ਕੂੜ-ਪ੍ਰਚਾਰ ਬੇਪਰਦ

0
321

ਸਰਕਾਰ ਵੱਲੋਂ ਰਾਜ ਸਭਾ ‘ਚ ਦਿੱਤੇ ਗਏ ਬਿਆਨ ਨਾਲ ਸਾਫ ਹੋ ਗਿਆ ਹੈ ਕਿ ਭਾਜਪਾ ਨੇ ਰਾਮਸੇਤੂ ਦੇ ਮੱੁਦੇ ਨੂੰ ਵੇਲੇ ਦੀ ਮਨਮੋਹਨ ਸਿੰਘ ਦੀ ਸਰਕਾਰ ਨੂੰ ਬਦਨਾਮ ਕਰਨ ਤੇ ਸਿਆਸੀ ਲਾਹਾ ਲੈਣ ਲਈ ਲੋਕਾਂ ਦੀਆਂ ਭਾਵਨਾਵਾਂ ਭੜਕਾਉਣ ਲਈ ਵਰਤਿਆ ਸੀ | ਕੇਂਦਰੀ ਰਾਜ ਮੰਤਰੀ ਜਤਿੰਦਰ ਸਿੰਘ ਨੇ 22 ਦਸੰਬਰ ਨੂੰ ਰਾਜ ਸਭਾ ਵਿੱਚ ਇੱਕ ਸਵਾਲ ਦੇ ਜਵਾਬ ‘ਚ ਕਿਹਾ—ਸਪੇਸ ਤਕਨੀਕ ਰਾਹੀਂ ਅਸੀਂ ਚੂਨਾ ਪੱਥਰ ਦੇ ਬਣੇ ਨਿੱਕੇ ਟਾਪੂ ‘ਤੇ ਕੁਝ ਟੁਕੜੇ ਲੱਭ ਸਕੇ ਹਾਂ | ਹਾਲਾਂਕਿ ਅਸੀਂ ਪੁਖਤਾ ਤੌਰ ‘ਤੇ ਇਹ ਨਹੀਂ ਕਹਿ ਸਕਦੇ ਕਿ ਇਹ ਟੁਕੜੇ ਸੇਤੂ (ਪੁਲ) ਦਾ ਹਿੱਸਾ ਰਹੇ ਹੋਣਗੇ ਪਰ ਇਨ੍ਹਾਂ ‘ਚ ਕੁਝ ਨਿਰੰਤਰਤਾ ਦਿਸਦੀ ਹੈ | ਯੂ ਪੀ ਏ-1 ਵੇਲੇ ਮਨਮੋਹਨ ਸਰਕਾਰ ਨੇ ਵੀ ਭਾਰਤੀ ਪੁਰਾਤੱਤਵ ਸਰਵੇਖਣ ਵਿਭਾਗ ਦੀ ਰਿਪੋਰਟ ਦੇ ਆਧਾਰ ‘ਤੇ ਸੁਪਰੀਮ ਕੋਰਟ ‘ਚ ਅਜਿਹਾ ਹੀ ਹਲਫਨਾਮਾ ਦੇ ਕੇ ਕਿਹਾ ਸੀ ਕਿ ਇਹ ਪੁਲ ਕੁਦਰਤੀ ਢਾਂਚਾ ਮਾਤਰ ਹੈ ਅਤੇ ਇਸ ਨੂੰ ਮਨੁੱਖ ਵੱਲੋਂ ਬਣਾਏ ਜਾਣ ਦਾ ਕੋਈ ਸਬੂਤ ਨਹੀਂ ਹੈ | ਇਸ ਹਲਫਨਾਮੇ ਨੂੰ ਲੈ ਕੇ ਭਾਜਪਾ ਨੇ ਪੂਰੇ ਦੇਸ਼ ‘ਚ ਹੰਗਾਮਾ ਕੀਤਾ ਸੀ ਅਤੇ ਕਾਂਗਰਸ ਨੂੰ ਹਿੰਦੂ ਵਿਰੋਧੀ ਸਿੱਧ ਕਰਨ ਦੀ ਮੁਹਿੰਮ ਚਲਾਈ ਸੀ | ਉਸ ਦਾ ਦਾਅਵਾ ਸੀ ਕਿ ਜਿਸ ਨੂੰ ਐਡਮ ਬਿ੍ਜ ਕਿਹਾ ਜਾ ਰਿਹਾ ਹੈ ਉਹ ਭਗਵਾਨ ਰਾਮ ਦੀ ਸੈਨਾ ਵੱਲੋਂ ਲੰਕਾ ਜਿੱਤਣ ਵੇਲੇ ਸਮੁੰਦਰ ਪਾਰ ਕਰਨ ਲਈ ਬਣਾਇਆ ਗਿਆ ਪੁਲ ਸੀ | ਦਰਅਸਲ 2005 ਵਿੱਚ ਮਨਮੋਹਨ ਸਰਕਾਰ ਨੇ ਸੇਤੂ ਸਮੁੰਦਰਮ ਪ੍ਰੋਜੈਕਟ ਪਾਸ ਕੀਤਾ ਸੀ, ਜਿਸ ਤਹਿਤ ਮੰਨਾਰ ਦੀ ਖਾੜੀ ਤੇ ਪਾਕ ਜਲਡਮਰੂ ਮੱਧ ਨੂੰ ਜੋੜਿਆ ਜਾਣਾ ਸੀ | ਇਸ ਨਾਲ ਸ੍ਰੀਲੰਕਾ ਦੀ ਪਰਕਰਮਾ ਲਈ 400 ਸਮੁੰਦਰੀ ਮੀਲ ਦਾ ਸਫਰ ਕਰਨ ਵਾਲੇ ਜਹਾਜ਼ਾਂ ਨੂੰ ਨਵਾਂ ਰਾਹ ਮਿਲ ਜਾਣਾ ਸੀ, 36 ਘੰਟੇ ਦਾ ਸਫਰ ਬਚ ਜਾਣਾ ਸੀ ਤੇ ਈਾਧਨ ਦੀ ਬੱਚਤ ਵੱਖਰੀ ਹੋਣੀ ਸੀ | ਇਸ ਪ੍ਰੋਜੈਕਟ ਨਾਲ ਬੰਗਾਲ ਦੀ ਖਾੜੀ ਤੇ ਅਰਬ ਸਾਗਰ ਵਿਚਾਲੇ ਸਿੱਧੀ ਆਵਾਜਾਈ ਸੰਭਵ ਹੋ ਜਾਣੀ ਸੀ | ਨੇਵੀ ਦਾ ਨਵਾਂ ਅੱਡਾ ਵੀ ਬਣ ਜਾਣਾ ਸੀ | ਉਂਜ ਇਹ ਪ੍ਰੋਜੈਕਟ ਨਵਾਂ ਸੀ | ਇਸ ਦੀ ਤਜਵੀਜ਼ 1860 ‘ਚ ਬਿ੍ਟਿਸ਼ ਕਮਾਂਡਰ ਐਡੀ ਟੇਲਰ ਨੇ ਵੀ ਦਿੱਤੀ ਸੀ | ਪ੍ਰੋਜੈਕਟ ਲਾਗੂ ਹੋ ਜਾਂਦਾ ਤਾਂ ਦੱਖਣੀ ਰਾਜਾਂ ਦਾ ਵਪਾਰ ਕਾਫੀ ਵਧ ਜਾਣਾ ਸੀ | ਭਾਜਪਾ ਨੇ ਇਸ ਵਿਰੁੱਧ ਜ਼ੋਰਦਾਰ ਮੁਹਿੰਮ ਚਲਾ ਦਿੱਤੀ ਤੇ ਇਸ ਦੇ ਆਗੂ ਸੁਬਰਾਮਣੀਅਮ ਸਵਾਮੀ ਸੁਪਰੀਮ ਕੋਰਟ ਚਲੇ ਗਏ ਤੇ ਉਸ ਨੇ 2007 ‘ਚ ਪ੍ਰੋਜੈਕਟ ‘ਤੇ ਰੋਕ ਲਾ ਦਿੱਤੀ | ਆਰ ਐੱਸ ਐੱਸ ਨੇ ਅਮਰੀਕੀ ਪੁਲਾੜ ਏਜੰਸੀ ਨਾਸਾ ਨੂੰ ਵਰਤਦਿਆਂ ਉਸ ਦੀਆਂ ਕੁਝ ਤਸਵੀਰਾਂ ਇਹ ਕਹਿ ਕੇ ਪ੍ਰਸਾਰਤ ਕਰ ਦਿੱਤੀਆਂ ਕਿ ਮਨੁੱਖ ਵੱਲੋਂ ਬਣਾਇਆ ਗਿਆ ਇਹ ਪੁਲ ਇਕ ਕਰੋੜ 70 ਲੱਖ ਸਾਲ ਪੁਰਾਣਾ ਹੈ | ਹਾਲਾਂਕਿ ਨਾਸਾ ਦੇ ਬੁਲਾਰੇ ਮਾਈਕਲ ਬ੍ਰਾਉਕੁਸ ਨੇ ਇਸ ਦਾਅਵੇ ਨੂੰ ਗਲਤ ਦੱਸਿਆ ਪਰ ਭਾਜਪਾ ਆਪਣਾ ਉਦੇਸ਼ ਹਾਸਲ ਕਰਨ ‘ਚ ਕਾਮਯਾਬ ਰਹੀ |

LEAVE A REPLY

Please enter your comment!
Please enter your name here