ਜਲੰਧਰ : ਮੋਦੀ ਸਰਕਾਰ ਦੀ ਫਾਸ਼ੀਵਾਦੀ ਤੇ ਲੋਕ-ਵਿਰੋਧੀ ਨੀਤੀ ਨੂੰ ਸਾਹਮਣੇ ਰੱਖਦੇ ਹੋਏ ਅੱਠ ਖੱਬੇ ਪੱਖੀ ਪਾਰਟੀਆਂ ਤੇ ਜਨਤਕ ਜਥੇਬੰਦੀਆਂ ਵੱਲੋਂ ਉਸਾਰੇ ਫਾਸ਼ੀ ਹਮਲੇ ਵਿਰੋਧੀ ਫਰੰਟ ਵੱਲੋਂ ਪੰਜਾਬ ਪੱਧਰ ਦੀ ਕਨਵੈਨਸ਼ਨ 29 ਦਸੰਬਰ ਨੂੰ ਗਦਰੀਆਂ ਦੇ ਇਤਿਹਾਸਕ ਸਥਾਨ ਦੇਸ਼ ਭਗਤ ਯਾਦਗਾਰ ਕੰਪਲੈਕਸ ਜਲੰਧਰ ਵਿਖੇ ਭਾਈ ਜਵਾਲਾ ਸਿੰਘ ਹਾਲ ਵਿੱਚ ਕੀਤੀ ਜਾ ਰਹੀ ਹੈ | ਸੀ ਪੀ ਆਈ ਪੰਜਾਬ ਤੇ ਚੰਡੀਗੜ੍ਹ ਦੇ ਸਕੱਤਰ ਬੰਤ ਸਿੰਘ ਬਰਾੜ ਨੇ ਕਿਹਾ ਕਿ ਇਸ ਵਕਤ ਭਾਜਪਾ ਦੀ ਅਗਵਾਈ ਵਾਲੀ ਮੋਦੀ ਸਰਕਾਰ ਦੇਸ਼ ਦੇ ਆਵਾਮ ਨੂੰ ਫਾਸ਼ੀਵਾਦੀ ਰੰਗ ਵਿੱਚ ਰੰਗ ਰਹੀ ਹੈ | ਲੋਕ ਅੰਤਾਂ ਦੀ ਮਹਿੰਗਾਈ ਦੀ ਚੱਕੀ ਵਿੱਚ ਪੀਸੇ ਜਾ ਰਹੇ ਹਨ, ਪਰ ਮੋਦੀ ਸਰਕਾਰ ਲੋਕਾਂ ਦਾ ਧਿਆਨ ਮਹਿੰਗਾਈ ਵਾਲੇ ਪਾਸੇ ਤੋਂ ਹਟਾ ਕੇ ਫਿਰਕੂ ਫਸਾਦਾਂ ਵਾਲੇ ਪਾਸੇ ਲਾ ਰਹੀ ਹੈ |
ਮੋਦੀ ਦੀ ਫਿਰਕੂ ਨੀਤੀ ਕਰਕੇ ਦੇਸ਼ ਵਿੱਚ ਘੱਟ ਗਿਣਤੀ ਵਸੋਂ ‘ਤੇ ਆਰ ਐੱਸ ਐੱਸ ਦੇ ਗੁੰਡੇ ਤਸ਼ੱਦਦ ਢਾਹ ਰਹੇ ਹਨ | ਉਹ ਲੋਕ ਸਹਿਮੇ ਹੋਏ ਆਪਣਾ ਜੀਵਨ ਗੁਜ਼ਾਰ ਰਹੇ ਹਨ, ਉਨ੍ਹਾਂ ਨੂੰ ਆਪਣੀ ਜੱਦੀ-ਪੁਰਸ਼ੀ ਭੂਮੀ ਬਿਗਾਨੀ ਲੱਗ ਰਹੀ ਹੈ | ਪਹਿਲਾਂ ਜੰਮੂ-ਕਸ਼ਮੀਰ ਦੀ 370 ਧਾਰਾ ਤੋੜ ਕੇ ਉਸ ਦੇ ਦੋ ਟੋਟੇ ਕੀਤੀ ਗਏ, ਘੱਟ ਗਿਣਤੀਆਂ ਨੂੰ ਦੇਸ਼ ‘ਚੋਂ ਜਬਰਨ ਕੱਢਣ ਲਈ ਐੱਨ ਸੀ ਆਰ ਵਰਗੇ ਤਿੰਨ ਘਾਤਕ ਕਾਨੂੰਨ ਲਿਆਂਦੇ ਗਏ, ਹਿੰਦੁਸਤਾਨ ਦੇ ਬਾਰਡਰ ਤੋਂ ਦੇਸ਼ ਦੇ ਅੰਦਰ ਵੱਲ 50 ਕਿਲੋਮੀਟਰ ਤੱਕ ਦੇ ਅਧਿਕਾਰ ਬੀ ਐੱਸ ਐੱਫ ਨੂੰ ਦੇਣੇ, ਚੰਡੀਗੜ੍ਹ ‘ਚੋਂ ਪੰਜਾਬ ਦੇ ਮੁਲਾਜ਼ਮਾਂ ਦੇ ਅਧਿਕਾਰ ਖੋਹਣੇ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ‘ਤੇ ਕਬਜ਼ਾ ਕਰਨ ਵਾਲੇ ਪਾਸੇ ਵਧਣਾ, ਹਰਿਆਣਾ ਨੂੰ ਚੰਡੀਗੜ੍ਹ ਵਿੱਚ ਰਾਜਧਾਨੀ ਬਣਾਉਣ ਲਈ ਥਾਂ ਦੇਣਾ ਅਤੇ ਭਾਖੜਾ-ਬਿਆਸ ਪ੍ਰੋਜੈਕਟ ਵਿਚੋਂ ਪੰਜਾਬ ਦੇ ਮੁਲਾਜ਼ਮਾਂ ਦਾ ਅਧਿਕਾਰ ਖਤਮ ਕਰਨਾ, ਮੋਦੀ ਦੀ ਇਹ ਨੀਤੀ ਜਿਥੇ ਪੰਜਾਬ ਲਈ ਘਾਤਕ ਹੈ, ਉਥੇ ਦੇਸ਼ ਵਿੱਚ ਪਾੜਾ ਪਾਊ ਵੀ ਹੈ | ਇਹਨਾਂ ਪਾੜਾ-ਪਾਊ ਤੇ ਲੋਕ-ਵਿਰੋਧੀ ਫੈਸਲਿਆਂ ਵਿਰੁੱਧ ਪੰਜਾਬ ਦੀਆਂ ਖੱਬੀਆਂ ਪਾਰਟੀਆਂ ਵੱਲੋਂ ਇਹ ਕਨਵੈਨਸ਼ਨ ਹੋ ਰਹੀ ਹੈ | ਇਸ ਲਈ ਪਾਰਟੀ ਸਾਥੀ ਤੇ ਹਮਦਰਦ ਹੁੰਮ-ਹੁਮਾ ਕੇ ਪਹੁੰਚਣ |