ਕੋਰੋਨਾ ਦਾ ਮੁੜ ਖ਼ਤਰਾ

0
326

ਕੋਰੋਨਾ ਮਹਾਂਮਾਰੀ ਬਾਰੇ ਫਿਰ ਤੋਂ ਚਿਤਾਵਨੀਆਂ ਸ਼ੁਰੂ ਹੋ ਗਈਆਂ ਹਨ | ਕੇਂਦਰੀ ਸਿਹਤ ਮੰਤਰੀ ਦੀ ਪ੍ਰਧਾਨਗੀ ਹੇਠ ਬੁੱਧਵਾਰ ਨੂੰ ਇੱਕ ਉੱਚ ਪੱਧਰੀ ਮੀਟਿੰਗ ਹੋਈ ਸੀ | ਇਸ ਮੀਟਿੰਗ ਤੋਂ ਬਾਅਦ ਸਿਹਤ ਮੰਤਰੀ ਨੇ ਕਿਹਾ ਕਿ ਕੋਰੋਨਾ ਹਾਲੇ ਖ਼ਤਮ ਨਹੀਂ ਹੋਇਆ | ਇਸ ਲਈ ਸਭ ਨੂੰ ਸਾਵਧਾਨ ਰਹਿਣ ਦੀ ਲੋੜ ਹੈ | ਇਸੇ ਦੌਰਾਨ ਨੀਤੀ ਆਯੋਗ ਦੇ ਮੈਂਬਰ ਡਾ. ਵੀ ਕੇ ਪਾਲ ਨੇ ਕਿਹਾ ਕਿ ਕੋਰੋਨਾ ਟੀਕੇ ਦੀ ਤੀਜੀ ਖੁਰਾਕ ਸਭ ਨੂੰ ਲੈਣੀ ਚਾਹੀਦੀ ਹੈ | ਇਸ ਦੇ ਨਾਲ ਹੀ ਭੀੜ-ਭਾੜ ਵਾਲੀਆਂ ਥਾਵਾਂ ਉੱਤੇ ਮਾਸਕ ਦੀ ਵਰਤੋਂ ਕਰਨੀ ਚਾਹੀਦੀ ਹੈ |
ਚੀਨ ਸਮੇਤ ਦੁਨੀਆ ਦੇ ਕੁਝ ਦੇਸ਼ਾਂ ‘ਚ ਕੋਰੋਨਾ ਤੇਜ਼ੀ ਨਾਲ ਫੈਲ ਰਿਹਾ ਹੈ | ਚੀਨ ਦੀ ਹਾਲਤ ਬਹੁਤ ਹੀ ਚਿੰਤਾਜਨਕ ਹੈ | ਮਹਾਂਮਾਰੀ ਮਾਹਰ ਐਰਿਕ ਫੀਗਲ ਡਿੰਗ ਨੇ ਕਿਹਾ ਹੈ ਕਿ ਚੀਨ ‘ਚ ਹਸਪਤਾਲ ਲਬਾਲਬ ਭਰ ਚੁੱਕੇ ਹਨ | ਅਗਲੇ ਤਿੰਨ ਮਹੀਨਿਆਂ ਵਿੱਚ ਚੀਨ ਦੀ 60 ਫ਼ੀਸਦੀ ਅਬਾਦੀ ਦੇ ਕੋਰੋਨਾ ਦੀ ਲਾਗ ਲਗਣ ‘ਤੇ ਲੱਖਾਂ ਲੋਕਾਂ ਦੀ ਮੌਤ ਦਾ ਖ਼ਤਰਾ ਹੈ | ਇਸੇ ਦੌਰਾਨ ਗਲੋਬਲ ਹੈਲਥ ਇੰਟੈਲੀਜੈਂਸ ਤੇ ਐਨਾਲਿਟਿਕਸ ਫਰਮ ਨੇ ਕਿਹਾ ਹੈ ਕਿ ਅਗਰ ਚੀਨ ਕੋਰੋਨਾ ਪਾਬੰਦੀਆਂ ਹਟਾ ਲੈਂਦਾ ਹੈ ਤਾਂ ਉੱਥੇ 13 ਤੋਂ 21 ਲੱਖ ਲੋਕਾਂ ਦੀ ਜਾਨ ਜਾ ਸਕਦੀ ਹੈ | ਇਹ ਸਿਰਫ਼ ਚੀਨ ਹੀ ਨਹੀਂ, ਅਮਰੀਕਾ ‘ਚ ਰੋਜ਼ 25 ਹਜ਼ਾਰ ਕੇਸ ਆ ਰਹੇ ਹਨ ਤੇ 300 ਮੌਤਾਂ ਹੋ ਰਹੀਆਂ ਹਨ | ਫਰਾਂਸ ‘ਚ 37 ਹਜ਼ਾਰ, ਜਰਮਨੀ ‘ਚ 52 ਹਜ਼ਾਰ, ਦੱਖਣੀ ਕੋਰੀਆ ‘ਚ 52 ਹਜ਼ਾਰ ਤੇ ਜਪਾਨ ਵਿੱਚ 1 ਲੱਖ 85 ਹਜ਼ਾਰ ਕੇਸ ਆ ਰਹੇ ਹਨ | ਇਨ੍ਹਾਂ ਦੇਸ਼ਾਂ ‘ਚ ਸੈਂਕੜੇ ਲੋਕ ਰੋਜ਼ਾਨਾ ਮਰ ਰਹੇ ਹਨ |
ਭਾਰਤ ਲਈ ਖ਼ਤਰਾ ਇਸ ਕਾਰਨ ਵਧ ਗਿਆ ਹੈ, ਕਿਉਂਕਿ ਕੋਰੋਨਾ ਦੇ ਐਮੀਕਰਾਨ ਵੈਰੀਐਂਟ ਦੇ ਸਬ ਵੈਰੀਐਂਟ ਬੀ ਐਫ਼-7 ਦੇ ਚਾਰ ਕੇਸ ਗੁਜਰਾਤ ਤੇ ਓਡੀਸ਼ਾ ‘ਚ ਮਿਲੇ ਹਨ | ਇਹ ਉਹੀ ਵੈਰੀਐਂਟ ਹੈ, ਜਿਸ ਨੇ ਚੀਨ ‘ਚ ਤਬਾਹੀ ਮਚਾਈ ਹੋਈ ਹੈ | ਇਸ ਵੈਰੀਐਂਟ ਦੇ ਮਾਮਲੇ ਅਮਰੀਕਾ, ਇੰਗਲੈਂਡ, ਬੈਲਜੀਅਮ, ਜਰਮਨੀ, ਫ਼ਰਾਂਸ ਤੇ ਡੈਨਮਾਰਕ ਸਣੇ ਯੂਰਪੀ ਦੇਸ਼ਾਂ ‘ਚ ਵੀ ਮਿਲ ਚੁੱਕੇ ਹਨ |
ਕੋਰੋਨਾ ਦੇ ਨਵੇਂ ਹੱਲੇ ਦੇ ਖ਼ਤਰੇ ਨੂੰ ਜਾਣਨ ਲਈ ਸਾਨੂੰ ਇਸ ਵਾਇਰਸ ਨੂੰ ਸਮਝਣਾ ਪਵੇਗਾ | ਕੋਰੋਨਾ ਲਈ ਜ਼ਿੰਮੇਵਾਰ ਵਾਇਰਸ ਜਦੋਂ ਮਨੁੱਖ ਦੇ ਸੰਪਰਕ ‘ਚ ਆਉਂਦਾ ਹੈ ਤਾਂ ਸਰਗਰਮ ਹੋ ਜਾਂਦਾ ਹੈ | ਇਸ ਦੌਰਾਨ ਇਹ ਵਾਇਰਸ ਨਵੇਂ ਵਾਇਰਸ ਵਿਕਸਤ ਕਰਦਾ ਰਹਿੰਦਾ ਹੈ, ਜਿਨ੍ਹਾਂ ਦੀਆਂ ਵਿਸ਼ੇਸ਼ਤਾਈਆਂ ਪਹਿਲੇ ਨਾਲੋਂ ਵੱਖ ਹੁੰਦੀਆਂ ਹਨ | ਬੀ ਐਫ਼-7 ਵੀ ਕੋਰੋਨਾ ਲਈ ਜ਼ਿੰਮੇਵਾਰ ਐਮੀਕਰਾਨ ਵਾਇਰਸ ਦੀ ਅਗਲੀ ਪੀੜ੍ਹੀ ਹੈ | ਇਹ ਨਵਾਂ ਵੈਰੀਐਂਟ ਪਹਿਲੇ ਵੈਰੀਐਂਟ ਨਾਲੋਂ 4 ਗੁਣਾ ਤੋਂ ਵੱਧ ਤਾਕਤਵਾਰ ਹੈ | ਇਹ ਟੀਕਾ ਲੱਗੇ ਹੋਏ ਵਿਅਕਤੀ ਨੂੰ ਵੀ ਪ੍ਰਭਾਵਤ ਕਰਨ ਦੀ ਸਮਰੱਥਾ ਰੱਖਦਾ ਹੈ | ਇਸ ਸਭ ਦੇ ਮੱਦੇਨਜ਼ਰ ਹਰ ਵਿਅਕਤੀ ਨੂੰ ਚੌਕਸ ਹੋਣ ਦੀ ਲੋੜ ਹੈ | ਅੱਜ ਬੇਸ਼ੱਕ ਭਾਰਤ ‘ਚ ਕੋਰੋਨਾ ਕੇਸ ਸਿਰਫ਼ ਸੈਂਕੜਿਆਂ ਦੀ ਗਿਣਤੀ ‘ਚ ਆ ਰਹੇ ਹਨ, ਪਰ ਇਸ ਕਾਰਣ ਬੇਫਿਕਰ ਰਹਿਣਾ ਘਾਤਕ ਹੋ ਸਕਦਾ ਹੈ | ਇਸ ਸਮੇਂ ਬਚਾਅ ਦਾ ਇੱਕੋ ਸਾਧਨ ਹੈ ਕਿ ਸਮਾਜਿਕ ਦੂਰੀ, ਮਾਸਕ ਪਹਿਨਣਾ ਤੇ ਬੂਸਟਰ ਡੋਜ਼ ਲੈਣੀ ਯਕੀਨੀ ਬਣਾਈ ਜਾਵੇ |

LEAVE A REPLY

Please enter your comment!
Please enter your name here