ਅਰਜਨਟੀਨਾ ਵੱਲੋਂ ਪਿਛਲੇ ਦਿਨੀਂ ਫੀਫਾ ਵਰਲਡ ਕੱਪ ਜਿੱਤਣ ਤੋਂ ਬਾਅਦ ਸਭ ਤੋਂ ਜ਼ਿਆਦਾ ਚਰਚਾ ਉਸ ਦੇ ਕਪਤਾਨ ਲਿਓਨਲ ਮੈਸੀ ਦੀ ਰਹੀ | ਦੁਨੀਆ ਦੇ ਨਾਮਵਰ ਖਿਡਾਰੀ ਮੈਸੀ ਦਾ ਇਹ ਪੰਜਵਾਂ ਵਿਸ਼ਵ ਕੱਪ ਫੁੱਟਬਾਲ ਟੂਰਨਾਮੈਂਟ ਸੀ | 35 ਸਾਲਾ ਮੈਸੀ ਨੇ ਤਮਾਮ ਰਿਕਾਰਡ ਆਪਣੇ ਨਾਂਅ ਕਰ ਲਏ ਸਨ, ਪਰ ਵਿਸ਼ਵ ਕੱਪ ਨਹੀਂ ਜਿੱਤ ਸਕਿਆ ਸੀ | ਕਤਰ ਵਿਚ ਹੋਇਆ ਟੂਰਨਾਮੈਂਟ ਉਸ ਲਈ ਆਖਰੀ ਮੌਕਾ ਸੀ | ਮੈਸੀ ਦਾ ਸੁਪਨਾ ਪੂਰਾ ਹੋਣ ਦੇ ਨਾਲ ਇਸ ਵਾਰ ਦੇ ਵਿਸ਼ਵ ਕੱਪ ਦੀ ਇਕ ਖਾਸੀਅਤ ਇਹ ਵੀ ਰਹੀ ਕਿ ਅਫਰੀਕੀ ਖਿਡਾਰੀਆਂ ਨੇ ਇਸ ਨੂੰ ਰੋਮਾਂਚਕ ਬਣਾਉਣ ਵਿਚ ਕੋਈ ਕਸਰ ਨਹੀਂ ਛੱਡੀ | ਫਾਈਨਲ ਵਿਚ ਹਾਰਨ ਵਾਲੀ ਪਿਛਲੀ ਚੈਂਪੀਅਨ ਫਰਾਂਸ ਦੀ ਟੀਮ ਵਿਚ ਸਭ ਤੋਂ ਵੱਧ ਅਫਰੀਕੀ ਮੂਲ ਦੇ ਖਿਡਾਰੀ ਸਨ | ਟੂਰਨਾਮੈਂਟ ਵਿਚ ਹਿੱਸਾ ਲੈਣ ਵਾਲੀਆਂ ਕੁਲ 32 ਟੀਮਾਂ ਵਿਚ ਕਤਰ, ਫਰਾਂਸ, ਜਰਮਨੀ ਸਣੇ 14 ਟੀਮਾਂ ‘ਚ ਅਫਰੀਕੀ ਮੂਲ ਦੇ ਖਿਡਾਰੀ ਸਨ | ਫਰਾਂਸ ਦੀ ਟੀਮ ਵਿਚ 14 ਅਫਰੀਕੀ ਮੂਲ ਦੇ ਸਨ, ਜਦਕਿ 2018 ਵਿਚ ਟੀਮ ਦੇ 15 ਖਿਡਾਰੀ ਅਫਰੀਕੀ ਮੂਲ ਦੇ ਸਨ | ਸਭ ਤੋਂ ਵੱਧ ਗੋਲ ਕਰਨ ਵਾਲੇ ਐੱਮਬਾਪੇ, ਸਾਕਾ, ਕੋਡੀ, ਵੈਲੇਂਸ਼ੀਆ ਤੇ ਰੈਸ਼ਫੋਰਡ ਵਰਗੇ ਖਿਡਾਰੀ ਅਫਰੀਕੀ ਮੂਲ ਦੇ ਹਨ, ਜਿਹੜੇ ਯੂਰਪ ਦੀਆਂ ਵੱਖ-ਵੱਖ ਟੀਮਾਂ ਵੱਲੋਂ ਖੇਡੇ | ਵਿਸ਼ਵ ਕੱਪ ਵਿਚ ਅਫਰੀਕੀ ਮੂਲ ਦੇ ਖਿਡਾਰੀ ਤਾਂ ਛਾ ਜਾਂਦੇ ਹਨ, ਪਰ ਇਨ੍ਹਾਂ ਦੇ ਮੂਲ ਦੇਸ਼ਾਂ ਨੂੰ ਇਸ ਦਾ ਫਾਇਦਾ ਨਹੀਂ ਹੁੰਦਾ, ਕਿਉਂਕਿ ਇਨ੍ਹਾਂ ਦੇ ਵਧੀਆ ਖਿਡਾਰੀ ਪੈਸੇ ਤੇ ਆਪਣੀ ਖੇਡ ਵਿਚ ਸੁਧਾਰ ਲਿਆਉਣ ਲਈ ਦੂਜੇ ਦੇਸ਼ਾਂ ਨੂੰ ਪਲਾਇਨ ਕਰ ਜਾਂਦੇ | ਇਸ ਵਾਰ ਪੰਜ ਅਫਰੀਕੀ ਦੇਸ਼ਾਂ—ਘਾਨਾ, ਟਿਊਨੀਸ਼ੀਆ, ਸੈਨੇਗਲ, ਕੈਮਰੂਨ ਤੇ ਮੋਰਾਕੋ ਨੇ ਵਿਸ਼ਵ ਕੱਪ ਲਈ ਕੁਆਲੀਫਾਈ ਕੀਤਾ ਸੀ | ਪਿਛਲੀ ਵਾਰ 2010 ਵਿਚ ਘਾਨਾ ਕੁਆਰਟਰ ਫਾਈਨਲ ਗੇੜ ਤੱਕ ਪੁੱਜ ਗਿਆ ਸੀ, ਜਿਥੇ ਉਸ ਨੂੰ ਉਰੂਗੁਏ ਨੇ ਹਰਾ ਕੇ ਬਾਹਰ ਕਰ ਦਿੱਤਾ | 2002 ਵਿਚ ਸੈਨੇਗਲ ਵੀ ਕੁਆਰਟਰ ਫਾਈਨਲ ਤੱਕ ਪੁੱਜਾ ਸੀ | ਐਤਕੀਂ ਮੋਰਾਕੋ ਦੇ ਸੈਮੀਫਾਈਨਲ ਵਿਚ ਪੱੁਜਣ ਨਾਲ ਅਫਰੀਕੀ ਦੇਸ਼ਾਂ ਵਿਚ ਨਿਸਚੇ ਹੀ ਹਾਲਾਤ ਬਦਲਣਗੇ ਤੇ ਖਿਡਾਰੀ ਯੂਰਪੀ ਦੇਸ਼ਾਂ ਵੱਲ ਦੌੜਨ ਦੀ ਥਾਂ ਆਪਣੇ ਦੇਸ਼ ਵੱਲੋਂ ਖੇਡਣ ਨੂੰ ਤਰਜੀਹ ਦੇਣਗੇ | ਅਫਰੀਕੀ ਖਿਡਾਰੀਆਂ ਦੀ ਖੇਡ ਦੇਖਣ ਵਾਲੀ ਹੁੰਦੀ ਹੈ ਤੇ ਜੇ ਸਟਾਰ ਖਿਡਾਰੀ ਆਪਣੇ ਮੂਲ ਦੇਸ਼ਾਂ ਵੱਲੋਂ ਖੇਡਣ ਲੱਗ ਪੈਣ ਤਾਂ ਉਹ ਦਿਨ ਦੂਰ ਨਹੀਂ, ਜਦੋਂ ਉਨ੍ਹਾਂ ਦਾ ਮੂਲ ਦੇਸ਼ ਵਿਸ਼ਵ ਚੈਂਪੀਅਨ ਬਣ ਜਾਵੇ |





