ਜਲੰਧਰ (ਰਾਜੇਸ਼ ਥਾਪਾ/ਕੇਸਰ)
ਫਾਸ਼ੀ ਹਮਲੇ ਵਿਰੋਧੀ ਫਰੰਟ ਵਿੱਚ ਇਕੱਤਰ ਹੋਈਆਂ ਕਮਿਊਨਿਸਟ ਤੇ ਇਨਕਲਾਬੀ ਧਿਰਾਂ ਵੱਲੋਂ ਵੀਰਵਾਰ ਮੋਦੀ ਸਰਕਾਰ ਦੀ ਫਾਸ਼ੀ ਤੇ ਕਾਰਪੋਰੇਟ ਪੱਖੀ ਨੀਤੀ ਵਿਰੁੱਧ ਦੇਸ਼ ਭਗਤ ਯਾਦਗਾਰ ਕੰਪਲੈਕਸ ਜਲੰਧਰ ਵਿਖੇ ਉਸਾਰੇ ਭਾਈ ਜਵਾਲਾ ਸਿੰਘ ਹਾਲ ਵਿੱਚ ਪੰਜਾਬ ਪੱਧਰੀ ਕਨਵੈਨਸ਼ਨ ਬੰਤ ਸਿੰਘ ਬਰਾੜ, ਅਜਮੇਰ ਸਿੰਘ, ਰਤਨ ਸਿੰਘ, ਰਾਜਵਿੰਦਰ ਸਿੰਘ ਰਾਣਾ, ਮੰਗਤ ਰਾਮ ਲੌਂਗੋਵਾਲ, ਗੁਰਮੀਤ ਸਿੰਘ ਮਹਿਮਾ ਤੇ ਮੁਖਤਿਆਰ ਪੂਹਲਾ ਦੀ ਪ੍ਰਧਾਨਗੀ ਹੇਠ ਕੀਤੀ ਗਈ | ਕਨਵੈਨਸ਼ਨ ਦੀ ਸਮਾਪਤੀ ਉਪਰੰਤ ਪ੍ਰੈੱਸ ਕਲੱਬ ਤੱਕ ਵਰ੍ਹਦੇ ਮੀਂਹ ਵਿੱਚ ਮੁਜ਼ਾਹਰਾ ਕੀਤਾ ਗਿਆ |
ਕਨਵੈਨਸ਼ਨ ਨੂੰ ਸੰਬੋਧਨ ਕਰਨ ਵਾਲਿਆਂ ਵਿੱਚ ਮੁੱਖ ਤੌਰ ‘ਤੇ ਆਰ ਐੱਮ ਪੀ ਆਈ ਦੇ ਕੁੱਲ ਹਿੰਦ ਜਨਰਲ ਸਕੱਤਰ ਮੰਗਤ ਰਾਮ ਪਾਸਲਾ, ਸੀ ਪੀ ਆਈ ਦੇ ਕੌਮੀ ਕੌਂਸਲ ਮੈਂਬਰ ਪਿ੍ਥੀਪਾਲ ਸਿੰਘ ਮਾੜੀਮੇਘਾ, ਸੀ ਪੀ ਆਈ (ਐੱਮ ਐੱਲ) ਨਿਊ ਡੈਮੋਕਰੇਸੀ ਦੇ ਦਰਸ਼ਨ ਖਟਕੜ, ਸੀ ਪੀ ਆਈ (ਐੱਮ ਐੱਲ) ਲਿਬਰੇਸ਼ਨ ਦੇ ਗੁਰਮੀਤ ਸਿੰਘ, ਇਨਕਲਾਬੀ ਕੇਂਦਰ ਪੰਜਾਬ ਦੇ ਕੰਵਲਜੀਤ ਖੰਨਾ, ਐੱਮ ਸੀ ਪੀ ਆਈ (ਯੂ) ਦੇ ਆਗੂ ਕਿਰਨਜੀਤ ਸਿੰਘ ਸੇਖੋਂ ਅਤੇ ਪੰਜਾਬ ਜਮਹੂਰੀ ਮੋਰਚਾ ਦੇ ਜੁਗਰਾਜ ਸਿੰਘ ਟੱਲੇਵਾਲ ਸਨ |
ਬੁਲਾਰਿਆਂ ਨੇ ਮੋਦੀ ਸਰਕਾਰ ਦੀ ਫਾਸ਼ੀਵਾਦੀ ਨੀਤੀ ਦੀ ਜ਼ੋਰਦਾਰ ਨਿੰਦਾ ਕੀਤੀ | ਦੇਸ਼ ਦੀ ਦੌਲਤ ਮੋਦੀ ਸਰਕਾਰ ਕਾਰਪੋਰੇਟ ਘਰਾਣਿਆਂ ਨੂੰ ਲੁਟਾਈ ਜਾ ਰਹੀ ਹੈ | ਦੇਸ਼ ਦੀ ਵਸੋਂ ਘੋਰ ਗਰੀਬੀ ਵਿੱਚ ਧੱਕ ਦਿੱਤੀ ਹੈ | ਜਿਹੜੇ ਕਾਲਮ ਨਵੀਸ, ਪੱਤਰਕਾਰ ਤੇ ਬੁੱਧੀਜੀਵੀ ਮੋਦੀ ਸਰਕਾਰ ਵਿਰੁੱਧ ਬੋਲਦੇ ਤੇ ਲਿਖਦੇ ਹਨ, ਉਨ੍ਹਾਂ ਨੂੰ ਬਿਨਾਂ ਵਜ੍ਹਾ ਫੜ ਕੇ ਲੰਮੇ ਸਮੇਂ ਤੋਂ ਜੇਲ੍ਹਾਂ ਵਿੱਚ ਡੱਕਿਆ ਹੋਇਆ ਹੈ | ਦੇਸ਼ ਭਰ ਵਿੱਚ ਜਿਹੜੇ ਵੀ ਕੈਦੀ ਸਜ਼ਾਵਾਂ ਭੁਗਤ ਚੁੱਕੇ ਹਨ, ਸਿੱਖ ਕੈਦੀਆਂ ਤੇ ਹੋਰ ਘੱਟ ਗਿਣਤੀਆਂ ਸਮੇਤ ਉਨ੍ਹਾਂ ਨੂੰ ਸਰਕਾਰ ਰਿਹਾਅ ਨਹੀਂ ਕਰ ਰਹੀ | ਬੁਲਾਰਿਆਂ ਨੇ ਕਿਹਾ ਕਿ ਪੰਜਾਬ ਦੀ ਜਰਖੇਜ਼ ਧਰਤੀ ਬੰਜਰ ਹੋ ਰਹੀ ਹੈ, ਪਰ ਸਰਕਾਰ ਝੋਨੇ ਤੋਂ ਬਦਲਵੀਆਂ ਫਸਲਾਂ ‘ਤੇ ਐੱਮ ਐੱਸ ਪੀ ਲਾਗੂ ਨਹੀਂ ਕਰ ਰਹੀ, ਜਿਸ ਕਰਕੇ ਕਿਸਾਨ ਮਜਬੂਰੀਵੱਸ ਧਰਤੀ ਹੇਠੋਂ ਪਾਣੀ ਕੱਢ ਰਿਹਾ ਹੈ | ਫਰੰਟ ਨੇ ਕਿਹਾ ਕਿ ਲਤੀਫਪੁਰਾ ਵਿਖੇ ਲੋਕਾਂ ਦੇ ਉਜਾੜੇ ਦਾ ਵਿਰੋਧ ਕਰਦਿਆਂ ਉਨ੍ਹਾਂ ਦੇ ਵਸੇਬੇ ਦਾ ਮੁੜ ਪ੍ਰਬੰਧ ਕਰਨ ਅਤੇ ਵਧੀਕੀ ਕਰਨ ਵਾਲੇ ਪੁਲਸ ਅਧਿਕਾਰੀ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ | ਸ਼ਰਾਬ ਮਿੱਲ ਜ਼ੀਰਾ ਬੰਦ ਕਰਾਉਣ ਲਈ ਜੋ ਸੰਘਰਸ਼ ਚੱਲ ਰਿਹਾ ਹੈ, ਫਰੰਟ ਉਸ ਦੀ ਪੁਰਜ਼ੋਰ ਹਮਾਇਤ ਕਰਦਾ ਹੈ | ਸਟੇਜ ਸਕੱਤਰ ਦੇ ਫਰਜ਼ ਸੁਖਦਰਸ਼ਨ ਨੱਤ ਨੇ ਬਾਖੂਬੀ ਨਿਭਾਏ |