ਚੰਡੀਗੜ੍ਹ : ਪੰਜਾਬ ਸਰਕਾਰ ਨੇ ਚੰਡੀਗੜ੍ਹ ਦੇ ਐੱਸ ਐੱਸ ਪੀ ਦੀ ਪੋਸਟ ਲਈ ਗਵਰਨਰ ਬਨਵਾਰੀ ਲਾਲ ਪੁਰੋਹਿਤ, ਜੋ ਚੰਡੀਗੜ੍ਹ ਦੇ ਪ੍ਰਸ਼ਾਸਕ ਵੀ ਹਨ, ਨੂੰ ਤਿੰਨ ਅਫਸਰਾਂ ਦਾ ਪੈਨਲ ਭੇਜ ਦਿੱਤਾ ਗਿਆ ਹੈ | ਇਹ ਜਾਣਕਾਰੀ ਖੁਦ ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਤੀ | ਉਨ੍ਹਾ ਕਿਹਾ ਕਿ ਉਨ੍ਹਾ ਦੇ ਗਵਰਨਰ ਨਾਲ ਰਿਸ਼ਤੇ ਠੀਕ ਹਨ | ਪੈਨਲ ਵਿਚ ਮੋਹਾਲੀ ਦੇ ਐੱਸ ਐੱਸ ਪੀ ਸੰਦੀਪ ਗਰਗ, ਡਾ. ਅਖਿਲ ਚੌਧਰੀ ਤੇ ਭਗੀਰਥ ਸਿੰਘ ਮੀਨਾ ਦੇ ਨਾਂਅ ਸ਼ਾਮਲ ਹਨ | ਪ੍ਰਸ਼ਾਸਕ ਨੇ ਕੁਲਦੀਪ ਸਿੰਘ ਚਾਹਲ ਨੂੰ ਹਟਾ ਕੇ ਹਰਿਆਣਾ ਕੇਡਰ ਦੇ ਅਧਿਕਾਰੀ ਨੂੰ ਐੱਸ ਐੱਸ ਪੀ ਲਾਉਣ ‘ਤੇ ਪੰਜਾਬ ਨੇ ਇਤਰਾਜ਼ ਕਰਦਿਆਂ ਕਿਹਾ ਸੀ ਕਿ ਐੱਸ ਐੱਸ ਪੀ ਪੰਜਾਬ ਦਾ ਹੀ ਲੱਗਦਾ ਹੈ | ਇਸ ‘ਤੇ ਪ੍ਰਸ਼ਾਸਕ ਨੇ ਕਿਹਾ ਸੀ ਕਿ ਪੰਜਾਬ ਤੋਂ ਪੈਨਲ ਮੰਗਿਆ ਸੀ, ਪਰ ਉਸ ਨੇ ਦਿੱਤਾ ਨਹੀਂ | ਪੰਜਾਬ ਸਰਕਾਰ ਦਾ ਕਹਿਣਾ ਸੀ ਕਿ ਪੈਨਲ ਮੁੱਖ ਸਕੱਤਰ ਨੂੰ ਫੋਨ ਕਰਕੇ ਮੰਗਣ ਦੀ ਥਾਂ ਸਿੱਧੀ ਮੁੱਖ ਮੰਤਰੀ ਨੂੰ ਚਿੱਠੀ ਲਿਖ ਕੇ ਮੰਗਿਆ ਜਾਣਾ ਚਾਹੀਦਾ ਸੀ |