ਚੀਨ ਨਾਲ ਝੜਪ ‘ਤੇ ਬਹਿਸ ਨਾ ਕਰਾਉਣ ‘ਤੇ ਦੋਹਾਂ ਸਦਨਾਂ ‘ਚੋਂ ਵਾਕਆਊਟ

0
190

ਨਵੀਂ ਦਿੱਲੀ : ਅਰੁਣਾਚਲ ਪ੍ਰਦੇਸ਼ ਦੇ ਤਵਾਂਗ ਸੈਕਟਰ ‘ਚ ਭਾਰਤ ਅਤੇ ਚੀਨ ਦੇ ਫੌਜੀਆਂ ਵਿਚਾਲੇ ਝੜਪ ਦੇ ਮਾਮਲੇ ‘ਤੇ ਚਰਚਾ ਦੀ ਮੰਗ ਨਾ ਮੰਨੇ ਜਾਣ ‘ਤੇ ਬੁੱਧਵਾਰ ਸੋਨੀਆ ਗਾਂਧੀ ਦੀ ਅਗਵਾਈ ਵਿਚ ਕਾਂਗਰਸ ਮੈਂਬਰਾਂ ਨੇ ਲੋਕ ਸਭਾ ਵਿੱਚੋਂ ਵਾਕਆਊਟ ਕੀਤਾ | ਸਵਾਲਾਂ-ਜਵਾਬਾਂ ਦਾ ਸਮਾਂ ਖਤਮ ਹੁੰਦਿਆਂ ਹੀ ਕਾਂਗਰਸ ਦੇ ਸਦਨ ਦੇ ਆਗੂ ਅਧੀਰ ਰੰਜਨ ਚੌਧਰੀ ਨੇ ਇਹ ਕਹਿੰਦਿਆਂ ਬਹਿਸ ਦੀ ਮੰਗ ਕੀਤੀ ਕਿ ਮਰਹੂਮ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੇ ਵੀ 1962 ਵਿਚ ਭਾਰਤ-ਚੀਨ ਜੰਗ ‘ਤੇ ਲੋਕ ਸਭਾ ਵਿਚ ਬਹਿਸ ਕਰਵਾਈ ਸੀ | ਨਹਿਰੂ ਨੇ 165 ਮੈਂਬਰਾਂ ਨੂੰ ਬੋਲਣ ਦਾ ਮੌਕਾ ਦਿੱਤਾ ਸੀ ਤੇ ਉਸ ਤੋਂ ਬਾਅਦ ਫੈਸਲਾ ਕੀਤਾ ਗਿਆ ਸੀ ਕਿ ਕੀ ਕਰਨਾ ਹੈ | ਸਪੀਕਰ ਓਮ ਬਿੜਲਾ ਨੇ ਕਿਹਾ ਕਿ ਬਹਿਸ ਦਾ ਫੈਸਲਾ ਬਿਜ਼ਨੈੱਸ ਐਡਵਾਇਜ਼ਰੀ ਕਮੇਟੀ ਕਰੇਗੀ | ਜਦੋਂ ਸਪੀਕਰ ਨੇ ਹੋਰਨਾਂ ਮੁੱਦਿਆਂ ‘ਤੇ ਕਾਰਵਾਈ ਚਲਾਉਣੀ ਜਾਰੀ ਰੱਖੀ, ਕਾਂਗਰਸ ਤੇ ਤਿ੍ਣਮੂਲ ਕਾਂਗਰਸ ਦੇ ਮੈਂਬਰ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਦੇ ਵਾਕਆਊਟ ਕਰ ਗਏ | ਇਸ ਤੋਂ ਪਹਿਲਾਂ ਆਪੋਜ਼ੀਸ਼ਨ ਮੈਂਬਰਾਂ ਨੇ ਹੋਰਨਾਂ ਮੁੱਦਿਆਂ ‘ਤੇ ਵੀ ਵਾਕਆਊਟ ਕੀਤਾ | ਰਾਜ ਸਭਾ ‘ਚ ਵੀ ਚਰਚਾ ਦੀ ਮੰਗ ਨਾ ਮੰਨੇ ਜਾਣ ‘ਤੇ ਬੁੱਧਵਾਰ ਕਾਂਗਰਸ, ਤਿ੍ਣਮੂਲ ਕਾਂਗਰਸ, ਸਮਾਜਵਾਦੀ ਪਾਰਟੀ, ਰਾਸ਼ਟਰਵਾਦੀ ਕਾਂਗਰਸ ਪਾਰਟੀ, ਰਾਸ਼ਟਰੀ ਜਨਤਾ ਦਲ ਸਮੇਤ ਕਈ ਵਿਰੋਧੀ ਪਾਰਟੀਆਂ ਨੇ ਸਦਨ ‘ਚੋਂ ਵਾਕਆਊਟ ਕੀਤਾ | ਇਸੇ ਦੌਰਾਨ ਇਸੇ ਮੁੱਦੇ ‘ਤੇ ਕਾਂਗਰਸ ਅਤੇ ਕਈ ਹੋਰ ਵਿਰੋਧੀ ਪਾਰਟੀਆਂ ਨੇ ਸੰਸਦ ਦੇ ਦੋਵਾਂ ਸਦਨਾਂ ‘ਚ ਸਾਂਝੀ ਰਣਨੀਤੀ ਤੈਅ ਕਰਨ ਲਈ ਮੀਟਿੰਗ ਕੀਤੀ | ਕਾਂਗਰਸ ਪ੍ਰਧਾਨ ਅਤੇ ਰਾਜ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਮੱਲਿਕਾਰਜੁਨ ਖੜਗੇ ਦੇ ਚੈਂਬਰ ‘ਚ ਖੜਗੇ ਤੋਂ ਇਲਾਵਾ ਲੋਕ ਸਭਾ ‘ਚ ਕਾਂਗਰਸ ਨੇਤਾ ਅਧੀਰ ਰੰਜਨ ਚੌਧਰੀ, ਡੀ ਐੱਮ ਕੇ ਨੇਤਾ ਟੀ ਆਰ ਬਾਲੂ, ਸਮਾਜਵਾਦੀ ਪਾਰਟੀ ਦੇ ਰਾਮ ਗੋਪਾਲ ਯਾਦਵ, ਸ਼ਿਵ ਸੈਨਾ ਦੀ ਪਿ੍ਯੰਕਾ ਚਤੁਰਵੇਦੀ ਅਤੇ ਕੁਝ ਹੋਰ ਪਾਰਟੀਆਂ ਦੇ ਨੇਤਾ ਸ਼ਾਮਲ ਹੋਏ |

LEAVE A REPLY

Please enter your comment!
Please enter your name here