9 ਮਹੀਨੇ ਬੀਤ ਜਾਣ ਦੇ ਬਾਵਜੂਦ ਸਰਕਾਰ ਨੇ ਕੱਚੇ ਕਾਮੇ ਪੱਕੇ ਨਹੀਂ ਕੀਤੇ : ਧਾਲੀਵਾਲ

0
315

ਪਟਿਆਲਾ : ਪੀ ਆਰ ਟੀ ਸੀ ਰਿਟਾਇਰਡ ਵਰਕਰਜ਼ ਭਾਈਚਾਰਾ ਯੂਨੀਅਨ ਏਟਕ ਪਟਿਆਲਾ ਦੀ ਮੀਟਿੰਗ ਉਤਮ ਸਿੰਘ ਬਾਗੜੀ, ਕੁਲਦੀਪ ਸਿੰਘ ਗਰੇਵਾਲ ਤੇ ਨਿਰਮਲ ਸਿੰਘ ਧਾਲੀਵਾਲ ‘ਤੇ ਅਧਾਰਤ ਪ੍ਰਧਾਨਗੀ ਮੰਡਲ ਹੇਠ ਹੋਈ | ਸਭ ਤੋਂ ਪਹਿਲਾਂ ਰਾਮ ਲਾਲ ਫੌਜੀ ਡਰਾਈਵਰ, ਰੁਪਿੰਦਰ ਪਾਲ ਇੰਸਪੈਕਟਰ, ਦਰਸ਼ਨ ਸਿੰਘ ਬੀਰਮੀ ਦੀ ਪਤਨੀ ਦੇ ਦਿਹਾਂਤ ਤੇ ਦੋ ਮਿੰਟ ਦਾ ਮੋਨ ਰੱਖ ਕੇ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ |
8 ਦਸੰਬਰ ਨੂੰ ਪੰਜਾਬ ਏਟਕ ਦੀ ਕਾਨਫਰੰਸ ਵਿੱਚ ਸਰਬਸੰਮਤੀ ਨਾਲ ਨਿਰਮਲ ਸਿੰਘ ਧਾਲੀਵਾਲ ਨੂੰ ਪੰਜਾਬ ਏਟਕ ਦਾ ਜਨਰਲ ਸਕੱਤਰ ਚੁਣੇ ਜਾਣ ‘ਤੇ ਵਧਾਈ ਦਿੱਤੀ ਗਈ ਅਤੇ ਸਮੁੱਚੀ ਲੀਡਰਸ਼ਿਪ ਨੇ ਫੁੱਲਾਂ ਦੇ ਹਾਰ ਪਾ ਕੇ ਸਵਾਗਤ ਕੀਤਾ | ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਨਿਰਮਲ ਸਿੰਘ ਧਾਲੀਵਾਲ ਨੇ ਪੰਜਾਬ ਸਰਕਾਰ ਦੀ ਕਰੜੇ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਕਿਹਾ ਕਿ 9 ਮਹੀਨੇ ਬੀਤ ਜਾਣ ਦੇ ਬਾਵਜੂਦ ਕੱਚੇ ਕਾਮਿਆਂ ਨੂੰ ਪੱਕੇ ਨਹੀਂ ਕੀਤਾ ਗਿਆ | ਪੀ ਆਰ ਟੀ ਸੀ ਦੇ ਸਫਰ ਸਹੂਲਤਾਂ ਦੇ ਬਣਦੇ ਪੈਸੇ ਨਾ ਦੇਣ ਕਰਕੇ ਸੇਵਾਮੁਕਤ ਕਰਮਚਾਰੀਆਂ ਦੇ ਫੰਡ, ਗਰੈਚੂਟੀ, ਮੈਡੀਕਲ ਬਿੱਲ ਅਤੇ ਏਰੀਅਰ ਦਾ ਭੁਗਤਾਨ ਨਹੀਂ ਹੋ ਰਿਹਾ | ਹਰ ਰੋਜ਼ ਸੰਘਰਸ਼ ਕਰ ਰਹੇ ਵਰਕਰਾਂ ‘ਤੇ ਲਾਠੀਚਾਰਜ ਹੋ ਰਹੇ ਹਨ | ਇਸੇ ਤਰ੍ਹਾਂ ਕੇਂਦਰ ਸਰਕਾਰ ਪਬਲਿਕ ਸੈਕਟਰ ਦੇ ਅਦਾਰਿਆਂ ਨੂੰ ਕੌਡੀਆਂ ਦੇ ਭਾਅ ਵੇਚ ਰਹੀ ਹੈ | ਲੇਬਰ ਕਾਨੂੰਨ ਅੰਦਰ 4 ਕੋਡ ਬਿੱਲ ਬਣਾ ਕੇ ਵਰਕਿੰਗ ਕਲਾਸ ਦੇ ਹੱਕਾਂ ‘ਤੇ ਛਾਪੇ ਮਾਰੇ ਜਾ ਰਹੇ ਹਨ ਅਤੇ ਜ਼ਬਾਨਬੰਦੀ ਕੀਤੀ ਜਾ ਰਹੀ ਹੈ | ਪੀ ਆਰ ਟੀ ਸੀ ਦੀ ਮੈਨੇਜਮੈਂਟ ਬਾਰੇ ਗੱਲ ਕਰਦਿਆਂ ਉਹਨਾ ਕਿਹਾ ਕਿ ਅਦਾਰੇ ਅੰਦਰ ਕੁਰੱਪਸ਼ਨ ਦਾ ਬੋਲਬਾਲਾ ਹੈ, ਜਿਵੇਂ ਬਠਿੰਡਾ ਡਿਪੂ ਵਿਚ ਹੋਏ ਬਹੁ-ਕਰੋੜੀ ਘਪਲੇ ਦੀ ਪੂਰੀ ਡੂੰਘਾਈ ਨਾਲ ਜਾਂਚ ਦਾ ਨਾ ਹੋਣਾ ਆਦਿ | ਮੀਟਿੰਗ ਨੂੰ ਉਤਮ ਸਿੰਘ ਬਾਗੜੀ, ਮੁਹੰਮਦ ਖਲੀਲ, ਇੰਦਰਜੀਤ ਸਿੰਘ ਢਿੱਲੋਂ, ਰਮੇਸ਼ ਕੁਮਾਰ, ਅਮਰਜੀਤ ਸਿੰਘ, ਗੁਲਾਬ ਸਿੰਘ, ਗੁਰਵਿੰਦਰ ਗੋਲਡੀ, ਹਰਭਜਨ ਸਿੰਘ ਤੇ ਮਹਿੰਦਰ ਸਿੰਘ ਨੇ ਸੰਬੋਧਨ ਕਰਦੇ ਹੋਏ ਮੰਗ ਕੀਤੀ ਕਿ ਠੇਕੇ ‘ਤੇ ਭਰਤੀ ਵਰਕਰਾਂ ਨੂੰ ਪੱਕਾ ਕੀਤਾ ਜਾਵੇ | 1992 ਤੋਂ ਵਾਂਝੇ ਰਹਿ ਗਏ ਮੁਲਾਜਮਾਂ ਨੂੰ ਪੈਨਸ਼ਨ ਦਿੱਤੀ ਜਾਵੇ, ਸੇਵਾਮੁਕਤ ਕਰਮਚਾਰੀਆਂ ਦੇ ਫੰਡ, ਗਰੈਚੂਟੀ, ਏਰੀਅਰ, ਮੈਡੀਕਲ ਬਿੱਲਾਂ ਦੀ ਅਦਾਇਗੀ ਬਿਨਾਂ ਦੇਰੀ ਤੋਂ ਕੀਤੀ ਜਾਵੇ | ਸਟੇਜ ਦਾ ਸੰਚਾਲਨ ਸੁਖਦੇਵ ਰਾਮ ਸੁੱਖੀ ਨੇ ਬਾਖੂਬੀ ਕੀਤਾ |

LEAVE A REPLY

Please enter your comment!
Please enter your name here