ਚੰਡੀਗੜ੍ਹ : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਸ਼ਨੀਵਾਰ ਚੰਡੀਗੜ੍ਹ ਦੌਰੇ ਨੇ ਉਦੋਂ ਪੰਜਾਬ ਕਾਂਗਰਸ ‘ਚ ਹਲਚਲ ਮਚਾ ਦਿੱਤੀ, ਜਦੋਂ ਪੰਜਾਬ ਦੇ ਚਾਰ ਸਾਬਕਾ ਮੰਤਰੀ ਭਾਜਪਾ ‘ਚ ਸ਼ਾਮਲ ਹੋ ਗਏ | ਇਨ੍ਹਾਂ ‘ਚ ਰਾਜ ਕੁਮਾਰ ਵੇਰਕਾ, ਸ਼ਾਮ ਸੁੰਦਰ ਅਰੋੜਾ, ਗੁਰਪ੍ਰੀਤ ਕਾਂਗੜ ਅਤੇ ਬਲਬੀਰ ਸਿੱਧੂ ਸ਼ਾਮਲ ਹਨ | ਇਨ੍ਹਾਂ ਤੋਂ ਇਲਾਵਾ ਮਹਿੰਦਰ ਕੌਰ ਜੋਸ਼ ਅਤੇ ਕੇਵਲ ਢਿੱਲੋਂ ਨੇ ਵੀ ਭਾਜਪਾ ਦਾ ਪੱਲਾ ਫੜ ਲਿਆ | ਮੁਹਾਲੀ ਤੋਂ ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਨੇ ਵੀ ਭਾਜਪਾ ਜੁਆਇਨ ਕਰ ਲਈ | ਬਠਿੰਡਾ ਤੋਂ ਅਕਾਲੀ ਦਲ ਦੇ ਨੇਤਾ ਸਰੂਪ ਚੰਦ ਸਿੰਗਲਾ ਵੀ ਭਾਜਪਾ ‘ਚ ਚਲੇ ਗਏ |
ਇਸ ਤੋਂ ਪਹਿਲਾਂ ਸਵੇਰੇ ਚਾਰ ਸਾਬਕਾ ਮੰਤਰੀ ਸੁਨੀਲ ਜਾਖੜ ਦੇ ਨਾਲ ਨਜ਼ਰ ਆਏ ਸਨ | ਇਨ੍ਹਾਂ ਦਾ ਇੱਕ ਵੀਡੀਓ ਸਾਹਮਣੇ ਆਇਆ ਸੀ, ਜਿਸ ‘ਚ ਸਾਰੇ ਕਾਂਗਰਸੀ ਮੰਤਰੀ ਜਾਖੜ ਨਾਲ ਨਜ਼ਰ ਆ ਰਹੇ ਸਨ | ਸੁਨੀਲ ਜਾਖੜ ਨੇ ਹਾਲ ਹੀ ‘ਚ ਕਾਂਗਰਸ ਛੱਡੀ ਸੀ, ਜਿਸ ਤੋਂ ਬਾਅਦ ਉਹ ਕਾਂਗਰਸ ਨੂੰ ਲਗਾਤਾਰ ਝਟਕੇ ਦੇ ਰਹੇ ਹਨ | ਰਾਜ ਕੁਮਾਰ ਵੇਰਕਾ ਅੰਮਿ੍ਤਸਰ ਤੋਂ ਆਉਂਦੇ ਹਨ | ਉਹ ਵੱਡੇ ਦਲਿਤ ਨੇਤਾ ਹਨ | ਇਸ ਵਾਰ ਉਹ ਚੋਣ ਹਾਰ ਗਏ, ਪਰ ਉਨ੍ਹਾ ਦਾ ਦਬਦਬਾ ਬਰਕਰਾਰ ਹੈ | ਗੁਰਪ੍ਰੀਤ ਕਾਂਗੜ ਰਾਮਪੁਰਾ ਫੂਲ ਤੋਂ ਤਿੰਨ ਵਾਰ ਵਿਧਾਇਕ ਰਹੇ ਹਨ, ਉਹ ਕੈਪਟਨ ਅਮਰਿੰਦਰ ਸਿੰਘ ਦੇ ਕਰੀਬੀ ਹਨ | ਬਲਬੀਰ ਸਿੱਧੂ ਮੁਹਾਲੀ ਤੋਂ ਹਨ, ਜਦਕਿ ਸ਼ਾਮ ਸੁੰਦਰ ਅਰੋੜਾ ਹੁਸ਼ਿਆਰਪੁਰ ਤੋਂ ਹਨ ਅਤੇ ਪਿਛਲੀ ਕਾਂਗਰਸ ਸਰਕਾਰ ‘ਚ ਮੰਤਰੀ ਰਹਿ ਚੁੱਕੇ ਹਨ | ਭਾਜਪਾ ਜਨਰਲ ਸਕੱਤਰ ਤਰੁਣ ਚੁੱਘ ਨੇ ਕਿਹਾ ਕਿ ਇਹ ਤਾਂ ਸਿਰਫ਼ ਟ੍ਰੇਲਰ ਹੈ, ਅਸਲੀ ਤਸਵੀਰ ਤਾਂ ਹਾਲੇ ਬਾਕੀ ਹੈ | ਉਨ੍ਹਾ ਇਸ਼ਾਰਾ ਕੀਤਾ ਕਿ ਕਾਂਗਰਸ ਦੇ ਕਈ ਹੋਰ ਦਿੱਗਜ਼ ਭਾਜਪਾ ‘ਚ ਸ਼ਾਮਲ ਹੋਣਗੇ | ਕਾਂਗਰਸੀ ਆਗੂਆਂ ਨੂੰ ਲੈ ਕੇ ਕਾਂਗਰਸ ਦੇ ਬੁਲਾਰੇ ਕੁਲਦੀਪ ਵੈਦ ਨੇ ਕਿਹਾ ਕਿ ਪਾਰਟੀ ਨੂੰ ਕਿਸੇ ਦੇ ਜਾਣ ਨਾਲ ਕੋਈ ਫਰਕ ਨਹੀਂ ਪੈਂਦਾ | ਉਨ੍ਹਾ ਕਿਹਾ ਕਿ ਅੱਜ ਇਨ੍ਹਾਂ ਲੀਡਰਾਂ ਨੂੰ ਪਾਰਟੀ ਦੇ ਨਾਲ ਖੜ੍ਹਨ ਦੀ ਲੋੜ ਸੀ, ਪਰ ਇਹ ਪਾਰਟੀ ਛੱਡ ਕੇ ਜਾ ਰਹੇ ਹਨ, ਜਿਨ੍ਹਾਂ ਨੂੰ ਪਾਰਟੀ ਨੇ ਵੱਡੇ-ਵੱਡੇ ਅਹੁਦੇ ਦਿੱਤੇ ਸਨ | ਉਨ੍ਹਾ ਕਿਹਾ ਕਿ ਇਹ ਕੋਈ ਵੱਡੀ ਗੱਲ ਨਹੀਂ, ਪਾਰਟੀ ‘ਚ ਆਉਣਾ-ਜਾਣਾ ਲੱਗਿਆ ਰਹਿੰਦਾ ਹੈ | ਤਾਕਤ ਦੇ ਲਾਲਚ ਵਿਚ ਆ ਕੇ ਇਨ੍ਹਾਂ ਵੱਲੋਂ ਭਾਜਪਾ ਜੁਆਇਨ ਕੀਤੀ ਗਈ ਹੈ | ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਪੰਜਾਬ ਤੋਂ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਕਿਹਾ ਕਿ ਪੰਜਾਬ ਕਾਂਗਰਸ ਦਾ ਸਾਰਾ ਕੂੜਾ ਭਾਜਪਾ ‘ਚ ਸ਼ਾਮਲ ਹੋ ਰਿਹਾ ਹੈ | ਭਾਜਪਾ ਕਾਂਗਰਸ ਦਾ ਕੂੜਾਦਾਨ ਬਣ ਗਈ ਹੈ | ਇਸ ਦੌਰਾਨ ਪੰਜਾਬ ਕਾਂਗਰਸ ਦੇ ਆਗੂ ਕੁਲਜੀਤ ਸਿੰਘ ਨਾਗਰਾ ਨੇ ਕਿਹਾ ਕਿ ਪਾਰਟੀ ਦੇ ਕੁਝ ਆਗੂਆਂ ਨੂੰ ਭਾਜਪਾ ‘ਚ ਸ਼ਾਮਲ ਹੋਣ ਲਈ ਮਜਬੂਰ ਕੀਤਾ ਜਾ ਰਿਹਾ ਹੈ | ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਇਨ੍ਹਾਂ ਆਗੂਆਂ ਨੂੰ ਪਾਰਟੀ ‘ਚ ਸ਼ਾਮਲ ਕਰਨ ਲਈ ਭਾਜਪਾ ‘ਤੇ ਨਿਸ਼ਾਨਾ ਸਾਧਿਆ ਹੈ | ਉਨ੍ਹਾ ਕਿਹਾ ਕਿ ਅਜਿਹੇ ਸਮੇਂ ‘ਚ ਜਦੋਂ ਪੰਜਾਬ ਵਿਚ ਅਮਨ-ਕਾਨੂੰਨ ਦੀ ਸਮੱਸਿਆ ਹੈ, ਭਾਜਪਾ ਦੂਜੀਆਂ ਪਾਰਟੀਆਂ ਦੇ ਨੇਤਾਵਾਂ ਦਾ ਸ਼ਿਕਾਰ ਕਰਨ ਵਿਚ ਲੱਗੀ ਹੋਈ ਹੈ |