ਜਲੰਧਰ (ਕੇਸਰ)
1 ਨਵੰਬਰ ਨੂੰ ਸਿਖਰਾਂ ਛੋਹਣ ਵਾਲੇ ਸੂਬਾ ਪੱਧਰੀ ਗ਼ਦਰੀ ਬਾਬਿਆਂ ਦੇ 31ਵੇਂ ਮੇਲੇ ‘ਚ ਨਵੇਂ ਰੰਗ ਭਰਨ ਲਈ ਐਤਵਾਰ ਸਥਾਨਕ ਦੇਸ਼ ਭਗਤ ਯਾਦਗਾਰ ਹਾਲ ‘ਚ ਪੰਜਾਬ ਭਰ ਦੇ ਰੰਗਕਰਮੀਆਂ, ਸਾਹਿਤਕਾਰਾਂ, ਕਲਾਕਾਰਾਂ, ਲੇਖਕਾਂ, ਕਵੀਆਂ, ਦੇਸ਼ ਭਗਤਾਂ ਦੇ ਪਿੰਡਾਂ ਨਾਲ ਜੁੜੀਆਂ ਕਮੇਟੀਆਂ ਦੇ ਨੁਮਾਇੰਦਿਆਂ ਦੀ ਮੀਟਿੰਗ ‘ਚ ਗੰਭੀਰ ਵਿਚਾਰ-ਚਰਚਾ ਕੀਤੀ ਗਈ | ਦੇਸ਼ ਭਗਤ ਯਾਦਗਾਰ ਕਮੇਟੀ ਦੇ ਜਨਰਲ ਸਕੱਤਰ ਗੁਰਮੀਤ ਸਿੰਘ ਨੇ ਸਵਾਗਤੀ ਸ਼ਬਦ ਬੋਲਦਿਆਂ ਸਭਨਾਂ ਨੂੰ ਅਪੀਲ ਕੀਤੀ ਕਿ ਉਹ ਮੇਲੇ ਨੂੰ ਨਵੇਂ ਮੁਕਾਮ ‘ਤੇ ਪਹੁੰਚਾਉਣ ਲਈ ਮਿਲ ਕੇ ਸਾਰਥਕ ਯਤਨ ਜੁਟਾਉਣ ਲਈ ਅੱਗੇ ਆਉਣ | ਕਮੇਟੀ ਦੇ ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਮੇੇਲੇ ‘ਚ ਵਿਸ਼ੇਸ਼ ਕਰਕੇ ਨਾਟਕ, ਗੀਤ-ਸੰਗੀਤ ਅਤੇ ਕਵੀ ਦਰਬਾਰ ਵਿੱਚ ਸ਼ਮੂਲੀਅਤ ਕਰਨ ਲਈ ਲਹਿੰਦੇ ਪੰਜਾਬ ਤੋਂ ਨਾਮਵਰ ਕਵੀਆਂ, ਰੰਗਮੰਚ ਟੋਲੀਆਂ ਦੀ ਆਮਦ ਲਈ ਹਰ ਸੰਭਵ ਯਤਨ ਕੀਤੇ ਜਾਣਗੇ, ਤਾਂ ਜੋ ਮੇਲਾ ਸਾਂਝੇ ਪੰਜਾਬ ਦਾ ਅਤੇ ਦੇਸ਼-ਬਦੇਸ਼ ਤੱਕ ਮਾਣ-ਮੱਤਾ ਅਤੇ ਹੋਰ ਉਚੇਰਾ ਰੁਤਬਾ ਹਾਸਲ ਕਰ ਸਕੇ | ਉਨ੍ਹਾ ਮੇਲੇ ‘ਚ ਕਲਾ ਵੰਨਗੀਆਂ ਵਿੱਚ ਨਵੀਨਤਾ ਅਤੇ ਵਿਸ਼ਾ ਵਸਤੂਆਂ ‘ਚ ਲੋਕ ਸਰੋਕਾਰਾਂ ਨਾਲ ਜੁੜੇ ਮੁੱਦਿਆਂ ਨੂੰ ਵਿਸ਼ੇਸ਼ ਥਾਂ ਦੇਣ ‘ਤੇ ਜ਼ੋਰ ਦਿੱਤਾ |
ਮੇਲੇ ਦੀ ਅੱਜ ਤੋਂ ਹੀ ਤਿਆਰੀ ਮੁਹਿੰਮ ਆਰੰਭ ਕਰਨ ‘ਤੇ ਜ਼ੋਰ ਦਿੰਦਿਆਂ ਉਨ੍ਹਾ ਕਿਹਾ ਕਿ ਨੁੱਕੜ ਨਾਟਕ, ਗੀਤ-ਸੰਗੀਤ, ਕਵੀ ਦਰਬਾਰ, ਬਹੁ-ਵੰਨਗੀ ਕਲਾ ਮੁਕਾਬਲਿਆਂ ਦਾ ਸਿਲਸਿਲਾ ਸਥਾਨਕ ਪੱਧਰਾਂ ‘ਤੇ ਕਰਨ ਲਈ ਸਥਾਨਕ ਸੰਸਥਾਵਾਂ ਨੂੰ ਪਹਿਲਕਦਮੀ ਕਰਨ ਦੀ ਲੋੜ ਹੈ, ਜੋ ਮੇਲੇ ਨੂੰ ਨਵੀਂ ਪੁਲਾਂਘ ਭਰਨ ਦੀ ਸਾਰਥਕ ਭੂਮਿਕਾ ਅਦਾ ਕਰੇਗਾ | ਮੀਟਿੰਗ ‘ਚ ਕੇਵਲ ਧਾਲੀਵਾਲ, ਇੰਦਰਜੀਤ, ਡਾ. ਹਰਜਿੰਦਰ ਸਿੰਘ ਅਟਵਾਲ, ਬਲਵਿੰਦਰ ਕੌਰ ਬਾਂਸਲ, ਡਾ. ਅਰਵਿੰਦਰ ਕੌਰ ਕਾਕੜਾ, ਸੀਤਾ ਰਾਮ ਬਾਂਸਲ, ਪਰਮਜੀਤ ਸਿੰਘ, ਹਰਵਿੰਦਰ ਦੀਵਾਨਾ, ਹਰਭਜਨ ਸਿੰਘ, ਕੁਲਵੰਤ ਕਾਕਾ, ਸ਼ਬਦੀਸ਼, ਰਮੇਸ਼ ਚੋਹਕਾ, ਜਸਕਰਨ, ਗੁਰਵਿੰਦਰ, ਅਮਰੀਕ ਸਿੰਘ, ਮਹਿੰਦਰ ਫੁਗਲਾਣਾ, ਕੁਲਵੰਤ ਤਰਕ, ਹਰਸ਼ਰਨ ਗਿੱਲ ਧੀਦੋ, ਜਸਵਿੰਦਰ ਪੱਪੀ, ਸ਼ੈਰੀ ਅਤੇ ਪਾਵੇਲ ਸਿਹੋੜਾ, ਸੁਮਨ ਲਤਾ ਆਦਿ ਮੇਲੇ ਨਾਲ ਚਿਰਾਂ ਤੋਂ ਜੁੜੇ ਸੱਭਿਆਚਾਰਕ ਕਾਮਿਆਂ ਨੇ ਵਿਚਾਰ-ਚਰਚਾ ਵਿੱਚ ਹਿੱਸਾ ਲਿਆ | ਵਿਚਾਰਵਾਨਾਂ ਨੇ ਕਿਹਾ ਕਿ ਮੁਲਕ ਦੇ ਲੋਕਾਂ ਖ਼ਿਲਾਫ ਵਿੱਢੇ ਚੌਤਰਫ਼ਾ ਹੱਲੇ ਨੂੰ ਪਛਾੜਨ ਲਈ ਗ਼ਦਰ ਪਾਰਟੀ ਮਾਰਗ-ਦਰਸ਼ਕ ਬਣਦੀ ਹੈ | ਸਾਮਰਾਜ, ਫ਼ਿਰਕਾਪ੍ਰਸਤੀ, ਜਮਹੂਰੀ ਹੱਕਾਂ ‘ਤੇ ਵਾਰ ਕਿਰਤੀ ਕਿਸਾਨਾਂ, ਨੌਜਵਾਨਾਂ, ਔਰਤਾਂ ਦੀ ਜ਼ਿੰਦਗੀ ਨਾਲ ਖੇਡਣ ਦੀਆਂ ਚੱਲ ਰਹੀਆਂ ਚਾਲਾਂ ਖਿਲਾਫ਼ ਮੇਲੇ ‘ਚ ਖਿੱਚ ਭਰਪੂਰ, ਮਿਆਰੀ ਅਤੇ ਹਰਮਨਪਿਆਰੀਆਂ ਕਲਾ ਕਿ੍ਤਾਂ ਦੀ ਲੋੜ ਹੈ, ਤਾਂ ਜੋ ਲੋਕ-ਦੋਖੀ ਸੱਭਿਆਚਾਰ ਨੂੰ ਕਰਾਰੀ ਹਾਰ ਦਿੱਤੀ ਜਾ ਸਕੇ | ਸਭਨਾਂ ਨੇ ਮੇਲੇ ‘ਚ ਆਪਣੀਆਂ ਸੇਵਾਵਾਂ ਦੇਣ ਦੀ ਪੇਸ਼ਕਸ਼ ਕਰਦਿਆਂ ਦੇਸ਼ ਭਗਤ ਯਾਦਗਾਰ ਕਮੇਟੀ ਦੀ ਅਗਵਾਈ ‘ਚ ਅੱਜ ਤੋਂ ਹੀ ਮੇਲਾ ਤਿਆਰੀ ਮੁਹਿੰਮ ਦੇ ਹਿੱਸੇਦਾਰ ਬਣ ਕੇ ਮੋਰਚੇ ਮੱਲਣ ਦਾ ਅਹਿਦ ਲਿਆ | ਦੇਸ਼ ਭਗਤ ਯਾਦਗਾਰ ਕਮੇਟੀ ਦੇ ਸੀਨੀਅਰ ਮੈਂਬਰ ਸੁਰਿੰਦਰ ਕੁਮਾਰੀ ਕੋਛੜ ਤੋਂ ਇਲਾਵਾ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ ਨੇ ਆਏ ਸੁਝਾਵਾਂ ਉਪਰ ਗੰਭੀਰਤਾ ਨਾਲ ਗੌਰ ਕਰਕੇ ਮੇਲੇ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਹਰ ਸੰਭਵ ਯਤਨ ਕਰਨ ਅਤੇ ਅਜਿਹੀਆਂ ਮੀਟਿੰਗਾਂ ਦਾ ਸਿਲਸਿਲਾ ਅੱਗੇ ਤੋਰਨ ਦਾ ਯਕੀਨ ਦੁਆਇਆ |