ਨਵੀਂ ਦਿੱਲੀ : ਰਾਹੁਲ ਗਾਂਧੀ ਨੇ ਭਾਰਤ ਜੋੜੋ ਯਾਤਰਾ ਰੋਕਣ ਦੇ ਕੇਂਦਰੀ ਮੰਤਰੀ ਦੇ ਮਸ਼ਵਰੇ ਨੂੰ ਮੰਨਣ ਤੋਂ ਵੀਰਵਾਰ ਇਨਕਾਰ ਕਰਦਿਆਂ ਕਿਹਾ—ਕੇਂਦਰ ਸਰਕਾਰ ਨੇ ਹੁਣ ਨਵਾਂ ਫਾਰਮੂਲਾ ਕੱਢ ਲਿਆ ਹੈ | ਮੈਨੂੰ ਚਿੱਠੀ ਲਿਖੀ ਹੈ ਕਿ ਮਾਸਕ ਲਗਾਓ, ਕੋਵਿਡ ਫੈਲ ਰਿਹਾ ਹੈ | ਇਹ ਸਭ ਯਾਤਰਾ ਰੋਕਣ ਦੇ ਹੱਥਕੰਡੇ ਹਨ | ਹਿੰਦੁਸਤਾਨ ਦੀ ਸੱਚਾਈ ਤੋਂ ਇਹ ਲੋਕ ਡਰ ਗਏ ਹਨ | ਸਾਡੀ ਯਾਤਰਾ ਕਸ਼ਮੀਰ ਤੱਕ ਜਾਏਗੀ | ਯਾਤਰਾ ਦੇ ਹਰਿਆਣਾ ਵਿਚ ਦੂਜੇ ਦਿਨ ਨੂੰ ਹ ਦੇ ਇਤਿਹਾਸਕ ਗਾਂਧੀਗਰਾਮ (ਘਾਸੇੜਾ) ਵਿਚ ਲੋਕਾਂ ਨੇ ਰਾਹੁਲ ਦਾ ਮੇਵਾਤੀ ਪਗੜੀ ਪਾ ਕੇ ਸਵਾਗਤ ਕੀਤਾ | 106 ਦਿਨ ਤੋਂ ਪੈਦਲ ਚੱਲ ਰਹੇ ਰਾਹੁਲ ਦੇ ਪੈਰਾਂ ਵਿਚ ਪੱਟੀ ਬੰਨ੍ਹੀ ਦਿਸੀ | ਲੋਕਾਂ ਨੂੰ ਸੰਬੋਧਨ ਕਰਦਿਆਂ ਉਹਨਾ ਕਿਹਾ ਕਿ ਲੋਕਾਂ ਨੂੰ ਆਰ ਐੱਸ ਐੱਸ ਤੇ ਮੋਦੀ ਦਾ ਨਫਰਤ ਦਾ ਹਿੰਦੁਸਤਾਨ ਨਹੀਂ ਚਾਹੀਦਾ | ਉਨ੍ਹਾ ਕਿਹਾ ਕਿ ਸੰਸਦ ਵਿਚ ਬੋਲਣ ਨਾ ਦੇਣ ਕਾਰਨ ਉਹ ਕੰਨਿਆਕੁਮਾਰੀ ਤੋਂ ਕਸ਼ਮੀਰ ਤੱਕ ਯਾਤਰਾ ਕੱਢਣ ਲਈ ਮਜਬੂਰ ਹੋਏ ਹਨ | ਰਾਹੁਲ ਨੇ ਇਹ ਵੀ ਕਿਹਾ—ਇਸ ਯਾਤਰਾ ਵਿਚ ਸਾਨੂੰ ਜੋ ਸਿੱਖਣ ਨੂੰ ਮਿਲਿਆ, ਉਹ ਗੱਡੀ ਜਾਂ ਹੈਲੀਕਾਪਟਰ ‘ਚ ਸਿੱਖਣ ਨੂੰ ਨਹੀਂ ਮਿਲਣਾ ਸੀ |
ਰਾਹੁਲ ਨੇ ਕਿਹਾ—ਨਰਿੰਦਰ ਮੋਦੀ ਦਾ ਤੁਸੀਂ ਚਰਿੱਤਰ ਸਮਝੋ | ਜਿਵੇਂ ਹੀ ਕੋਈ ਉਨ੍ਹਾ ਦੇ ਸਾਹਮਣੇ ਖੜ੍ਹਾ ਹੋ ਜਾਂਦਾ ਹੈ ਉਹ ਪੁੱਠੇ ਪੈਰੀਂ ਭੱਜਦੇ ਹਨ | ਕਿਸਾਨ ਅੰਦੋਲਨ ਇਸ ਦੀ ਮਿਸਾਲ ਹੈ |
ਇਹ ਵੀ ਖਬਰ ਹੈ ਕਿ ਇਕ ਸੀਨੀਅਰ ਪੁਲਸ ਅਧਿਕਾਰੀ ਨੇ ਖੁਫੀਆ ਰਿਪੋਰਟ ‘ਚ ਦੱਸਿਆ ਹੈ ਕਿ ਹਰਿਆਣਾ ‘ਚ ਬੁੱਧਵਾਰ ਯਾਤਰਾ ਦੇ ਪਹਿਲੇ ਦਿਨ ਡੇਢ ਲੱਖ ਲੋਕ ਸ਼ਾਮਲ ਹੋਏ |





