ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਨੇ ਜਲੰਧਰ ਦੇ ਲਤੀਫਪੁਰਾ ਦੇ ਉਜਾੜੇ ਨੂੰ ਲੈ ਕੇ ਡੂੰਘੀ ਚਿੰਤਾ ਪ੍ਰਗਟ ਕੀਤੀ ਹੈ | ਪੰਜਾਬ ਸਰਕਾਰ ਦਾ ਕਹਿਣਾ ਹੈ ਕਿ ਸਾਰੇ ਆਰਥਕ ਤੌਰ ‘ਤੇ ਕਮਜ਼ੋਰ ਪ੍ਰਭਾਵਤ ਪਰਵਾਰਾਂ ਦਾ ਜਲੰਧਰ ਵਿਖੇ ਮਕਾਨ ਬਣਾ ਕੇ ਮੁੜ-ਵਸੇਬਾ ਕੀਤਾ ਜਾਵੇਗਾ | ਆਮ ਆਦਮੀ ਪਾਰਟੀ ਦੇ ਮੁੱਖ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਇੰਪਰੂਵਮੈਂਟ ਟਰੱਸਟ ਜਲੰਧਰ ਦੇ ਚੇਅਰਮੈਨ ਜਗਤਾਰ ਸਿੰਘ ਸੰਘੇੜਾ ਨੇ ਦੱਸਿਆ ਕਿ ਇਹ ਮੁਹਿੰਮ ਕੋਰਟ ਦੇ ਹੁਕਮਾਂ ‘ਤੇ ਚਲਾਈ ਗਈ ਸੀ | ਇਸ ਮੁਹਿੰਮ ਲਈ ਪਿਛਲੀਆਂ ਸਰਕਾਰਾਂ ਜ਼ਿੰਮੇਵਾਰ ਹਨ, ਜਿਨ੍ਹਾਂ ਨੇ ਇਸ ਮੁੱਦੇ ਦਾ ਕੋਈ ਠੋਸ ਹੱਲ ਨਹੀਂ ਲੱਭਿਆ | ਸ੍ਰੀ ਸੰਘੇੜਾ ਨੇ ਦੱਸਿਆ ਕਿ ਇਹ ਮਕਾਨ ਜਨਤਕ ਜਾਇਦਾਦ ‘ਤੇ ਬਣੇ ਹੋਏ ਹਨ | ਇਸ ਮਾਮਲੇ ‘ਚ ਟਰੱਸਟ ਖਿਲਾਫ ਮਾਣਹਾਨੀ ਦਾ ਕੇਸ ਵੀ ਚੱਲ ਰਿਹਾ ਸੀ, ਜਿਸ ਕਾਰਨ ਇਹ ਮੁਹਿੰਮ ਚਲਾਈ ਗਈ ਸੀ | ਟਰੱਸਟ ਨੇ 12 ਦਸੰਬਰ ਨੂੰ ਸੁਪਰੀਮ ਕੋਰਟ ਦੇ ਸਾਹਮਣੇ ਸਟੇਟਸ ਰਿਪੋਰਟ ਵੀ ਪੇਸ਼ ਕੀਤੀ ਸੀ, ਪਰ ਅਸੀਂ ਭਰੋਸਾ ਦਿੰਦੇ ਹਾਂ ਕਿ ਇਸ ਮੁਹਿੰਮ ਵਿੱਚ ਕਿਸੇ ਦਾ ਵੀ ਨੁਕਸਾਨ ਨਹੀਂ ਹੋਵੇਗਾ |
ਇਸ ਮਾਮਲੇ ਵਿੱਚ ਸਾਰੇ ਪ੍ਰਭਾਵਤ ਪਰਵਾਰਾਂ ਨੂੰ ਘਰ ਦਿੱਤੇ ਜਾਣਗੇ ਅਤੇ ਸਨਮਾਨ ਨਾਲ ਮੁੜ-ਵਸੇਬਾ ਕੀਤਾ ਜਾਵੇਗਾ | ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਵੀ ਹੁਕਮ ਦਿੱਤੇ ਹਨ ਕਿ ਸਾਰੇ ਪ੍ਰਭਾਵਤ ਗਰੀਬ ਪਰਵਾਰਾਂ ਦਾ ਜਲਦੀ ਤੋਂ ਜਲਦੀ ਪੁਨਰਵਾਸ ਕੀਤਾ ਜਾਵੇ ਅਤੇ ਇਸ ਲਈ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ | ਇਸ ਮੁਹਿੰਮ ਦੌਰਾਨ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਹਰੇਕ ਪਰਵਾਰ ਨੂੰ ਜਲਦੀ ਹੀ ਇੱਕ ਰਸੋਈ, ਇੱਕ ਬਾਥਰੂਮ ਅਤੇ 2 ਕਮਰੇ ਵਾਲਾ ਮਕਾਨ ਦਿੱਤਾ ਜਾਵੇਗਾ |