ਪਟਿਆਲਾ : ਪੰਜਾਬ ਵਿਜੀਲੈਂਸ ਬਿਊਰੋ ਨੇ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ‘ਚ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਲਾਹਕਾਰ ਰਹੇ ਭਰਤਇੰਦਰ ਸਿੰਘ ਚਾਹਲ ਦੇ ਕਈ ਟਿਕਾਣਿਆਂ ‘ਤੇ ਛਾਪੇ ਮਾਰੇ ਹਨ | ਵਿਜੀਲੈਂਸ ਬਿਊਰੋ ਦੇ ਅਧਿਕਾਰੀਆਂ ਨੇ ਕਿਹਾ ਕਿ ਵਿਜੀਲੈਂਸ ਚਾਹਲ ਦੀਆਂ ਜਾਇਦਾਦਾਂ ਦੀ ਕੀਮਤ ਦਾ ਪਤਾ ਲਗਾ ਰਹੀ ਹੈ | ਚਾਹਲ ਦੇ ਜੇਲ੍ਹ ਰੋਡ ‘ਤੇ ਮਿੰਨੀ ਸਕੱਤਰੇਤ ਦੇ ਨੇੜੇ ਸਥਿਤ ਮਾਲ ਗਰੈਂਡ ਰੀਗਲ ਕੰਪਲੈਕਸ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਪਤਾ ਚੱਲ ਸਕੇ ਕਿ ਇਸ ‘ਤੇ ਕਿੰਨੀ ਰਕਮ ਖਰਚ ਹੋਈ ਹੈ | ਵਿਜੀਲੈਂਸ ਦੀ ਟੀਮ ਇਸ ਤੋਂ ਪਹਿਲਾਂ ਸਰਹਿੰਦ ਰੋਡ ‘ਤੇ ਸਥਿਤ ਅਲਕਾਜ਼ਾਰ ਪੈਲੇਸ ‘ਤੇ ਵੀ ਗਈ ਸੀ, ਪਰ ਉਥੇ ਤਾਲਾ ਲੱਗਿਆ ਮਿਲਿਆ | ਟੀਮ ਦੀ ਅਗਵਾਈ ਵਿਜੀਲੈਂਸ ਦੇ ਡੀ ਐੱਸ ਪੀ ਸਤਪਾਲ ਸ਼ਰਮਾ ਕਰ ਰਹੇ ਸਨ | ਮੁਹਾਲੀ ਤੋਂ ਸੁਰੇਸ਼ ਕੁਮਾਰ ਦੀ ਅਗਵਾਈ ‘ਚ ਟੈਕਨੀਕਲ ਟੀਮ ਵੀ ਨਾਲ ਸੀ | ਚਾਹਲ 2017-21 ਦੌਰਾਨ ਕੈਪਟਨ ਅਮਰਿੰਦਰ ਸਿੰਘ ਦੇ ਸਲਾਹਕਾਰ ਸਨ | ਉਹ ਕੈਪਟਨ ਅਮਰਿੰਦਰ ਦੇ ਨਾਲ ਜੁਲਾਈ ‘ਚ ਭਾਜਪਾ ‘ਚ ਸ਼ਾਮਲ ਹੋ ਗਏ ਸਨ |





