ਚੰਨੀ ਨੂੰ ਮੂਸੇਵਾਲਾ ਦੇ ਘਰ ਸੰਮਨ ਤਾਮੀਲ ਕਰਵਾਏ

0
336

ਮਾਨਸਾ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਮਾਨਸਾ ਦੀ ਅਦਾਲਤ ਵੱਲੋਂ ਪੰਜਾਬ ਪੁਲਸ ਰਾਹੀਂ ਸੰਮਨ ਸੌਂਪੇ ਗਏ ਹਨ | ਉਨ੍ਹਾ ਨੂੰ ਮਾਨਸਾ ਦੀ ਅਦਾਲਤ ‘ਚ 12 ਜਨਵਰੀ ਨੂੰ ਪੇਸ਼ ਹੋਣ ਲਈ ਕਿਹਾ ਗਿਆ ਹੈ | ਇਹ ਸੰਮਨ ਮਾਨਸਾ ਦੇ ਡੀ ਐੱਸ ਪੀ ਸੰਜੀਵ ਗੋਇਲ ਨੇ ਬੁੱਧਵਾਰ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਘਰ ਜਾ ਕੇ ਸੌਂਪੇ, ਜਿੱਥੇ ਚੰਨੀ ਮੰਗਲਵਾਰ ਰਾਤ ਤੋਂ ਠਹਿਰੇ ਹੋਏ ਸਨ |
ਇਹ ਸੰਮਨ ਵਿਧਾਨ ਸਭਾ ਚੋਣਾਂ ਵੇਲੇ ਮਾਨਸਾ ਤੋਂ ਕਾਂਗਰਸ ਦੇ ਉਮੀਦਵਾਰ ਸਿੱਧੂ ਮੂਸੇਵਾਲਾ ਦੀ ਚੋਣ ਦੌਰਾਨ ਲੰਘੇ ਸਮੇਂ ਤੋਂ ਬਾਅਦ ਕੀਤੇ ਗਏ ਚੋਣ ਪ੍ਰਚਾਰ ਅਤੇ ਵੱਧ ਇਕੱਠ ਕਰਨ ਲਈ ਥਾਣਾ ਸਿਟੀ-1 ਵਿਖੇ ਦਰਜ ਮਾਮਲੇ ਸੰਬੰਧੀ ਹਨ | ਡੀ ਐੱਸ ਪੀ ਸੰਜੀਵ ਗੋਇਲ ਨੇ ਦੱਸਿਆ ਕਿ ਸਾਬਕਾ ਮੁੱਖ ਮੰਤਰੀ ਪਹਿਲਾਂ ਵਿਦੇਸ਼ ਫੇਰੀ ਉਤੇ ਸਨ, ਜਿਸ ਕਰਕੇ ਸੰਮਨ ਸੌਂਪੇ ਨਹੀਂ ਜਾ ਸਕੇ ਅਤੇ ਹੁਣ ਉਨ੍ਹਾ ਦੇ ਬਾਹਰੋਂ ਆਉਣ ਤੋਂ ਬਾਅਦ ਅਚਾਨਕ ਮਾਨਸਾ ਆਉਣ ਕਾਰਨ ਇਹ ਤਾਲੀਮ ਕਰਵਾਏ ਗਏ ਹਨ |
ਚੰਨੀ ਧੁੰਦ ਜ਼ਿਆਦਾ ਹੋਣ ਕਾਰਨ ਮੂਸੇਵਾਲਾ ‘ਚ ਹੀ ਰੁਕ ਗਏ ਸਨ | ਉਨ੍ਹਾ ਕੁਝ ਪੱਤਰਕਾਰਾਂ ਨੂੰ ਦੱਸਿਆ ਕਿ ਉਹ ਵਿਦੇਸ਼ ਫੇਰੀ ਤੋਂ ਬਾਅਦ ਇਥੇ ਪਰਵਾਰ ਨਾਲ ਦੁੱਖ ਸਾਂਝਾ ਕਰਨ ਆਏ ਸਨ, ਪਰ ਮਾਨਸਾ ਪੁਲਸ ਉਨ੍ਹਾ ਨੂੰ ਇਥੇ ਆਉਣ ਤੋਂ ਰੋਕਣ ਲਈ ਮੰਗਲਵਾਰ ਦੇਰ ਸ਼ਾਮ ਤੋਂ ਹੀ ਫੋਨ ਰਾਹੀਂ ਸੁਨੇਹੇ ਦਿੰਦੀ ਰਹੀ ਕਿ ਉਨ੍ਹਾ ਖਿਲਾਫ ਮਾਮਲਾ ਦਰਜ ਕੀਤਾ ਹੋਇਆ ਹੈ, ਜਿਸ ਕਰਕੇ ਗਿ੍ਫਤਾਰ ਕੀਤਾ ਜਾ ਸਕਦਾ ਹੈ | ਉਨ੍ਹਾ ਕਿਹਾ ਕਿ ਪੁਲਸ ਦੀ ਚਿਤਾਵਨੀ ਦੇ ਬਾਵਜੂਦ ਉਹ ਆਏ | ਪੁਲਸ ਨੇ ਅੱਜ ਤੱਕ ਨਾ ਫੋਨ ਰਾਹੀਂ ਅਤੇ ਨਾ ਹੀ ਕਿਸੇ ਹੋਰ ਤਰੀਕੇ ਸੰਮਨ ਨੋਟ ਕਰਾਏ ਸਨ, ਪਰ ਜਦੋਂ ਉਹ ਮੂਸੇਵਾਲੇ ਦੇ ਘਰ ਆ ਰਹੇ ਸਨ ਤਾਂ ਇਹ ਪੁਰਾਣਾ ਕੇਸ ਕੱਢ ਮਾਰਿਆ |

LEAVE A REPLY

Please enter your comment!
Please enter your name here