ਅੱਲਾਪੂਜਾ (ਕੇਰਲਾ) (ਗਿਆਨ ਸੈਦਪੁਰੀ)
ਫਾਸ਼ੀ ਰੁਚੀਆਂ ਵਾਲੀ ਕੇਂਦਰ ਸਰਕਾਰ ਵਿਰੁੱਧ ਸੰਘਰਸ਼ ਤੇਜ਼ ਕਰਨ ਅਤੇ ਮਜ਼ਦੂਰ ਵਰਗ ਦੀ ਬਿਹਤਰੀ ਚਾਹੁਣ ਵਾਲੀਆਂ ਜਥੇਬੰਦੀਆਂ ਦੀ ਏਕਤਾ ਦੇ ਯਤਨ ਦੇ ਅਹਿਦ ਨਾਲ ਏਟਕ ਦੀ 42ਵੀਂ ਨੈਸ਼ਨਲ ਕਾਂਗਰਸ ਮੰਗਲਵਾਰ ਸਮਾਪਤ ਹੋ ਗਈ | 16 ਦਸੰਬਰ ਤੋਂ ਚੱਲ ਰਹੀ ਕਾਂਗਰਸ ਅੰਤਰਰਾਸ਼ਟਰੀ ਗੀਤ ਅਤੇ ਰਾਸ਼ਟਰੀ ਗੀਤ ਦੇ ਗਾਇਨ ਨਾਲ ਸਮਾਪਤੀ ਵੱਲ ਵਧੀ | ਇਸ ਤੋਂ ਪਹਿਲਾਂ ਅਮਰਜੀਤ ਕੌਰ ਨੇ ਸਮਾਪਤੀ ਤਕਰੀਰ ਵਿੱਚ ਏਟਕ ਦੇ ਸ਼ਾਨਾਮੱਤੇ ਇਤਿਹਾਸ ਤੋਂ ਜਾਣੂ ਕਰਵਾਉਂਦਿਆਂ ਮੌਜੂਦਾ ਅੰਤਰਰਾਸ਼ਟਰੀ ਅਤੇ ਰਾਸ਼ਟਰੀ ਹਾਲਤਾਂ ਦੀ ਬਾਰੀਕਬੀਨੀ ਨਾਲ ਚੀਰ-ਫਾੜ ਕੀਤੀ | ਕੇਂਦਰ ਦੀ ਮੋਦੀ ਸਰਕਾਰ ਬਾਰੇ ਗੱਲ ਕਰਦਿਆਂ ਅਮਰਜੀਤ ਕੌਰ ਨੇ ਕਿਹਾ ਕਿ ਅਸੀਂ ਇਸ ਸਰਕਾਰ ਨੂੰ ਫਾਸ਼ੀਵਾਦੀ ਸਰਕਾਰ ਕਰਾਰ ਨਹੀਂ ਦਿੱਤਾ, ਪਰ ਇਸ ਦਾ ਸਮੁੱਚਾ ਕਿਰਦਾਰ ਫਾਸ਼ੀਵਾਦੀ ਹੈ | ਜੋ ਕੁਝ ਫਾਸ਼ੀਵਾਦ ਅਤੇ ਨਾਜ਼ੀਵਾਦ ਦੌਰ ਵਿੱਚ ਵਾਪਰਿਆ ਸੀ, ਉਸੇ ਦਾ ਪਰਛਾਵਾਂ ਪੂਰੇ ਸੰਸਾਰ ਵਿੱਚ ਨਜ਼ਰ ਆ ਰਿਹਾ ਹੈ | ਦੂਸਰੀ ਸੰਸਾਰ ਜੰਗ ਵੇਲੇ ਵਰਗੇ ਹਾਲਾਤ ਪੈਦਾ ਕੀਤੇ ਜਾ ਰਹੇ ਹਨ | ਰੂਸ ਤੇ ਯੂਕਰੇਨ ਦੀ ਜੰਗ ਇਸ ਦੀ ਮਿਸਾਲ ਹੈ | ਟਰੇਡ ਯੂਨੀਅਨ ਆਗੂ ਨੇ ਇਸ ਗੱਲ ‘ਤੇ ਤਸੱਲੀ ਦਾ ਪ੍ਰਗਟਾਵਾ ਕੀਤਾ ਕਿ ਮਜ਼ਦੂਰ ਵਰਗ ਵੱਲੋਂ ਸੰਘਰਸ਼ ਵੀ ਜਾਰੀ ਹੈ | ਉਨ੍ਹਾ ਵਰਲਡ ਫੈਡਰੇਸ਼ਨ ਆਫ ਟਰੇਡ ਯੂਨੀਅਨਜ਼ ਦੀ ਏਟਕ ਨਾਲ ਸਾਂਝ ਅਤੇ ਇਨ੍ਹਾਂ ਵੱਲੋਂ ਕੀਤੇ ਜਾ ਰਹੇ ਕਾਰਜਾਂ ਦਾ ਵੀ ਵਰਨਣ ਕੀਤਾ | ਉਨ੍ਹਾ ਕਿਹਾ ਕਿ ਟਰੇਡ ਯੂਨੀਅਨਾਂ ਨੇ ਸੰਘਰਸ਼ ਰਾਹੀ ਬੈਂਕਾਂ ਦੇ ਕੌਮੀਕਰਨ ਅਤੇ ਹੋਰ ਅਨੇਕਾਂ ਇਤਿਹਾਸਕ ਕੰਮ ਕਰਵਾਏ ਹਨ | ਅਮਰਜੀਤ ਕੌਰ ਨੇ ਕਾਰਪੋਰੇਟੀ ਲੁੱਟ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਨ੍ਹਾਂ (ਕਾਰਪੋਰੇਟਾਂ) ਨੇ ਮੋਦੀ ਨੂੰ ਇਸੇ ਕੰਮ ਲਈ ਚੁਣਿਆ ਹੈ | ਦੇਸ਼ ਦੀ ਪਾਰਲੀਮੈਂਟ ਦੇ ਜਮਹੂਰੀ ਖਾਸੇ ਨੂੰ ਡਿਕਟੇਟਰਸ਼ਿਪ ਵਿੱਚ ਬਦਲਿਆ ਜਾ ਰਿਹਾ ਹੈ | ਨਵ-ਉਦਾਰਵਾਦੀ ਨੀਤੀਆਂ ਦਾ ਜ਼ਿਕਰ ਕਰਦਿਆਂ ਉਨ੍ਹਾ ਕਿਹਾ ਕਿ ਇਨ੍ਹਾਂ ਨੀਤੀਆਂ ਨੇ ਅਨੇਕਾਂ ਲਤੀਨੀ ਮੁਲਕਾਂ ਨੂੰ ਬਰਬਾਦ ਕਰ ਦਿੱਤਾ ਹੈ | ਉਨ੍ਹਾ ਕਿਹਾ ਕਿ ਅਜਿਹੀਆਂ ਨੀਤੀਆਂ ਨਾਲ ਮੁਲਕਾਂ ਵਿੱਚ ਪੂੰਜੀ ਤਾਂ ਵਧਾਈ ਜਾ ਸਕਦੀ ਹੈ, ਪਰ ਮਜ਼ਦੂਰ ਵਰਗ ਦੀਆਂ ਗੁਲਾਮੀ ਦੀਆਂ ਜੰਜ਼ੀਰਾਂ ਹੋਰ ਕਰੜੀਆਂ ਹੋ ਜਾਣਗੀਆਂ |
ਉਨ੍ਹਾ 1920 ਵਿੱਚ ਏਟਕ ਦੇ ਹੋਂਦ ਵਿੱਚ ਆਉਣ ਤੋਂ ਲੈ ਕੇ ਹੁਣ ਤੱਕ ਕੀਤੇ ਸੰਘਰਸ਼ ਦਾ ਵਿਸਥਾਰ ਨਾਲ ਜ਼ਿਕਰ ਕੀਤਾ | ਉਨ੍ਹਾ ਇੰਟਕ, ਸੀਟੂ ਤੇ ਹੋਰ ਜਥੇਬੰਦੀਆਂ ਨਾਲ ਕੁਝ ਮੁੱਦਿਆਂ ‘ਤੇ ਮੱਤਭੇਦ ਹੋਣ ਦੀ ਗੱਲ ਕਰਦਿਆਂ ਕਿਹਾ ਕਿ ਸਮੁੱਚੇ ਮਜ਼ਦੂਰ ਵਰਗ ਦੇ ਭਲੇ ਦੀ ਖਾਤਰ ਉਨ੍ਹਾਂ ਜਥੇਬੰਦੀਆਂ ਨਾਲ ਇੱਕਜੁਟਤਾ ਬਣਾਈ ਰੱਖਣੀ ਹੋਵੇਗੀ | ਇਸ ਦੌਰਾਨ ਸੂਚਨਾ ਮਿਲੀ ਹੈ ਕਿ ਅਮਰਜੀਤ ਕੌਰ ਮੁੜ ਏਟਕ ਦੇ ਜਨਰਲ ਸਕੱਤਰ ਚੁਣੇ ਗਏ ਹਨ | ਰਮਿੰਦਰ ਕੁਮਾਰ ਵੀ ਮੁੜ ਪ੍ਰਧਾਨ ਚੁਣੇ ਗਏ |
ਕਾਰਜਕਾਰੀ ਪ੍ਰਧਾਨ ਬਿਨੋਏ ਵਿਸਵਮ ਨੂੰ ਚੁਣਿਆ ਗਿਆ | ਮੀਤ ਪ੍ਰਧਾਨ ਬੰਤ ਸਿੰਘ ਬਰਾੜ ਅਤੇ ਸਕੱਤਰ ਨਿਰਮਲ ਸਿੰਘ ਧਾਲੀਵਾਲ ਬਣੇ ਹਨ | ਪੰਜਾਬ ਵਿੱਚੋਂ ਵਰਕਿੰਗ ਕਮੇਟੀ ਵਿੱਚ ਸੁਖਦੇਵ ਸ਼ਰਮਾ ਤੇ ਅਮਰਜੀਤ ਸਿੰਘ ਆਸਲ ਨੂੰ ਲਿਆ ਗਿਆ ਹੈ | ਪੰਜਾਬ ਵਿੱਚੋਂ ਕੇਂਦਰੀ ਜਨਰਲ ਕੌਂਸਲ ਲਈ ਸੁਖਦੇਵ ਸ਼ਰਮਾ, ਅਮਰਜੀਤ ਸਿੰਘ ਆਸਲ, ਮਹਿੰਦਰਪਾਲ ਮੋਹਾਲੀ, ਸੁਰਿੰਦਰਪਾਲ ਸਿੰਘ ਲਹੌਰੀਆ, ਜਗਦੀਸ਼ ਸਿੰਘ ਚਾਹਲ, ਜੈਪਾਲ ਸਿੰਘ, ਕਸ਼ਮੀਰ ਸਿੰਘ ਗਦਾਈਆ, ਰਣਜੀਤ ਸਿੰਘ ਕਲਿਆਣ, ਦੇਵੀ ਕੁਮਾਰੀ ਸਰਹਾਲੀ ਕਲਾਂ, ਉੱਤਮ ਬਾਗੜੀ, ਆਰ ਕੇ ਤਿਵਾੜੀ ਅਤੇ ਵਿਜੇ ਸਿੰਘ ਚੁਣੇ ਗਏ | ਸੈਂਟਰ ਵੱਲੋਂ ਜਨਰਲ ਕੌਂਸਲ ਦੇ ਮੈਂਬਰਾਂ ਵਜੋਂ ਬੰਤ ਸਿੰਘ ਬਰਾੜ, ਨਿਰਮਲ ਸਿੰਘ ਧਾਲੀਵਾਲ, ਦਸਵਿੰਦਰ ਕੌਰ, ਗੁਲਜ਼ਾਰ ਸਿੰਘ ਗੋਰੀਆ, ਮੋਹਨ ਲਾਲ ਵਰਮਾ ਅਤੇ ਸਰੋਜ ਰਾਣੀ ਚੁਣੇ ਗਏ |





