25.8 C
Jalandhar
Monday, September 16, 2024
spot_img

ਮੁੱਖ ਮੰਤਰੀ ਦੀ ਗੈਰਹਾਜ਼ਰੀ ਕਾਰਨ ਮੰਤਰੀਆਂ ਨਾਲ ਮੀਟਿੰਗ ‘ਚੋਂ ਮਜ਼ਦੂਰ ਆਗੂਆਂ ਨੇ ਕੀਤਾ ਵਾਕਆਊਟ 

ਚੰਡੀਗੜ੍ਹ. ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਨਾਲ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਭਵਨ ਵਿਖੇ ਬੁੱਧਵਾਰ ਰੱਖੀ ਮੀਟਿੰਗ ‘ਚ ਮੁੜ ਹਾਜ਼ਰ ਨਾ ਹੋਣ ਅਤੇ ਮੀਟਿੰਗ ‘ਚ ਹਾਜ਼ਰ ਮੰਤਰੀਆਂ ਦੀ ਸਬ ਕਮੇਟੀ ਦੁਆਰਾ ਮਜ਼ਦੂਰ ਆਗੂਆਂ ਵੱਲੋਂ ਪੁੱਛੇ ਸਵਾਲਾਂ ਦੇ ਤਸੱਲੀਬਖਸ਼ ਜਵਾਬ ਨਾ ਮਿਲਣ ਕਰਕੇ ਮਜ਼ਦੂਰ ਆਗੂਆਂ ਨੇ ਮੀਟਿੰਗ ‘ਚੋਂ ਵਾਕ ਆਊਟ ਕਰ ਦਿੱਤਾ | ਮਜ਼ਦੂਰ ਆਗੂਆਂ ਨੇ ਮੁੱਖ ਮੰਤਰੀ ਦੁਆਰਾ ਮਜ਼ਦੂਰ ਜਥੇਬੰਦੀਆਂ ਨਾਲ ਵਾਰ-ਵਾਰ ਮੀਟਿੰਗਾਂ ਰੱਖ ਕੇ ਮੀਟਿੰਗ ‘ਚ ਸ਼ਾਮਲ ਨਾ ਹੋਣ ਜਾਂ ਮੀਟਿੰਗ ਰੱਦ ਕਰਨ ਨੂੰ ਮਜ਼ਦੂਰ ਵਰਗ ਦਾ ਅਪਮਾਨ ਤੇ ਵਿਤਕਰੇਬਾਜ਼ੀ ਕਰਾਰ ਦਿੰਦਿਆਂ ਮੰਤਰੀਆਂ ਤੋਂ ਮੰਗ ਕੀਤੀ ਕਿ ਮੁੱਖ ਮੰਤਰੀ ਨਾਲ ਉਹਨਾਂ ਦੀ ਮੀਟਿੰਗ ਤਹਿ ਕਰਵਾਈ ਜਾਵੇ, ਪਰ ਮੰਤਰੀਆਂ ਵੱਲੋਂ ਹਾਂ-ਪੱਖੀ ਹੁੰਗਾਰਾ ਨਾ ਭਰਨ ਅਤੇ ਆਉਂਦੇ ਸਮੇਂ ‘ਚ ਇਸ ਸੰਬੰਧੀ ਵਿਚਾਰ ਕਰਨ ਦੇ ਜਵਾਬ ਕਾਰਨ ਰੋਸ ਵਜੋਂ ਮਜ਼ਦੂਰ ਆਗੂਆਂ ਨੇ ਮੀਟਿੰਗ ‘ਚੋਂ ਵਾਕ ਆਊਟ ਕਰ ਦਿੱਤਾ |
ਸਾਂਝੇ ਮਜ਼ਦੂਰ ਮੋਰਚੇ ਦੇ ਆਗੂਆਂ ਗੁਲਜ਼ਾਰ ਗੋਰੀਆ (ਮੀਤ ਪ੍ਰਧਾਨ ਪੰਜਾਬ ਖੇਤ ਮਜ਼ਦੂਰ ਸਭਾ), ਤਰਸੇਮ ਪੀਟਰ (ਸੂਬਾ ਪ੍ਰਧਾਨ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ), ਕੁਲਵੰਤ ਸਿੰਘ ਸੇਲਬਰਾਹ (ਸੂਬਾ ਪ੍ਰਧਾਨ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ), ਜੋਰਾ ਸਿੰਘ ਨਸਰਾਲੀ (ਸੂਬਾ ਪ੍ਰਧਾਨ ਪੰਜਾਬ ਖੇਤ ਮਜ਼ਦੂਰ ਯੂਨੀਅਨ), ਗੁਰਨਾਮ ਸਿੰਘ ਦਾਊਦ (ਸੂਬਾ ਜਨਰਲ ਸਕੱਤਰ ਦਿਹਾਤੀ ਮਜ਼ਦੂਰ ਸਭਾ), ਮੁਕੇਸ਼ ਮਲੌਦ (ਪ੍ਰਧਾਨ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ), ਭਗਵੰਤ ਸਿੰਘ ਸਮਾਓਾ (ਸੂਬਾ ਪ੍ਰਧਾਨ ਮਜ਼ਦੂਰ ਮੁਕਤੀ ਮੋਰਚਾ ਪੰਜਾਬ) ਤੇ ਭੂਪ ਚੰਦ ਚੰਨੋ (ਮੀਤ ਪ੍ਰਧਾਨ ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ) ਨੇ ਜਾਰੀ ਕੀਤੇ ਬਿਆਨ ਰਾਹੀਂ ਦੱਸਿਆ ਕਿ ਦੱਬੇ-ਕੁਚਲੇ ਮਜ਼ਦੂਰ ਵਰਗ ਪ੍ਰਤੀ ਘੋਰ ਜਮਾਤੀ ਨਫਰਤ ਅਤੇ ਵਿਤਕਰੇ ਭਰਪੂਰ ਤੇ ਮਜ਼ਦੂਰ ਵਿਰੋਧੀ ਨੀਤੀਆਂ ਕਾਰਨ ਹੀ ਮੁੱਖ ਮੰਤਰੀ ਮਜ਼ਦੂਰ ਜਥੇਬੰਦੀਆਂ ਨਾਲ ਮੀਟਿੰਗ ਕਰਨ ਤੋਂ ਟਾਲਾ ਵੱਟ ਰਿਹਾ ਹੈ |
ਮੀਟਿੰਗ ‘ਚ ਹਾਜ਼ਰ ਮਜ਼ਦੂਰ ਆਗੂ ਗੁਰਮੇਸ਼ ਸਿੰਘ, ਹਰਵਿੰਦਰ ਸਿੰਘ ਸੇਮਾਂ, ਬਿੱਕਰ ਸਿੰਘ ਹਥੋਆ, ਮਹੀਂਪਾਲ, ਲਛਮਣ ਸਿੰਘ ਸੇਵੇਵਾਲਾ, ਪ੍ਰਗਟ ਸਿੰਘ ਕਾਲਾਝਾੜ, ਕਸ਼ਮੀਰ ਸਿੰਘ ਘੁੱਗਸ਼ੋਰ ਤੇ ਕਿ੍ਸ਼ਨ ਚੌਹਾਨ ਨੇ ਦੱਸਿਆ ਕਿ ਅੱਜ ਦੀ ਮੀਟਿੰਗ ਵਿੱਚ ਸ਼ਾਮਲ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਤੇ ਮੰਤਰੀ ਅਮਨ ਅਰੋੜਾ ਨੂੰ ਜਦੋਂ ਜਥੇਬੰਦੀਆਂ ਵੱਲੋਂ ਇਹ ਪੁੱਛਿਆ ਗਿਆ ਕਿ ਪਹਿਲੇ ਦੋਹਾਂ ਮੰਤਰੀਆਂ ਨਾਲ ਪਹਿਲਾਂ ਹੋਈਆਂ ਮੀਟਿੰਗਾਂ ‘ਚ ਲਏ ਫੈਸਲਿਆਂ ‘ਤੇ ਅਮਲਦਾਰੀ ਤਾਂ ਦੂਰ ਮੀਟਿੰਗਾਂ ਦੇ ਮਿੰਟਸ ਤੱਕ ਵੀ ਤਿਆਰ ਨਹੀਂ ਕੀਤੇ ਗਏ ਤਾਂ ਮੰਤਰੀ ਸਾਹਿਬ ਇਹਨਾਂ ਸਵਾਲਾਂ ਦਾ ਕੋਈ ਤਸੱਲੀਬਖਸ਼ ਜਵਾਬ ਨਾ ਦੇ ਸਕੇ | ਸਾਂਝੇ ਮਜ਼ਦੂਰ ਮੋਰਚੇ ਆਗੂਆਂ ਨੇ ਇਹ ਵੀ ਦੱਸਿਆ ਕਿ ਜਦੋਂ ਮੰਤਰੀ ਸਾਹਿਬਾਨਾਂ ਨੂੰ ਇਹ ਪੁੱਛਿਆ ਗਿਆ ਕਿ ਕੀ ਅੱਜ ਦੀ ਮੀਟਿੰਗ ਲਈ ਗਠਿਤ ਮੰਤਰੀ ਪੱਧਰ ਦੀ ਕਮੇਟੀ ਮੁੱਖ ਮੰਤਰੀ ਦੀਆਂ ਪਾਵਰਾਂ ਲੈ ਕੇ ਗੱਲਬਾਤ ਕਰ ਰਹੀ ਹੈ ਤਾਂ ਇਸ ਸੰਬੰਧੀ ਉਹਨਾਂ ਦਾ ਜਵਾਬ ਤਸੱਲੀਬਖਸ਼ ਨਹੀਂ ਸੀ, ਜਿਸ ਕਾਰਨ ਮਹਿਜ਼ ਮੂੰਹ ਰਖਾਈ ਲਈ ਮੀਟਿੰਗ ‘ਚੋਂ ਤਸੱਲੀਬਖਸ਼ ਸਿੱਟਿਆਂ ਦੀ ਆਸ ਨਹੀਂ ਸੀ | ਮਜ਼ਦੂਰ ਆਗੂਆਂ ਨੇ ਦੋਸ਼ ਲਾਇਆ ਕਿ ਮੁੱਖ ਮੰਤਰੀ ਕੋਲ ਮਜ਼ਦੂਰਾਂ ਦੀ ਗੱਲ ਸੁਣਨ ਲਈ ਤਾਂ ਸਮਾਂ ਨਹੀਂ, ਪਰ ਦੇਸੀ-ਵਿਦੇਸ਼ੀ ਬਹੁਕੌਮੀ ਕੰਪਨੀਆਂ ਨੂੰ ਪੰਜਾਬ ਦੇ ਅਮੀਰ ਕੁਦਰਤੀ ਸਰੋਤਾਂ ਅਤੇ ਕਿਰਤ ਦੀ ਲੁੱਟ ਦੇ ਖੁੱਲ੍ਹੇ ਸੱਦੇ ਦੇਣ ਲਈ ਉਹਨਾਂ ਵੱਲੋਂ ਆਏ ਦਿਨ ਦੇਸ਼-ਵਿਦੇਸ਼ ਦੇ ਦੌਰੇ ਕੀਤੇ ਜਾ ਰਹੇ ਹਨ ਅਤੇ ਲੋਕਾਂ ਦੇ ਖੂਨ-ਪਸੀਨੇ ਦੀ ਕਮਾਈ ‘ਚੋਂ ਜਬਰੀ ਨਿਚੋੜ ਕੇ ਭਰੇ ਖਜ਼ਾਨੇ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ | ਉਹਨਾਂ ਇਹ ਵੀ ਦੋਸ਼ ਲਾਇਆ ਕਿ ਮੁੱਖ ਮੰਤਰੀ ਭਗਵੰਤ ਮਾਨ ਵੀ ਕੈਪਟਨ, ਬਾਦਲ ਤੇ ਮੋਦੀ ਵਾਲੇ ਮਜ਼ਦੂਰ ਤੇ ਲੋਕ ਵਿਰੋਧੀ ਅਤੇ ਕਾਰਪੋਰੇਟ ਘਰਾਣਿਆਂ ਪੱਖੀ ਨੀਤੀਆਂ ‘ਤੇ ਚੱਲ ਰਿਹਾ ਹੈ | ਉਹਨਾ ਕਿਹਾ ਕਿ ਪਿੰਡਾਂ ‘ਚੋਂ ਹੀ ਸਰਕਾਰ ਚੱਲਣ ਦੇ ਵਾਅਦੇ ਨਾਲ ਸੱਤਾ ‘ਚ ਆਏ ਮੁੱਖ ਮੰਤਰੀ ਭਗਵੰਤ ਮਾਨ ਹੁਣ ਮਜ਼ਦੂਰ ਆਗੂਆਂ ਨੂੰ ਚੰਡੀਗੜ੍ਹ ਵਿਖੇ ਬੁਲਾ ਕੇ ਵੀ ਮਿਲਣ ਤੋਂ ਇਨਕਾਰੀ ਹੋਏ ਬੈਠੇ ਹਨ ਅਤੇ ਆਪਣੀ ਸੰਗਰੂਰ ਕੋਠੀ ਅੱਗੇ ਜਾ ਕੇ ਆਪਣੇ ਮਸਲੇ ਹੱਲ ਕਰਨ ਲਈ ਅਵਾਜ਼ ਬੁਲੰਦ ਕਰਨ ਵਾਲਿਆਂ ਨੂੰ ਪੁਲਸੀ ਡਾਂਗਾਂ ਨਾਲ ਨਿਵਾਜ ਰਹੇ ਹਨ | ਉਹਨਾਂ ਕਿਹਾ ਕਿ 30 ਨਵੰਬਰ ਨੂੰ ਸੰਗਰੂਰ ਵਿਖੇ ਹਜ਼ਾਰਾਂ ਮਜ਼ਦੂਰ ਮਰਦ ਔਰਤਾਂ ਉੱਤੇ ਪੁਲਸ ਵੱਲੋਂ ਲਾਠੀਚਾਰਜ ਉਪਰੰਤ ਮਿਲੀ ਅੱਜ ਦੀ ਮੀਟਿੰਗ ‘ਚੋਂ ਮੁੱਖ ਮੰਤਰੀ ਗੈਰ ਹਾਜ਼ਰ ਹੋਣ ਅਤੇ ਇਸ ਦੀ ਕੋਈ ਵੀ ਸੂਚਨਾ ਮਜ਼ਦੂਰ ਜਥੇਬੰਦੀਆਂ ਨੂੰ ਨਾ ਦੇਣ ਨਾਲ ਮੁੱਖ ਮੰਤਰੀ ਅਤੇ ਆਪ ਸਰਕਾਰ ਦਾ ਮਜ਼ਦੂਰ ਵਿਰੋਧੀ ਚਿਹਰਾ ਹੋਰ ਨੰਗਾ ਹੋ ਗਿਆ ਹੈ | ਉਹਨਾਂ ਪੰਜਾਬ ਦੇ ਸਮੂਹ ਮਜ਼ਦੂਰਾਂ ਨੂੰ ਭਗਵੰਤ ਮਾਨ ਤੇ ਆਪ ਸਰਕਾਰ ਖਿਲਾਫ ਵਿਸ਼ਾਲ ਤੇ ਸਿਰੜੀ ਸੰਘਰਸ਼ ਲਈ ਤਿਆਰ ਰਹਿਣ ਦਾ ਸੱਦਾ ਦਿੱਤਾ |
ਮਜ਼ਦੂਰ ਆਗੂਆਂ ਨੇ ਇੱਕ ਮਤੇ ਰਾਹੀਂ ਪੰਜਾਬ ਖੇਤ ਮਜ਼ਦੂਰ ਸਭਾ ਦੇ ਪ੍ਰਧਾਨ ਸੰਤੋਖ ਸਿੰਘ ਸੰਘੇੜਾ ਦੀ ਕੇਰਲਾ ਵਿਖੇ ਰੇਲ ਹਾਦਸੇ ਦੌਰਾਨ ਹੋਈ ਬੇਵਕਤੀ ਮੌਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ | ਇੱਕ ਹੋਰ ਮਤੇ ਰਾਹੀਂ ਲਤੀਫਪੁਰਾ ਵਿਖੇ ਲੰਮੇ ਸਮੇਂ ਤੋਂ ਘਰ ਬਣਾ ਕੇ ਰਹਿ ਰਹੇ ਲੋਕਾਂ ਦੇ ਘਰ ਤੋੜਨ ਦੀ ਨਿਖੇਧੀ ਕਰਦਿਆਂ ਪੀੜਤਾਂ ਦੇ ਉਸੇ ਜਗ੍ਹਾ ‘ਤੇ ਮੁੜ ਵਸੇਬਾ ਕਰਨ ਦੀ ਮੰਗ ਕੀਤੀ ਅਤੇ ਜ਼ੀਰਾ ਵਿਖੇ ਪ੍ਰਦੂਸ਼ਨ ਦਾ ਗੜ੍ਹ ਬਣੀ ਸ਼ਰਾਬ ਫੈਕਟਰੀ ਬੰਦ ਕਰਾਉਣ ਲਈ ਸੰਘਰਸ਼ ਕਰਦੇ ਲੋਕਾਂ ਉੱਪਰ ਪੁਲਸ ਵੱਲੋਂ ਆਏ ਦਿਨ ਜਬਰ ਢਾਹੁਣ ਦੀ ਸਖਤ ਨਿਖੇਧੀ ਕਰਦਿਆਂ ਫੈਕਟਰੀ ਤੁਰੰਤ ਬੰਦ ਕਰਨ ਅਤੇ ਗਿ੍ਫਤਾਰ ਲੋਕਾਂ ਨੂੰ ਰਿਹਾਅ ਕਰਨ ਦੀ ਮੰਗ ਕੀਤੀ ਗਈ |

Related Articles

LEAVE A REPLY

Please enter your comment!
Please enter your name here

Latest Articles