ਚੰਡੀਗੜ੍ਹ : ਪੰਜਾਬ ਦੇ ਰਾਜਪਾਲ ਤੇ ਯੂ ਟੀ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਨੇ ਚੰਡੀਗੜ੍ਹ ਦੇ ਐੱਸ ਐੱਸ ਪੀ ਕੁਲਦੀਪ ਚਾਹਲ ਨੂੰ ਹਟਾ ਕੇ ਹਰਿਆਣਾ ਕੇਡਰ ਦੇ ਅਫਸਰ ਨੂੰ ਐੱਸ ਐੱਸ ਪੀ ਲਾਉਣ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਦੇ ਇਤਰਾਜ਼ ਦਾ ਪੂਰੀ ਤਰ੍ਹਾਂ ਖੰਡਨ ਕਰਦੇ ਹੋਏ ਇਹ ਦਾਅਵਾ ਕੀਤਾ ਹੈ ਕਿ ਨਵੰਬਰ ‘ਚ ਹੀ ਇਸ ਮਸਲੇ ਬਾਰੇ ਮੁੱਖ ਸਕੱਤਰ ਪੰਜਾਬ ਨੂੰ ਬਕਾਇਦਾ ਜਾਣਕਾਰੀ ਦੇ ਦਿੱਤੀ ਗਈ ਸੀ | ਮੁੱਖ ਮੰਤਰੀ ਨੂੰ ਲਿਖੀ ਚਿੱਠੀ ‘ਚ ਰਾਜਪਾਲ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਕੁਲਦੀਪ ਚਾਹਲ ਨੂੰ ਹਟਾਉਣ ਦਾ ਕਾਰਨ ਦੱਸ ਕੇ ਇੱਕ ਨਵਾਂ ਪੈਨਲ ਭੇਜਣ ਲਈ ਪਹਿਲਾਂ ਹੀ ਕਹਿ ਦਿੱਤਾ ਗਿਆ ਸੀ |
ਉਨ੍ਹਾ ਚਿੱਠੀ ਵਿਚ ਕਿਹਾ ਕਿ ਕੁਲਦੀਪ ਚਾਹਲ ਦੇ ਵਤੀਰੇ ਬਾਰੇ ਗੰਭੀਰ ਸ਼ਿਕਾਇਤਾਂ ਪ੍ਰਾਪਤ ਹੋ ਰਹੀਆਂ ਸਨ, ਜਿਨ੍ਹਾਂ ਦੀ ਉਨ੍ਹਾ ਪੜਤਾਲ ਕਰਵਾਈ ਤਾਂ ਉਹ ਸਹੀ ਨਿਕਲੀਆਂ | ਇਸੇ ਕਾਰਨ ਉਨ੍ਹਾ ਕੁਲਦੀਪ ਚਾਹਲ ਨੂੰ ਬਦਲਣ ਦਾ ਫੈਸਲਾ ਲਿਆ ਤੇ ਇਸ ਬਾਰੇ ਪੰਜਾਬ ਦੇ ਮੁੱਖ ਸਕੱਤਰ ਨੂੰ 28 ਨਵੰਬਰ ਨੂੰ ਹੀ ਦੱਸ ਦਿੱਤਾ ਸੀ ਕਿ ਉਹ ਅਗਲਾ ਐੱਸ ਐੱਸ ਪੀ ਲਗਾਉਣ ਵਾਸਤੇ ਪੈਨਲ ਭੇਜਣ |
ਉਨ੍ਹਾ ਮੁੱਖ ਮੰਤਰੀ ਨੂੰ ਇਹ ਵੀ ਕਿਹਾ ਕਿ ਉਨ੍ਹਾ ਤੱਥ ਜਾਣੇ ਬਗੈਰ ਹੀ ਰਾਜਪਾਲ ਕੋਲ ਸ਼ਿਕਾਇਤ ਕੀਤੀ ਹੈ ਤੇ ਬਦਲੀ ਦਾ ਮੁੱਦਾ ਪੰਜਾਬ ਬਨਾਮ ਹਰਿਆਣਾ ਬਣਾ ਦਿੱਤਾ ਹੈ | ਉਨ੍ਹਾ ਦੱਸਿਆ ਕਿ ਕਿਵੇਂ ਇਸ ਮਾਮਲੇ ‘ਤੇ ਉਨ੍ਹਾ ਦੇ ਸਲਾਹਕਾਰ ਨੇ ਵੀ ਮੁੱਖ ਸਕੱਤਰ ਨਾਲ 30 ਨਵੰਬਰ ਨੂੰ ਮੁਲਾਕਾਤ ਕੀਤੀ ਤੇ ਫਿਰ ਪੈਨਲ ਦੀ ਮੰਗ ਕੀਤੀ | ਇਸੇ ਦਿਨ ਸ਼ਾਮ ਨੂੰ ਮੁੱਖ ਸਕੱਤਰ ਨੇ ਰਾਜਪਾਲ ਨਾਲ ਮੁਲਾਕਾਤ ਕੀਤੀ, ਜਿਸ ਦੌਰਾਨ ਰਾਜਪਾਲ ਨੇ ਫਿਰ ਪੈਨਲ ਦੀ ਮੰਗ ਕੀਤੀ |
ਰਾਜਪਾਲ ਨੇ ਆਪਣੀ ਚਿੱਠੀ ਵਿਚ ਮੁੱਖ ਮੰਤਰੀ ‘ਤੇ ਤਨਜ਼ ਵੀ ਕੱਸਿਆ ਕਿ ਉਨ੍ਹਾਂ ਦਿਨਾਂ ਵਿਚ ਤੁਸੀਂ ਗੁਜਰਾਤ ਚੋਣਾਂ ਵਿਚ ਰੁੱਝੇ ਸੀ, ਇਸ ਲਈ ਤੁਹਾਡੇ ਨਾਲ ਰਾਬਤਾ ਨਹੀਂ ਹੋ ਸਕਿਆ |