ਨਵੀਂ ਦਿੱਲੀ : ਸਾਬਕਾ ਕੇਂਦਰੀ ਮੰਤਰੀ ਸਲਮਾਨ ਖੁਰਸ਼ੀਦ ਵੱਲੋਂ ਕਾਂਗਰਸ ਦੀ ‘ਭਾਰਤ ਜੋੜੋ ਯਾਤਰਾ’ ਦੀ ਅਗਵਾਈ ਕਰ ਰਹੇ ਰਾਹੁਲ ਗਾਂਧੀ ਦੀ ਤੁਲਨਾ ਭਗਵਾਨ ਰਾਮ ਤੇ ਕਾਂਗਰਸੀਆਂ ਦੀ ਭਰਤ ਨਾਲ ਕਰਨ ਤੋਂ ਬਾਅਦ ਭਾਜਪਾ ਆਗੂ ਦੁਸ਼ਯੰਤ ਗੌਤਮ ਨੇ ਮੰਗਲਵਾਰ ਸਵਾਲ ਕੀਤਾ ਕਿ ਜੇ ਰਾਹੁਲ ਰਾਮ ਦਾ ਅਵਤਾਰ ਹੈ ਤਾਂ ਉਹ ਆਪਣੀ ‘ਸੈਨਾ’ ਨੂੰ ਦੱਸੇ ਕਿ ਉਹ ਕੀ ਖਾਂਦਾ ਹੈ ਕਿ ਉਸ ਨੂੰ ਠੰਢ ਨਹੀਂ ਲਗਦੀ | ਉਸ ਦੀ ਸੈਨਾ ਨਿਰਵਸਤਰ ਕਿਉਂ ਨਹੀਂ ਫਿਰਦੀ | ਕਾਂਗਰਸੀਆਂ ਨੂੰ ਨੰਗੇ ਫਿਰਨਾ ਚਾਹੀਦਾ ਹੈ, ਜਿਵੇਂ ਭਗਵਾਨ ਰਾਮ ਦੀ ਸੈਨਾ ਹੁੰਦੀ ਸੀ |
ਖੁਰਸ਼ੀਦ ਨੇ ਸੋਮਵਾਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਸੀ—ਰਾਹੁਲ ਗਾਂਧੀ ਪਰਾ-ਮਨੁੱਖ ਹਨ | ਅਸੀਂ ਠੰਢ ਵਿਚ ਕੰਬ ਰਹੇ ਹਾਂ ਤੇ ਜੈਕਟਾਂ ਪਾਈਆਂ ਹੋਈਆਂ ਹਨ, ਉਹ ਟੀ-ਸ਼ਰਟ ਪਾ ਕੇ ਯਾਤਰਾ ਕਰ ਰਹੇ ਹਨ | ਉਹ ਯੋਗੀ ਵਾਂਗ ਤਪੱਸਿਆ ਕਰ ਰਹੇ ਹਨ | ਰਾਹੁਲ ਗਾਂਧੀ ਤੇ ਉਨ੍ਹਾ ਦੇ ਸਾਥੀ ਯਾਤਰੀ ਸ਼ਨੀਵਾਰ ਜਦੋਂ ਦਿੱਲੀ ਪੁੱਜੇ ਸਨ ਤਾਂ ਘੱਟੋ-ਘੱਟ ਤਾਪਮਾਨ ਪੰਜ ਡਿਗਰੀ ਸੈਲਸੀਅਸ ਤੋਂ ਥੱਲੇ ਆ ਗਿਆ ਸੀ |
ਖੁਰਸ਼ੀਦ ਨੇ ਰਾਮਾਇਣ ਦੇ ਪ੍ਰਸੰਗ ਦੇ ਹਵਾਲੇ ਨਾਲ ਇਹ ਵੀ ਕਿਹਾ ਸੀ—ਭਗਵਾਨ ਰਾਮ ਦੀਆਂ ਖੜਾਵਾਂ ਦੂਰ ਤੱਕ ਜਾਂਦੀਆਂ ਹਨ | ਕਦੇ-ਕਦੇ ਜਦ ਰਾਮ ਜੀ ਨਹੀਂ ਪਹੁੰਚ ਪਾਉਂਦੇ ਤਾਂ ਭਰਤ ਖੜਾਵਾਂ ਲੈ ਕੇ ਥਾਂ-ਥਾਂ ਜਾਂਦੇ ਹਨ | ਇੰਜ ਹੀ ਅਸੀਂ ਯੂ ਪੀ ਵਿਚ ਖੜਾਵਾਂ ਲਿਆਏ ਹਾਂ | ਹੁਣ ਜਦ ਯੂ ਪੀ ਵਿਚ ਖੜਾਵਾਂ ਪੁੱਜ ਗਈਆਂ ਹਨ ਤਾਂ ਰਾਮ ਜੀ (ਰਾਹੁਲ ਗਾਂਧੀ) ਵੀ ਆਉਣਗੇ |



