨਾਂ ਨੇ ਢੁੱਕਵਾਂ ਜਵਾਬ ਦਿੱਤਾ ਅਤੇ ਉਨ੍ਹਾਂ ਨੂੰ ਖਦੇੜ ਦਿੱਤਾ | ਉਨ੍ਹਾ ਕਿਹਾ ਕਿ ਦੇਸ਼ ਦੀਆਂ ਸਰਹੱਦਾਂ ‘ਤੇ ਕਿਸੇ ਵੀ ਸਥਿਤੀ ‘ਚ ਮੁਕਾਬਲਾ ਕਰਨ ਲਈ ਸਾਡੇ ਜਵਾਨ ਤਿਆਰ ਹਨ | ਆਸ ਹੈ ਕਿ ਸੰਸਦ ਜਵਾਨਾਂ ਦੀ ਬਹਾਦਰੀ ਦਾ ਇਕਮੁੱਠ ਹੋ ਕੇ ਸਮਰਥਨ ਕਰੇਗੀ | ਉਨ੍ਹਾ ਕਿਹਾ ਕਿ ਇਹ ਮਾਮਲਾ ਚੀਨ ਨਾਲ ਕੂਟਨੀਤਕ ਪੱਧਰ ‘ਤੇ ਵੀ ਚੁੱਕਿਆ ਗਿਆ ਹੈ | ਤਵਾਂਗ ਸੈਕਟਰ ‘ਚ ਅਸਲ ਕੰਟਰੋਲ ਰੇਖਾ ਦੇ ਨੇੜੇ 9 ਦਸੰਬਰ ਨੂੰ ਭਾਰਤੀ ਅਤੇ ਚੀਨੀ ਫੌਜੀਆਂ ਵਿਚਾਲੇ ਝੜਪ ਹੋਈ, ਜਿਸ ‘ਚ ਦੋਵਾਂ ਪਾਸਿਆਂ ਦੇ ਕੁਝ ਫੌਜੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ | ਰਾਜਨਾਥ ਸਿੰਘ ਦੇ ਬਿਆਨ ‘ਤੇ ਸਪੱਸ਼ਟੀਕਰਨ ਦੀ ਇਜਾਜ਼ਤ ਨਾ ਦੇਣ ਖਿਲਾਫ ਕਾਂਗਰਸ ਮੈਂਬਰਾਂ ਨੇ ਰਾਜ ਸਭਾ ਵਿੱਚੋਂ ਵਾਕਆਊਟ ਕਰ ਦਿੱਤਾ | ਕਾਂਗਰਸ ਤੋਂ ਬਾਅਦ ਭਾਰਤੀ ਕਮਿਊਨਿਸਟ ਪਾਰਟੀ, ਸੀ ਪੀ ਐੱਮ, ਸ਼ਿਵ ਸੈਨਾ, ਰਾਸ਼ਟਰੀ ਜਨਤਾ ਦਲ ਤੇ ਜੇ ਐੱਮ ਐੱਮ ਦੇ ਮੈਂਬਰਾਂ ਨੇ ਵੀ ਸਦਨ ਤੋਂ ਵਾਕਆਊਟ ਕੀਤਾ | ਇਸੇ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਕਾਂਗਰਸ ਨੇ ਰਾਜੀਵ ਗਾਂਧੀ ਫਾਊਾਡੇਸ਼ਨ ਦੇ ਐੱਫ ਸੀ ਆਰ ਏ ਰੱਦ ਕਰਨ ਦੇ ਸਵਾਲ ਤੋਂ ਬਚਣ ਲਈ ਸੰਸਦ ‘ਚ ਸਰਹੱਦੀ ਮੁੱਦਾ ਉਠਾਇਆ ਹੈ | ਉਨ੍ਹਾ ਕਿਹਾ ਕਿ ਰਾਜੀਵ ਗਾਂਧੀ ਫਾਊਾਡੇਸ਼ਨ ਨੂੰ ਚੀਨੀ ਸਫਾਰਤਖਾਨੇ ਤੋਂ 1.35 ਕਰੋੜ ਰੁਪਏ ਮਿਲੇ ਹਨ | ਇਸ ਦੀ ਰਜਿਸਟ੍ਰੇਸ਼ਨ ਰੱਦ ਕਰ ਦਿੱਤੀ ਗਈ, ਕਿਉਂਕਿ ਇਹ ਐੱਫ ਸੀ ਆਰ ਏ ਨਿਯਮਾਂ ਅਧੀਨ ਨਹੀਂ ਆਉਂਦੀ ਸੀ | ਚੀਨ ਪ੍ਰੇਮ ਕਾਰਨ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ‘ਚ ਭਾਰਤੀ ਸਥਾਈ ਮੈਂਬਰਸ਼ਿਪ ਦੀ ਬਲੀ ਦਿੱਤੀ ਗਈ | ਉਨ੍ਹਾ ਕਿਹਾ—ਮੈਂ ਸਪੱਸ਼ਟ ਤੌਰ ‘ਤੇ ਕਹਿੰਦਾ ਹਾਂ ਕਿ ਜਦੋਂ ਤੱਕ ਮੋਦੀ ਸਰਕਾਰ ਸੱਤਾ ‘ਚ ਹੈ, ਕੋਈ ਵੀ ਸਾਡੀ ਜ਼ਮੀਨ ‘ਤੇ ਇੱਕ ਇੰਚ ਵੀ ਕਬਜ਼ਾ ਨਹੀਂ ਕਰ ਸਕਦਾ |