ਸ਼ਹੀਦ ਕਾਂਸਟੇਬਲ ਮਨਦੀਪ ਸਿੰਘ ਦੇ ਪਰਵਾਰ ਨੂੰ 2 ਕਰੋੜ ਦੇ ਚੈੱਕ ਸੌਂਪੇ

0
232

ਚੰਡੀਗੜ੍ਹ/ਲੋਹੀਆਂ (ਗੁਰਜੀਤ ਬਿੱਲਾ/ਰੀਨਾ ਸ਼ਰਮਾ, ਯੋਗੇਸ਼ਵਰ ਸ਼ਰਮਾ)
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ‘ਤੇ ਪੁਲਸ ਦੇ ਵਧੀਕ ਡਾਇਰੈਕਟਰ ਜਨਰਲ (ਏ ਡੀ ਜੀ ਪੀ) ਕਾਨੂੰਨ ਅਤੇ ਵਿਵਸਥਾ ਅਰਪਿਤ ਸ਼ੁਕਲਾ ਨੇ ਸ਼ਨੀਵਾਰ ਆਪਣੀ ਡਿਊਟੀ ਦੌਰਾਨ ਸ਼ਹੀਦੀ ਜਾਮ ਪੀਣ ਵਾਲੇ ਪੰਜਾਬ ਪੁਲਸ ਦੇ ਸ਼ਹੀਦ ਕਾਂਸਟੇਬਲ ਮਨਦੀਪ ਸਿੰਘ ਦੇ ਪਰਵਾਰ ਨੂੰ 2 ਕਰੋੜ ਰੁਪਏ (1-1 ਕਰੋੜ ਰੁਪਏ) ਦੇ ਦੋ ਚੈੱਕ ਸੌਂਪੇ |  2013 ਬੈਚ ਦਾ ਕਾਂਸਟੇਬਲ ਮਨਦੀਪ ਸਿੰਘ (32) ਜੋ ਕਿ ਸ਼ਾਹਕੋਟ, ਜਲੰਧਰ ਦੇ ਪਿੰਡ ਕੋਟਲੀ ਗਾਜਰਾਂ ਦਾ ਰਹਿਣ ਵਾਲਾ ਸੀ ਅਤੇ ਇੱਕ ਕੱਪੜਾ ਵਪਾਰੀ ਭੁਪਿੰਦਰ ਸਿੰਘ ਉਰਫ ਟਿੰਮੀ ਨਾਲ ਗੰਨਮੈਨ ਵਜੋਂ ਤਾਇਨਾਤ ਸੀ, ਜੋ ਇੱਕ ਬਹਾਦਰੀ ਭਰੇ ਤੇ ਜੋਖ਼ਮ ਭਰਪੂਰ ਕਾਰਜ ਨੂੰ ਅੰਜਾਮ ਦਿੰਦੇ ਹੋਏ 7 ਦਸੰਬਰ ਨੂੰ ਨਕੋਦਰ ਵਿੱਚ ਹਮਲਾਵਰਾਂ ਨਾਲ ਮੁੱਠਭੇੜ ਦੌਰਾਨ ਗੋਲੀ ਲੱਗਣ ਨਾਲ ਸ਼ਹੀਦ ਹੋ ਗਿਆ ਸੀ |
ਸ਼ਹੀਦ ਸਿਪਾਹੀ ਦੀ ਇਸ ਮਹਾਨ ਕੁਰਬਾਨੀ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਹੀਦ ਦੇ ਪਰਵਾਰ ਨੂੰ ਸਨਮਾਨ ਦੇਣ ਵਜੋਂ 2 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਸੀ | 2 ਕਰੋੜ ਰੁਪਏ ਦੀ ਰਕਮ ਵਿੱਚ ਰਾਜ ਸਰਕਾਰ ਦੁਆਰਾ ਐੱਕਸ ਗ੍ਰੇ ਸ਼ੀਆ ਵਜੋਂ 1 ਕਰੋੜ ਰੁਪਏ ਸ਼ਾਮਲ ਹਨ, ਜਦੋਂ ਕਿ 1 ਕਰੋੜ ਰੁਪਿਆ ਬੀਮਾ ਕਵਰ ਵਜੋਂ ਐੱਚ ਡੀ ਐੱਫ ਸੀ ਬੈਂਕ ਵੱਲੋਂ ਅਦਾ ਕੀਤਾ ਗਿਆ ਹੈ |
ਏ ਡੀ ਜੀ ਪੀ ਜਲੰਧਰ ਰੇਂਜ ਦੇ ਇੰਸਪੈਕਟਰ ਜਨਰਲ ਗੁਰਸ਼ਰਨ ਸਿੰਘ ਸੰਧੂ ਦੇ ਨਾਲ ਸ਼ਾਹਕੋਟ ਦੇ ਪਿੰਡ ਕੋਟਲੀ ਗਾਜਰਾਂ ਦੇ ਗੁਰਦੁਆਰਾ ਸਿੰਘ ਸਭਾ ਸਾਹਿਬ ਵਿਖੇ ਸ਼ਹੀਦ ਨਮਿਤ ਅੰਤਮ ਅਰਦਾਸ ਤੇ ਭੋਗ ਸਮਾਗਮ ਵਿੱਚ ਸ਼ਾਮਲ ਹੋਣ ਲਈ ਪੁੱਜੇ ਹੋਏ ਸਨ | ਏ ਡੀ ਜੀ ਪੀ ਅਰਪਿਤ ਸ਼ੁਕਲਾ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਉਨ੍ਹਾ ਸੂਬਾ ਸਰਕਾਰ ਦੀ ਤਰਫੋਂ 1 ਕਰੋੜ ਰੁਪਏ ਦਾ ਚੈੱਕ ਦਿੱਤਾ ਹੈ, ਜਦਕਿ ਪੰਜਾਬ ਪੁਲਸ ਮੁਲਾਜ਼ਮਾਂ ਦੀ ਭਲਾਈ ਨੀਤੀ ਤਹਿਤ ਡੀ ਜੀ ਪੀ ਪੰਜਾਬ ਗੌਰਵ ਯਾਦਵ ਅਤੇ ਐੱਚ ਡੀ ਐੱਫ ਸੀ ਬੈਂਕ ਦੀ ਤਰਫੋਂ ਸ਼ਹੀਦ ਪਰਵਾਰ ਨੂੰ 1 ਕਰੋੜ ਰੁਪਏ ਦਾ ਇੱਕ ਹੋਰ ਚੈੱਕ ਵੀ ਦਿੱਤਾ ਹੈ | ਉਨ੍ਹਾ ਕਿਹਾ ਕਿ ਸ਼ਹੀਦ ਦੀ ਇਸ ਲਾਸਾਨੀ ਤੇ ਮਹਾਨ ਕੁਰਬਾਨੀ ਸਦਕਾ ਸ਼ਹੀਦ ਮਨਦੀਪ ਸਿੰਘ ਦਾ ਨਾਂਅ ਰਾਸ਼ਟਰਪਤੀ ਬਹਾਦਰੀ ਪੁਰਸਕਾਰ (ਮਰਨ ਉਪਰੰਤ) ਲਈ ਵੀ ਸਿਫਾਰਸ਼ ਕੀਤਾ ਗਿਆ ਹੈ | ਡੀ ਜੀ ਪੀ ਗੌਰਵ ਯਾਦਵ ਨੇ ਸ਼ਹੀਦ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਸ਼ਹੀਦ ਦੇ ਪਰਵਾਰ ਨੂੰ ਪੰਜਾਬ ਸਰਕਾਰ ਤੇ ਪੰਜਾਬ ਪੁਲਸ ਵੱਲੋਂ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ |

LEAVE A REPLY

Please enter your comment!
Please enter your name here