ਚੰਡੀਗੜ੍ਹ (ਗੁਰਜੀਤ ਬਿੱਲਾ)
ਪੁਲਸ ਨੂੰ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦੇ ਕਤਲ ਕੇਸ ‘ਚ ਵੱਡੀ ਸਫ਼ਲਤਾ ਮਿਲੀ ਹੈ | ਪੁਲਸ ਨੇ ਇਸ ਮਾਮਲੇ ‘ਚ ਦੋ ਸ਼ੂਟਰਾਂ ਸਮੇਤ ਪੰਜ ਹੋਰ ਲੋਕਾਂ ਨੂੰ ਗਿ੍ਫ਼ਤਾਰ ਕੀਤਾ ਹੈ | ਪੁਲਸ ਨੇ ਇਸ ਕਤਲ ‘ਚ ਵਰਤੇ ਗਏ ਸੱਤ ਹਥਿਆਰ ਅਤੇ ਤਿੰਨ ਕਾਰਾਂ ਵੀ ਬਰਾਮਦ ਕੀਤੀਆਂ ਹਨ | ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦਾ 14 ਮਾਰਚ ਨੂੰ ਪਿੰਡ ਮੱਲ੍ਹੀਆਂ ਵਿਖੇ ਚੱਲ ਰਹੇ ਕਬੱਡੀ ਟੂਰਨਾਮੈਂਟ ਦੌਰਾਨ ਅਣਪਛਾਤੇ ਹਮਲਾਵਰਾਂ ਨੇ ਕਤਲ ਕਰ ਦਿੱਤਾ ਸੀ |
ਜਲੰਧਰ ਦਿਹਾਤੀ ਪੁਲਸ ਦੇ ਐੱਸ ਐੱਸ ਪੀ ਸਵਪਨ ਸ਼ਰਮਾ ਨੇ ਦੱਸਿਆ ਕਿ ਸੰਦੀਪ ਦੇ ਕਤਲ ਮਾਮਲੇ ਨੂੰ ਸੁਲਝਾਉਣ ‘ਚ ਪੁਲਸ ਲੱਗੀ ਹੋਈ ਸੀ | ਗਿ੍ਫਤਾਰ ਕੀਤੇ ਗਏ ਮੁਲਜ਼ਮਾਂ ‘ਚੋਂ ਜ਼ਿਆਦਾਤਰ ਪੰਜਾਬ ਤੋਂ ਬਾਹਰ ਦੇ ਰਹਿਣ ਵਾਲੇ ਹਨ, ਜਿਨ੍ਹਾਂ ਦੀ ਪਛਾਣ ਹਰਵਿੰਦਰ ਸਿੰਘ ਉਰਫ ਫੌਜੀ ਵਾਸੀ ਬੁਲੰਦ ਸ਼ਹਿਰ, ਵਿਕਾਸ ਮਾਹਲੇ ਵਾਸੀ ਗੁੜਗਾਉਂ, (ਹਰਿਆਣਾ), ਸਚਿਨ ਦੱੁਲਿਆ ਵਾਸੀ ਅਲਵਰ (ਰਾਜਸਥਾਨ), ਮਨਜੋਤ ਕੌਰ ਸੰਗਰੂਰ ਅਤੇ ਯਾਦਵਿੰਦਰ ਸਿੰਘ ਪੀਲੀਭੀਤ (ਯੂ ਪੀ) ਸ਼ਾਮਲ ਹਨ | ਪੁਲਸ ਨੇ ਇਨ੍ਹਾਂ ਦੇ ਕਬਜ਼ੇ ‘ਚੋਂ ਪੰਜ ਵਿਦੇਸੀ.30 ਬੋਰ ਦੇ ਪਿਸਤੌਲ ਅਤੇ ਦੋ .315 ਦੇਸੀ ਪਿਸਤੌਲ ਸਮੇਤ ਸੱਤ ਪਿਸਤੌਲ, ਤਿੰਨ ਗੱਡੀਆਂ ਮਹਿੰਦਰਾ ਐੱਕਸ ਯੂ ਵੀ, ਟੋਯੋਟਾ ਅਤੇ ਹੁੰਡਈ ਵਰਨਾ ਵੀ ਬਰਾਮਦ ਕੀਤੀਆਂ ਹਨ | ਉਹਨਾ ਦੱਸਿਆ ਕਿ ਇਨ੍ਹਾਂ ‘ਚੋਂ ਮੁੱਖ ਮੁਲਜ਼ਮ ਹਰਵਿੰਦਰ ਸਿੰਘ ਉਰਫ ਫੌਜੀ ਹੈ, ਜਿਸ ਨੇ ਇਸ ਕਤਲ ਕਾਂਡ ‘ਚ ਬਾਕੀ ਨੂੰ ਆਉਣ ਜਾਣ ਲਈ ਗੱਡੀਆਂ, ਕਤਲ ‘ਚ ਇਸਤੇਮਾਲ ਹੋਣ ਵਾਲੇ ਹਥਿਆਰ, ਮੁਲਜ਼ਮਾਂ ਨੂੰ ਸੇਫ ਰਿਹਾਇਸ਼ ਅਤੇ ਹਥਿਆਰ ਚਲਾਉਣ ਦੀ ਟਰੇਨਿੰਗ ਦੇ ਨਾਲ ਵਿੱਤੀ ਮਦਦ ਮੁਹੱਈਆ ਕਰਵਾਈ ਸੀ |
ਸੰਦੀਪ ਨੰਗਲ ਅੰਬੀਆਂ ਕਤਲ ਮਾਮਲੇ ‘ਚ ਹਰਵਿੰਦਰ ਸਿੰਘ ਫੌਜੀ ਵੱਲੋਂ ਹੀ ਰੇਕੀ ਕਰਵਾਈ ਗਈ ਸੀ | ਇਹੀ ਨਹੀਂ ਹਰਿਆਣਾ ਦੇ ਗੁੜਗਾਉਂ ਤੋਂ ਫੜਿਆ ਗਿਆ ਮੁਲਜ਼ਮ ਵਿਕਾਸ ਮਾਹਲੇ ਨੂੰ ਇਸ ਕਤਲ ਮਾਮਲੇ ‘ਚ ਮੁੱਖ ਸੂਤਰਾਂ ਨੂੰ ਗੋਲੀਬਾਰੀ ਕਰਨ ਵਾਲਿਆਂ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਸਿਖਲਾਈ ਦੇਣ ਦਾ ਕੰਮ ਸੌਂਪਿਆ ਗਿਆ ਸੀ |
ਇਸ ਨੇ ਬਾਅਦ ਵਿਚ ਹਰਵਿੰਦਰ ਸਿੰਘ ਫੌਜੀ ਨਾਲ ਮਿਲ ਕੇ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ |