ਜਲੰਧਰ (ਕੇਸਰ)
ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਦੇ ਮੈਂਬਰਾਂ ਤੇ ਹਮਦਰਦਾਂ ਨੇ ਜਲੰਧਰ ਸ਼ਹਿਰ ਵਿੱਚ ਘੁੱਗ ਵਸਦਾ ਇਲਾਕਾ ਲਤੀਫਪੁਰਾ ਜ਼ੋਰ-ਜਬਰ ਨਾਲ ਉਜਾੜਨ ਅਤੇ ਕੁਝ ਅਖਬਾਰਾਂ ਦੇ ਇਸ਼ਤਿਹਾਰ ਬੰਦ ਕਰਨ ਵਿਰੁੱਧ ਮੰਗਲਵਾਰ ਰੋਹ ਭਰਪੂਰ ਪ੍ਰਦਰਸ਼ਨ ਕੀਤਾ | ਲਤੀਫਪੁਰਾ ਬਸਤੀ ਵਸਦੀ ਨੂੰ 76 ਸਾਲ ਦੇ ਕਰੀਬ ਹੋ ਗਏ ਹਨ ਤੇ ਹੁਣ ਸਰਕਾਰ ਨੇ ਉਨ੍ਹਾਂ ਦਾ ਉਜਾੜਾ ਇਸ ਕਰਕੇ ਕੀਤਾ ਹੈ ਕਿ ਸੜਕ ਚੌੜੀ ਕਰਨੀ ਹੈ | ਸਰਕਾਰ ਕਹਿ ਰਹੀ ਹੈ ਕਿ ਇਸ ਬਸਤੀ ਦੇ ਲੋਕ ਇਸ ਜਗਾ ‘ਤੇ ਜ਼ਬਰਦਸਤੀ ਬੈਠੇ ਹਨ ਅਤੇ ਇਨ੍ਹਾਂ ਕੋਲ ਆਪਣੀਆਂ ਥਾਵਾਂ ਦੇ ਕੋਈ ਵੀ ਕਾਗਜ਼ਾਤ ਨਹੀਂ ਹਨ | ਇਹ ਲੋਕ ਇਥੇ ਗੈਰ-ਕਾਨੂੰਨੀ ਵਸੇ ਹੋਏ ਹਨ | ਸਰਕਾਰ ਇਹ ਕਹਿ ਰਹੀ ਹੈ ਕਿ ਇਥੋਂ ਦੀ ਵਸੋਂ ਨੂੰ ਕੋਰਟ ਦੇ ਫੈਸਲੇ ਅਨੁਸਾਰ ਉਠਾਇਆ ਗਿਆ ਹੈ | ਕਮੇਟੀ ਨੇ ਕਿਹਾ ਕਿ ਇਨ੍ਹਾਂ ਲੋਕਾਂ ਦੀਆਂ ਥਾਵਾਂ ਦੇ ਕਾਗਜ਼ਾਤ ਸਰਕਾਰ ਨੂੰ ਬਣਾ ਕੇ ਦੇਣੇ ਚਾਹੀਦੇ ਸਨ | ਜੇ ਫਿਰ ਵੀ ਲਤੀਫਪੁਰਾ ਦੀ ਵਸੋਂ ਨੂੰ ਉਠਾਉਣਾ ਜ਼ਰੂਰੀ ਸੀ ਤਾਂ ਉਨ੍ਹਾਂ ਦੇ ਵਸਾਉਣ ਦਾ ਪ੍ਰਬੰਧ ਪਹਿਲਾਂ ਕਰਨਾ ਚਾਹੀਦਾ ਸੀ | ਕਮੇਟੀ ਨੇ ਇਹ ਵੀ ਪੁਰਜ਼ੋਰ ਮੰਗ ਕੀਤੀ ਕਿ ਜਿਨ੍ਹਾਂ ਨੂੰ ਘਰਾਂ ਤੋਂ ਉਜਾੜਿਆ ਗਿਆ ਹੈ, ਉਨ੍ਹਾਂ ਨੂੰ ਢੁਕਵਾਂ ਮੁਆਵਜ਼ਾ ਦਿੱਤਾ ਜਾਵੇ ਅਤੇ ਜਿਹੜੇ ਪੁਲਸ ਮੁਲਾਜ਼ਮਾਂ ਨੇ ਔਰਤਾਂ, ਬੱਚਿਆਂ, ਬਜ਼ੁਰਗਾਂ ਆਦਿ ‘ਤੇ ਜਬਰ ਢਾਹਿਆ ਹੈ, ਉਨ੍ਹਾਂ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ | ਕਮੇਟੀ ਨੇ ਇਹ ਵੀ ਮੰਗ ਕੀਤੀ ਕਿ ਅਖ਼ਬਾਰਾਂ ਦੇ ਇਸ਼ਤਿਹਾਰ ਚਾਲੂ ਕੀਤੇ ਜਾਣ | ਪ੍ਰਦਰਸ਼ਨ ਵਿੱਚ ਸ਼ਾਮਲ ਹੋਣ ਵਾਲੇ ਮੁੱਖ ਸਨ—ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਜਨਰਲ ਸਕੱਤਰ ਪਿ੍ਥੀਪਾਲ ਸਿੰਘ ਮਾੜੀਮੇਘਾ, ਕਮੇਟੀ ਮੈਂਬਰ ਚਰੰਜੀ ਲਾਲ ਕੰਗਣੀਵਾਲ, ਪ੍ਰਗਟ ਸਿੰਘ ਜਾਮਾਰਾਏ, ਪ੍ਰੋ. ਗੋਪਾਲ ਸਿੰਘ ਬੁੱਟਰ, ਜਮਹੂਰੀ ਅਧਿਕਾਰ ਸਭਾ ਦੇ ਪ੍ਰਧਾਨ ਪ੍ਰੋ. ਜਗਮੋਹਨ ਸਿੰਘ, ਕਿਰਤੀ ਕਿਸਾਨ ਤੇ ਮਜ਼ਦੂਰ ਯੂਨੀਅਨ ਤੇ ਤਰਕਸ਼ੀਲ ਸੁਸਾਇਟੀ ਦੇ ਆਗੂਆਂ ਤੋਂ ਇਲਾਵਾ ਕਸ਼ਮੀਰ ਘੁਗਸ਼ੋਰ, ਸੰਤੋਖ ਸਿੰਘ ਸੰਧੂ, ਕੁਲਵੰਤ ਸਿੰਘ ਕਾਕਾ ਤੇ ਰਾਜੇਸ਼ ਥਾਪਾ |





