ਭਾਜਪਾ ਦੀ ਚਾਲਬਾਜ਼ੀ ਫੇਲ੍ਹ

0
11

ਮਹਿਲਾ ਰਿਜ਼ਰਵੇਸ਼ਨ ਬਿੱਲ ਲੋਕ ਸਭਾ ‘ਚ ਡਿੱਗਿਆ
ਨਵੀਂ ਦਿੱਲੀ : ਇਕਜੁੱਟ ਅਪੋਜ਼ੀਸ਼ਨ ਨੇ ਸ਼ੁੱਕਰਵਾਰ ਮੋਦੀ ਸਰਕਾਰ ਦੀ ਮਰਜ਼ੀ ਨਹੀਂ ਚੱਲਣ ਦਿੱਤੀ ਤੇ ਲੋਕ ਸਭਾ ਵਿੱਚ ਉਸ ਵੱਲੋਂ ਪੇਸ਼ ਕੀਤਾ ਗਿਆ ਮਹਿਲਾ ਰਿਜ਼ਰਵੇਸ਼ਨ ਨਾਲ ਜੁੜਿਆ 131ਵਾਂ ਸੰਵਿਧਾਨ ਸੋਧ ਬਿੱਲ ਪਾਸ ਨਹੀਂ ਹੋ ਸਕਿਆ। ਬਿੱਲ ਦੇ ਹੱਕ ਵਿੱਚ 298 ਤੇ ਵਿਰੁੱਧ 230 ਵੋਟਾਂ ਪਈਆਂ। 528 ਮੈਂਬਰਾਂ ਨੇ ਵੋਟਾਂ ਪਾਈਆਂ। ਬਿੱਲ ਪਾਸ ਕਰਾਉਣ ਲਈ ਪਈਆਂ ਵੋਟਾਂ ਦਾ ਦੋ-ਤਿਹਾਈ ਬਹੁਮਤ (352 ਸੀਟਾਂ) ਜ਼ਰੂਰੀ ਸੀ। ਇਸ ਤਰ੍ਹਾਂ ਬਿੱਲ 54 ਵੋਟਾਂ ਨਾਲ ਡਿੱਗ ਗਿਆ। ਇਹ ਬਿੱਲ ਡਿੱਗਣ ਦੇ ਬਾਅਦ ਸਰਕਾਰ ਨੇ ਹਲਕਾਬੰਦੀ ਸੋਧ ਬਿੱਲ ਤੇ ਕੇਂਦਰ ਸ਼ਾਸਤ ਪ੍ਰਦੇਸ਼ ਸੋਧ ਬਿੱਲ ‘ਤੇ ਵੋਟਿੰਗ ਕਰਾਉਣ ਦੀ ਹਿੰਮਤ ਨਹੀਂ ਕੀਤੀ ਤੇ ਵਾਪਸ ਲੈ ਲਏ। ਦਰਅਸਲ ਸਰਕਾਰ ਮਹਿਲਾ ਰਿਜ਼ਰਵੇਸ਼ਨ ਬਿੱਲ ਨੂੰ ਹਲਕਾਬੰਦੀ ਨਾਲ ਜੋੜ ਕੇ ਪਾਸ ਕਰਾਉਣਾ ਚਾਹੁੰਦੀ ਸੀ ਜਦਕਿ ਅਪੋਜ਼ੀਸ਼ਨ ਦੀ ਦਲੀਲ ਸੀ ਕਿ ਦੋਹਾਂ ਨੂੰ ਜੋੜਿਆ ਨਹੀਂ ਜਾ ਸਕਦਾ। ਰਾਹੁਲ ਨੇ ਕਿਹਾ ਕਿ ਅਪੋਜ਼ੀਸ਼ਨ ਨੇ ਸੰਵਿਧਾਨ ‘ਤੇ ਹਮਲੇ ਨੂੰ ਨਾਕਾਮ ਕਰ ਦਿੱਤਾ ਹੈ। ਪ੍ਰਿਅੰਕਾ ਗਾਂਧੀ ਨੇ ਕਿਹਾ ਕਿ ਲੋਕਤੰਤਰ ਤੇ ਦੇਸ਼ ਦੀ ਏਕਤਾ ਲਈ ਵੱਡੀ ਜਿੱਤ ਹੈ। ਸ਼ਸ਼ੀ ਥਰੂਰ ਨੇ ਕਿਹਾ ਕਿ ਕਾਂਗਰਸ ਨੇ ਹਮੇਸ਼ਾ ਕਿ ਉਹ ਮਹਿਲਾ ਰਿਜ਼ਰਵੇਸ਼ਨ ਦੀ ਪੂਰੀ ਹਮਾਇਤ ਕਰਦੀ ਹੈ ਤੇ ਹਰ ਵੇਲੇ ਉਸਦੇ ਹੱਕ ਵਿੱਚ ਵੋਟ ਪਾਉਣ ਲਈ ਤਿਆ੍ਰਰ ਹੈ। ਪਰ ਹਲਕਾਬੰਦੀ ਨੂੰ ਇਸ ਨਾਲ ਨਹੀਂ ਜੋੜਿਆ ਜਾਣਾ ਚਾਹੀਦਾ। ਇਸਤੋਂ ਪਹਿਲਾਂ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਬਿੱਲਾਂ ‘ਤੇ ਬਹਿਸ ਦਾ ਜਵਾਬ ਦਿੰਦਿਆਂ ਕਿਹਾ ਕਿ ਜੋ ਲੋਕ ਸੀਟਾਂ ਵਧਾਉਣ ਦਾ ਵਿਰੋਧ ਕਰ ਰਹੇ ਹਨ, ਉਹ ਅਸਲ ਵਿੱਚ ਪਛੜੀਆਂ ਸ਼੍ਰੇਣੀਆਂ ਦੀਆਂ ਸੀਟਾਂ ਵਧਣ ਦੇ ਖਿਲਾਫ ਵੀ ਖੜ੍ਹੇ ਹਨ। ਸ਼ਾਹ ਨੇ ਕਿਹਾ ਕਿ ਸਰਕਾਰ ਔਰਤਾਂ ਨੂੰ ਰਾਜਨੀਤਕ ਅਧਿਕਾਰ ਦੇਣ ਲਈ ਪੂਰੀ ਤਰ੍ਹਾਂ ਤਿਆਰ ਹੈ ਪਰ ਵਿਰੋਧੀ ਧਿਰ ਸਿਰਫ ਰੁਕਾਵਟਾਂ ਪਾ ਰਹੀ ਹੈ।
ਬਹਿਸ ਦੌਰਾਨ ਕਾਂਗਰਸ ਮੈਂਬਰ ਕੇ ਸੀ ਵੇਣੂਗੋਪਾਲ ਨੇ ਦੋ ਮੰਗਾਂ ਰੱਖੀਆਂ ਸਨ : ਪਹਿਲੀ, 50 ਫੀਸਦੀ ਸੀਟਾਂ ਵਧਾਉਣ ਲਈ ਅਧਿਕਾਰਤ ਸੋਧ ਲਿਆਂਦੀ ਜਾਵੇ ਅਤੇ ਦੂਜੀ, ਹਲਕਾਬੰਦੀ ਵਾਲੇ ਬਿੱਲ ਨੂੰ ਹਟਾ ਦਿੱਤਾ ਜਾਵੇ। ਇਸ ‘ਤੇ ਅਮਿਤ ਸ਼ਾਹ ਨੇ ਤੁਰੰਤ ਜਵਾਬ ਦਿੰਦਿਆਂ ਕਿਹਾ, ”ਮੈਂ ਤਿਆਰ ਹਾਂ, ਸਪੀਕਰ ਸਾਹਿਬ ਮੈਨੂੰ ਇੱਕ ਘੰਟਾ ਦਿਓ, ਮੈਂ ਸੋਧ ਲੈ ਕੇ ਆਉਂਦਾ ਹਾਂ।”
ਹਾਲਾਂਕਿ, ਉਨ੍ਹਾ ਨੇ ਹਲਕਾਬੰਦੀ ਨੂੰ ਹਟਾਉਣ ਵਾਲੀ ਸ਼ਰਤ ਨੂੰ ਠੁਕਰਾਉਂਦਿਆਂ ਕਿਹਾ ਕਿ ਵਿਰੋਧੀ ਧਿਰ ਇਸ ਬਹਾਨੇ ਬਿੱਲ ਨੂੰ ਫਿਰ ਤੋਂ ਲਟਕਾਉਣਾ ਚਾਹੁੰਦੀ ਹੈ। ਉਨ੍ਹਾ ਕਿਹਾ ਕਿ ਜੇ ਵਿਰੋਧੀ ਧਿਰ ਵੋਟ ਨਹੀਂ ਪਾਉਂਦੀ ਤਾਂ ਬਿੱਲ ਰੁਕ ਜਾਵੇਗਾ, ਜਿਸ ਦਾ ਜਵਾਬ ਦੇਸ਼ ਦੀਆਂ ਔਰਤਾਂ ਨੂੰ ਵਿਰੋਧੀ ਧਿਰ ਨੂੰ ਹੀ ਦੇਣਾ ਪਵੇਗਾ।