ਤਰਨ ਤਾਰਨ (ਪਿ੍ਤਪਾਲ ਸਿੰਘ)
ਪੁਲਸ ਨੇ ਸਰਹਾਲੀ ਰਾਕੇਟ ਪ੍ਰੋਪੇਲਡ ਗ੍ਰਨੇਡ (ਆਰ ਪੀ ਜੀ) ਹਮਲੇ ਦੇ ਮਾਮਲੇ ਦੀ ਅਗਲੇਰੀ ਜਾਂਚ ਵਿੱਚ ਮੰਗਲਵਾਰ ਕੈਨੇਡਾ ਅਧਾਰਤ ਅੱਤਵਾਦੀ ਲਖਬੀਰ ਲੰਡਾ ਦੇ ਸਬ-ਮਡਿਊਲ ਦੇ ਤਿੰਨ ਸੰਚਾਲਕਾਂ ਨੂੰ ਗਿ੍ਫ਼ਤਾਰ ਕਰਕੇ ਇਸ ਸਬ-ਮਡਿਊਲ ਪਰਦਾ ਫਾਸ਼ ਕੀਤਾ ਹੈ | ਪੁਲਸ ਵੱਲੋਂ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ ਲੋਡਿਡ ਆਰ ਪੀ ਜੀ ਦੇ ਨਾਲ-ਨਾਲ ਰਾਕੇਟ ਲਾਂਚਰ ਵੀ ਬਰਾਮਦ ਕੀਤਾ ਗਿਆ ਹੈ | ਇਹ ਸਬ-ਮਡਿਊਲ ਫਿਲਪੀਨਜ਼ ਤੋਂ ਯਾਦਵਿੰਦਰ ਸਿੰਘ ਵੱਲੋਂ ਲੰਡਾ ਦੇ ਨਿਰਦੇਸ਼ਾਂ ‘ਤੇ ਚਲਾਇਆ ਜਾ ਰਿਹਾ ਸੀ | ਡੀ ਜੀ ਪੀ ਪੰਜਾਬ ਗੌਰਵ ਯਾਦਵ ਨੇ ਗਿ੍ਫ਼ਤਾਰ ਕਿਤੇ ਗਏ ਵਿਅਕਤੀਆਂ ਦੀ ਪਛਾਣ ਕੁਲਬੀਰ ਸਿੰਘ, ਹੀਰਾ ਸਿੰਘ ਅਤੇ ਦਵਿੰਦਰ ਸਿੰਘ ਵਾਸੀ ਪਿੰਡ ਚੰਬਾ, ਤਰਨ ਤਾਰਨ ਵਜੋਂ ਕੀਤੀ |
ਉਹਨਾ ਦੱਸਿਆ ਕਿ ਪੁਲਸ ਨੇ ਮੁਲਜ਼ਮ ਯਾਦਵਿੰਦਰ ਸਿੰਘ ਦਾ ਨਾਂਅ ਵੀ ਮੁਕੱਦਮੇ ਵਿਚ ਦਰਜ ਕਰ ਲਿਆ ਹੈ | ਉਹਨਾ ਦੱਸਿਆ ਕਿ ਵਰਤੋਂ ਲਈ ਤਿਆਰ ਲੋਡਿਡ ਆਰ ਪੀ ਜੀ ਦੀ ਬਰਾਮਦਗੀ ਨਾਲ ਪੰਜਾਬ ਪੁਲਸ ਨੇ ਸੂਬੇ ਦੀ ਸ਼ਾਂਤੀ ਅਤੇ ਸਦਭਾਵਨਾ ਨੂੰ ਭੰਗ ਕਰਨ ਦੇ ਉਦੇਸ਼ ਨਾਲ ਕੀਤੇ ਜਾਣ ਵਾਲੇ ਇੱਕ ਹੋਰ ਸੰਭਾਵੀ ਅੱਤਵਾਦੀ ਹਮਲੇ ਨੂੰ ਸਫ਼ਲਤਾਪੂਰਵਕ ਨਾਕਾਮ ਕਰ ਦਿੱਤਾ ਹੈ |
ਇਹ ਸਫ਼ਲਤਾ ਦੋ ਦੋਸ਼ੀ ਨਬਾਲਗਾਂ ਸਮੇਤ ਸੱਤ ਵਿਅਕਤੀਆਂ ਦੀ ਗਿ੍ਫ਼ਤਾਰੀ ਤੋਂ ਕੁਝ ਦਿਨ ਬਾਅਦ ਮਿਲੀ, ਜਿਨ੍ਹਾਂ 9 ਦਸੰਬਰ ਨੂੰ ਰਾਤ 11.18 ਵਜੇ ਤਰਨ ਤਾਰਨ ਜ਼ਿਲ੍ਹੇ ਦੇ ਪੁਲਸ ਸਟੇਸ਼ਨ ਸਰਹਾਲੀ ਦੀ ਇਮਾਰਤ ‘ਤੇ ਅੱਤਵਾਦੀ ਹਮਲਾ ਕੀਤਾ ਸੀ | ਉਹਨਾ ਦੱਸਿਆ ਕਿ ਖੁਫੀਆ ਜਾਣਕਾਰੀ ‘ਤੇ ਕਾਰਵਾਈ ਕਰਦਿਆਂ ਤਰਨ ਤਾਰਨ ਪੁਲਸ ਨੇ ਬਿਲੀਆਂਵਾਲਾ ਪੁਲ ‘ਤੇ ਨਾਕਾਬੰਦੀ ਕੀਤੀ ਅਤੇ ਸਰਹਾਲੀ ਆਰ ਪੀ ਜੀ ਹਮਲੇ ਵਿੱਚ ਸ਼ਾਮਲ ਦੋ ਮੋਟਰਸਾਈਕਲ ਸਵਾਰ ਵਿਅਕਤੀਆਂ, ਜਿਨ੍ਹਾਂ ਦੀ ਪਛਾਣ ਕੁਲਬੀਰ ਸਿੰਘ ਅਤੇ ਹੀਰਾ ਸਿੰਘ ਵਜੋਂ ਹੋਈ, ਨੂੰ ਗਿ੍ਫਤਾਰ ਕੀਤਾ | ਇਸ ਸੰਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਐੱਸ ਐੱਸ ਪੀ ਤਰਨ ਤਾਰਨ ਗੁਰਮੀਤ ਸਿੰਘ ਚੌਹਾਨ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਯਾਦਵਿੰਦਰ ਸਿੰਘ, ਜੋ ਕਿ ਮੌਜੂਦਾ ਸਮੇਂ ਮਨੀਲਾ, ਫਿਲਪੀਨਜ਼ ਵਿੱਚ ਰਹਿੰਦਾ ਹੈ, ਦੇ ਨਿਰਦੇਸ਼ਾਂ ‘ਤੇ ਥਾਣਾ ਸਰਹਾਲੀ ਵਿਖੇ ਹੋਏ ਆਰ ਪੀ ਜੀ ਹਮਲੇ ਵਾਲੇ ਦਿਨ ਲੋਡਿਡ ਆਰ ਪੀ ਜੀ ਮੁਹੱਈਆ ਕਰਵਾਇਆ ਸੀ | ਦੋਸ਼ੀ ਯਾਦਵਿੰਦਰ ਨੇ ਨਾਬਾਲਗਾਂ, ਜਿਹਨਾਂ ਪੁਲਸ ਸਟੇਸ਼ਨ ‘ਤੇ ਆਰ ਪੀ ਜੀ ਹਮਲਾ ਕੀਤਾ ਸੀ, ਨੂੰ ਆਰ ਪੀ ਜੀ ਹਮਲਾ ਕਰਨ ਬਾਰੇ ਇੱਕ ਟਿਊਟੋਰੀਅਲ ਵੀਡੀਓ ਵੀ ਭੇਜੀ ਸੀ |
ਉਹਨਾ ਦੱਸਿਆ ਕਿ ਹੋਰ ਪੁੱਛਗਿੱਛ ਦੌਰਾਨ ਦੋਸ਼ੀਆਂ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਇਕ ਹੋਰ ਦੋਸ਼ੀ ਦਵਿੰਦਰ ਸਿੰਘ ਨਾਲ ਮਿਲ ਕੇ ਯਾਦਵਿੰਦਰ ਸਿੰਘ ਦੇ ਨਿਰਦੇਸ਼ਾਂ ‘ਤੇ ਇਕ ਹੋਰ ਆਰ ਪੀ ਜੀ ਛੁਪਾਈ ਹੋਈ ਹੈ | ਮੁਲਜ਼ਮਾਂ ਵੱਲੋਂ ਦੱਸੇ ਟਿਕਾਣੇ ਜ਼ਿਲ੍ਹਾ ਤਰਨ ਤਾਰਨ ਦੇ ਪਿੰਡ ਕਿੜੀਆਂ ਵਿਖੇ ਦਰਿਆ ਬਿਆਸ ਦੇ ਕੰਢੇ ‘ਤੇ ਆਰ ਪੀ ਜੀ ਅਤੇ ਇੱਕ ਰਾਕੇਟ ਲਾਂਚਰ ਬਰਾਮਦ ਕੀਤਾ ਗਿਆ | ਪੁਲਸ ਟੀਮਾਂ ਨੇ ਦਵਿੰਦਰ ਸਿੰਘ ਨੂੰ ਵੀ ਗਿ੍ਫ਼ਤਾਰ ਕੀਤਾ ਹੈ, ਜਿਸ ਨੇ ਖੁਲਾਸਾ ਕੀਤਾ ਹੈ ਕਿ ਉਹ ਯਾਦਵਿੰਦਰ ਸਿੰਘ ਅਤੇ ਲੰਡਾ ਦੀਆਂ ਹਦਾਇਤਾਂ ‘ਤੇ ਸੂਬੇ ਵਿਚ ਇਕ ਹੋਰ ਅੱਤਵਾਦੀ ਹਮਲੇ ਨੂੰ ਅੰਜਾਮ ਦੇਣ ਦੀ ਸਾਜ਼ਿਸ਼ ਰਚ ਰਹੇ ਸਨ | ਪੁਲਸ ਇਸ ਮਾਮਲੇ ਵਿੱਚ ਅਗਲੇ-ਪਿਛਲੇ ਸੰਬੰਧਾਂ ਦੀ ਹੋਰ ਜਾਂਚ ਕਰ ਰਹੀ ਹੈ ਅਤੇ ਜਲਦ ਹੀ ਹੋਰ ਬਰਾਮਦਗੀਆਂ ਅਤੇ ਗਿ੍ਫਤਾਰੀਆਂ ਹੋਣ ਦੀ ਉਮੀਦ ਹੈ | ਜ਼ਿਕਰਯੋਗ ਹੈ ਕਿ ਤਰਨ ਤਾਰਨ ਪੁਲਸ ਵੱਲੋਂ ਆਰ ਪੀ ਜੀ ਅਤੇ ਰਾਕੇਟ ਲਾਂਚਰ ਦੀ ਜਾਂਚ ਲਈ ਆਰਮੀ ਅਧਿਕਾਰੀਆਂ ਅਤੇ ਫੋਰੈਂਸਿਕ ਟੀਮਾਂ ਨੂੰ ਬੁਲਾਇਆ ਗਿਆ ਹੈ |





