ਹਵਾ ਪ੍ਰਦੂਸ਼ਣ ਦੇ ਵਿਅਕਤੀ ‘ਤੇ ਪੈਂਦੇ ਮਾੜੇ ਅਸਰਾਂ ਪ੍ਰਤੀ ਸਾਡੇ ਹਾਕਮ ਪੂਰੀ ਤਰ੍ਹਾਂ ਬੇਪ੍ਰਵਾਹ ਬਣੇ ਹੋਏ ਹਨ | ਬੀਤੇ 10 ਦਸੰਬਰ ਨੂੰ ਲੋਕ ਸਭਾ ‘ਚ ਕੇਂਦਰੀ ਸਿਹਤ ਰਾਜ ਮੰਤਰੀ ਭਾਰਤੀ ਪੰਵਾਰ ਨੇ ਹਵਾ ਪ੍ਰਦੂਸ਼ਣ ਸੰਬੰਧੀ ਇੱਕ ਸਵਾਲ ਦੇ ਜਵਾਬ ‘ਚ ਕਿਹਾ ਸੀ, ‘ਕੋਈ ਅਜਿਹਾ ਅਧਿਐਨ ਨਹੀਂ ਹੈ, ਜੋ ਸਪੱਸ਼ਟ ਤੌਰ ‘ਤੇ ਦੱਸਦਾ ਹੋਵੇ ਕਿ ਹਵਾ ਪ੍ਰਦੂਸ਼ਣ ਕਾਰਨ ਕੋਈ ਮਰਦਾ ਜਾਂ ਬਿਮਾਰ ਪੈਂਦਾ ਹੈ | ਹਵਾ ਪ੍ਰਦੂਸ਼ਣ ਨਾਲ ਉਨ੍ਹਾਂ ਲੋਕਾਂ ਦੀ ਸਿਹਤ ਪ੍ਰਭਾਵਤ ਹੁੰਦੀ ਹੈ, ਜਿਹੜੇ ਸਾਹ ਸੰਬੰਧੀ ਸਮੱਸਿਆਵਾਂ ਤੋਂ ਪੀੜਤ ਹੋਣ | ਸਿਹਤ ਨੂੰ ਬਹੁਤ ਸਾਰੇ ਤੱਤ ਪ੍ਰਭਾਵਤ ਕਰਦੇ ਹਨ, ਜਿਨ੍ਹਾਂ ‘ਚ ਖਾਣ-ਪੀਣ ਦੀਆਂ ਆਦਤਾਂ, ਕਾਰੋਬਾਰੀ ਆਦਤਾਂ, ਸਮਾਜਕ-ਆਰਥਕ ਹੈਸੀਅਤ, ਰੋਗਾਂ ਨਾਲ ਲੜਨ ਦੀ ਸਮਰੱਥਾ ਤੇ ਵਿਰਸੇ ‘ਚ ਮਿਲੀਆਂ ਸਮੱਸਿਆਵਾਂ ਸ਼ਾਮਲ ਹਨ |’
ਮੋਦੀ ਦੇ ਸੱਤਾ ‘ਚ ਆਉਣ ਤੋਂ ਬਾਅਦ ਹਵਾ ਪ੍ਰਦੂਸ਼ਣ ਬਾਰੇ ਜਦੋਂ ਸਵਾਲ ਪੱੁਛਿਆ ਜਾਂਦਾ ਰਿਹਾ ਹੈ ਤਾਂ ਹਰ ਵਾਰ ਉਕਤ ਰਟਿਆ ਰਟਾਇਆ ਜਵਾਬ ਦਿੱਤਾ ਜਾਂਦਾ ਰਿਹਾ ਹੈ | ਇੱਕ ਸਮੇਂ ਇਹੋ ਜਵਾਬ ਡਾ. ਹਰਸ਼ਵਰਧਨ ਨੇ ਦਿੱਤਾ ਸੀ, ਇਹੋ ਡਾ. ਮਹੇਸ਼ ਸ਼ਰਮਾ ਨੇ ਦਿੱਤਾ ਸੀ ਤੇ 6 ਦਸੰਬਰ 2019 ‘ਚ ਇਹੋ ਜਵਾਬ ਪ੍ਰਕਾਸ਼ ਜਾਵੇੜਕਰ ਨੇ, ਉਸੇ ਸਾਲ ਜੂਨ ‘ਚ ਬਾਬੁਲ ਸੁਪਿ੍ਆ ਨੇ ਤੇ ਜੁਲਾਈ ‘ਚ ਅਸ਼ਵਨੀ ਚੌਬੇ ਨੇ ਦਿੱਤਾ ਸੀ | ਇਸ ਤਰ੍ਹਾਂ ਹਵਾ ਪ੍ਰਦੂਸ਼ਣ ਦੇ ਸਿਹਤ ‘ਤੇ ਪੈਂਦੇ ਪ੍ਰਭਾਵਾਂ ਨੂੰ ਨਕਾਰਨ ‘ਚ ਅਸੀਂ ਦੁਨੀਆ ਭਰ ‘ਚੋਂ ਅੱਵਲ ਹਾਂ, ਹਾਲਾਂਕਿ ਹਰ ਸਾਲ ਵਾਤਾਵਰਣ ਵਿਗਿਆਨਕ ਆਪਣੇ ਅਧਿਐਨਾਂ ਰਾਹੀਂ ਚਿਤਾਵਨੀ ਦਿੰਦੇ ਰਹਿੰਦੇ ਹਨ ਕਿ ਹਵਾ ਪ੍ਰਦੂਸ਼ਣ ਰਾਹੀਂ ਕਿੰਨੇ ਲੋਕ ਆਪਣੀਆਂ ਜਾਨਾਂ ਗੁਆ ਦਿੰਦੇ ਹਨ |
ਹੁਣ ਇੱਕ ਨਵੇਂ ਅਧਿਐਨ ਰਾਹੀਂ ਸਾਹਮਣੇ ਆਇਆ ਹੈ ਕਿ ਪ੍ਰਤੀ ਸਾਲ ਦੁਨੀਆ ਅੰਦਰ 10 ਲੱਖ ਮਰੇ ਬੱਚੇ ਪੈਦਾ ਹੋਣ ਦਾ ਮੁੱਖ ਕਾਰਨ ਹਵਾ ਪ੍ਰਦੂਸ਼ਣ ਹੈ | ਨੇਚਰ ਕੁਮਨੀਕੇਸ਼ਨ ਨਾਮੀ ਮੈਗਜ਼ੀਨ ‘ਚ ਪੀਕਿੰਗ ਯੂਨੀਵਰਸਿਟੀ ਦੇ ਵਿਗਿਆਨਕ ਡਾ. ਟਾਓਕਸੀ ਵੱਲੋਂ ਪ੍ਰਕਾਸ਼ਤ ਰਿਪੋਰਟ ‘ਚ ਇਹ ਦਾਅਵਾ ਕੀਤਾ ਗਿਆ ਹੈ | ਇਹ ਅਧਿਐਨ ਏਸ਼ੀਆ, ਅਫ਼ਰੀਕਾ ਤੇ ਦੱਖਣੀ ਅਮਰੀਕਾ ਦੇ 137 ਦੇਸ਼ਾਂ ‘ਚੋਂ ਪ੍ਰਾਪਤ ਅੰਕੜਿਆਂ ਦੇ ਅਧਾਰ ‘ਤੇ ਕੀਤਾ ਗਿਆ ਹੈ | ਦੁਨੀਆ ਦੇ ਕੁੱਲ ਮਰੇ ਪੈਦਾ ਬੱਚਿਆਂ ‘ਚੋਂ 98 ਫ਼ੀਸਦੀ ਇਨ੍ਹਾਂ ਦੇਸ਼ਾਂ ‘ਚ ਹੁੰਦੇ ਹਨ |
ਸਾਲ 2020 ‘ਚ ਯੂਨੀਸੈਫ ਨੇ ਮਰੇ ਬੱਚੇ ਪੈਦਾ ਹੋਣ ਨੂੰ ਮਨੁੱਖੀ ਤਰਾਸਦੀ ਕਰਾਰ ਦੇ ਕੇ ਕਿਹਾ ਸੀ ਕਿ ਇਹ ਇੱਕ ਮਾਂ ਜਾਂ ਉਸ ਦੇ ਪ੍ਰਵਾਰ ਲਈ ਹੀ ਦੁਖਦਾਈ ਨਹੀਂ ਬਲਕਿ ਇਹ ਇੱਕ ਸਮਾਜਕ ਤਰਾਸਦੀ ਹੈ | ਅੰਨ੍ਹੇ ਵਿਕਾਸ ਨੇ ਸਾਨੂੰ ਸੁੱਖ-ਅਰਾਮ ਦੇ ਤਾਂ ਅਨੇਕਾਂ ਸਾਧਨ ਮੁਹੱਈਆ ਕਰਵਾ ਦਿੱਤੇ ਹਨ ਪਰ ਨਾਲ ਦੀ ਨਾਲ ਸਾਡੀ ਜ਼ਿੰਦਗੀ ਨੂੰ ਤਾਪਮਾਨ ਵਾਧੇ ਸਮੇਤ ਵੱਖ-ਵੱਖ ਪ੍ਰਦੂਸ਼ਣਾਂ ਨਾਲ ਭਰ ਦਿੱਤਾ ਹੈ | ਵਿਸ਼ਵ ਸਿਹਤ ਸੰਸਥਾ ਮੁਤਾਬਕ ਇਸ ਸਮੇਂ ਸੰਸਾਰ ਦੀ 99 ਫ਼ੀਸਦੀ ਅਬਾਦੀ ਪ੍ਰਦੂਸ਼ਣ ਦੀ ਮਾਰ ਝੱਲ ਰਹੀ ਹੈ |
ਅਮਰੀਕਾ ਦੇ ਨੈਸ਼ਨਲ ਇੰਸਟੀਚਿਊਟ ਆਫ਼ ਹੈਲਥ ਨੇ ਕੁਝ ਵਰ੍ਹੇ ਪਹਿਲਾਂ ਦੱਸਿਆ ਸੀ ਕਿ ਅੱਜ ਪ੍ਰਦੂਸ਼ਣ ਦੇ ਦੌਰ ‘ਚ ਬੱਚਾ ਪ੍ਰਦੂਸ਼ਣ ਨੂੰ ਨਾਲ ਲੈ ਕੇ ਹੀ ਪ੍ਰਦੂਸ਼ਤ ਦੁਨੀਆ ‘ਚ ਪੈਰ ਰੱਖਦਾ ਹੈ | ਤਾਜ਼ਾ ਅਧਿਐਨ ਅਨੁਸਾਰ ਅਨੇਕ ਦੇਸ਼ ਅਜਿਹੇ ਹਨ, ਜਿੱਥੇ ਮਰੇ ਪੈਦਾ ਹੋਣ ਵਾਲੇ ਬੱਚਿਆਂ ‘ਚੋਂ 95 ਫੀਸਦੀ ਦਾ ਕਾਰਨ ਹਵਾ ਪ੍ਰਦੂਸ਼ਣ ਹੈ | ਇਸ ਸੂਚੀ ‘ਚ ਸਭ ਤੋਂ ਪਹਿਲਾ ਨਾਂਅ ਭਾਰਤ ਦਾ ਹੈ, ਜਿੱਥੇ ਇੱਕ ਸਾਲ ਦੌਰਾਨ ਗਰਭ ‘ਚ ਮਰੇ 2,17000 ਬੱਚਿਆਂ ਲਈ ਹਵਾ ਪ੍ਰਦੂਸ਼ਣ ਜ਼ਿੰਮੇਵਾਰ ਸੀ | ਸਾਡੇ ਤੋਂ ਬਾਅਦ ਪਾਕਿਸਤਾਨ 1,10,000, ਨਾਈਜੇਰੀਆ 93000, ਚੀਨ 64000 ਤੇ ਬੰਗਲਾਦੇਸ਼ ‘ਚ 49000 ਮਰੇ ਬੱਚੇ ਪੈਦਾ ਹੋਣ ਦਾ ਕਾਰਨ ਹਵਾ ਪ੍ਰਦੂਸ਼ਣ ਹੈ | ਇਹ ਅੰਕੜੇ ਦੱਸਦੇ ਹਨ ਕਿ ਅਸੀਂ ਸਾਡੀਆਂ ਆਉਣ ਵਾਲੀਆਂ ਨਸਲਾਂ ਦੀ ਜ਼ਿੰਦਗੀ ਪ੍ਰਤੀ ਕਿੰਨੇ ਲਾਪ੍ਰਵਾਹ ਹਾਂ | ਹਾਕਮ ਤਾਂ ਆਮ ਜਨਤਾ ਨੂੰ ਕੀੜੇ-ਮਕੌੜੇ ਤੋਂ ਵੱਧ ਸਮਝਦੇ ਹੀ ਨਹੀਂ |





