ਬੇਂਗਲੁਰੂ : ਕਰਨਾਟਕ ਦੇ ਉੱਚ ਸਿੱਖਿਆ ਮੰਤਰੀ ਡਾ. ਸੀ ਐੱਨ ਅਸ਼ਵਥ ਨਾਰਾਇਣ ਨੇ ਕਿਹਾ ਹੈ ਕਿ ਅਗਲੇ ਬੱਜਟ ਅਜਲਾਸ ‘ਚ ਅਯੁੱਧਿਆ ਵਰਗਾ ਰਾਮ ਮੰਦਰ ਕਰਨਾਟਕ ‘ਚ ਵੀ ਬਣਾਉਣ ਦਾ ਐਲਾਨ ਕੀਤਾ ਜਾਏਗਾ | ਨਾਰਾਇਣ, ਜਿਹੜੇ ਰਾਮਨਗਰ ਜ਼ਿਲ੍ਹੇ ਦੇ ਇੰਚਾਰਜ ਵੀ ਹਨ, ਨੇ ਪਿਛਲੇ ਹਫਤੇ ਮੁੱਖ ਮੰਤਰੀ ਬਸਵਰਾਜ ਬੋਮਈ ਤੋਂ ਮੰਗ ਕੀਤੀ ਸੀ ਕਿ ਰਾਮਦੇਵਰਬੇਤਾ ਵਿਖੇ ਰਾਮ ਮੰਦਰ ਉਸਾਰਨ ਲਈ ਇਕ ਵਿਕਾਸ ਕਮੇਟੀ ਦਾ ਗਠਨ ਕਰਨ | ਉਨ੍ਹਾ ਕਿਹਾ ਸੀ ਕਿ ਰਾਮਦੇਵਰਬੇਤਾ ਨੂੰ ਦੱਖਣ ਦੇ ਅਯੁੱਧਿਆ ਵਾਂਗ ਵਿਕਸਤ ਕੀਤਾ ਜਾਵੇ | ਮੰਦਰ ਮੁਜ਼ਰਾਈ ਵਿਭਾਗ ਦੀ 19 ਏਕੜ ਜ਼ਮੀਨ ਵਿਚ ਬਣਾਇਆ ਜਾਏ | ਜਨਤਾ ਦਲ ਸੈਕੂਲਰ ਦੇ ਆਗੂ ਤੇ ਸਾਬਕਾ ਮੁੱਖ ਮੰਤਰੀ ਐੱਚ ਡੀ ਕੁਮਾਰਸਵਾਮੀ ਨੇ ਕਿਹਾ ਹੈ ਕਿ ਅਸੰਬਲੀ ਚੋਣਾਂ ਤੋਂ ਕੁਝ ਮਹੀਨੇ ਪਹਿਲਾਂ ਮੰਤਰੀ ਨੂੰ ਰਾਮ ਮੰਦਰ ਦਾ ਚੇਤਾ ਆ ਗਿਆ ਹੈ | ਜਿਹੜੀ ਪਾਰਟੀ ਨੇ ਤਿੰਨ ਸਾਲ ਕੁਝ ਨਹੀਂ ਕੀਤਾ, ਉਹ ਚੋਣਾਂ ਤੋਂ ਤਿੰਨ ਮਹੀਨੇ ਪਹਿਲਾਂ ਰਾਮ ਮੰਦਰ ਉਸਾਰਨ ਦੀ ਗੱਲ ਕਰਨ ਲੱਗ ਪਈ ਹੈ | ਕੁਮਾਰਸਵਾਮੀ ਨੇ ਪ੍ਰਸਤਾਵਤ ਮੰਦਰ ਦਾ ਨੀਂਹ ਪੱਥਰ ਯੂ ਪੀ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਤੋਂ ਕਰਾਉਣ ਦਾ ਵੀ ਵਿਰੋਧ ਕਰਦਿਆਂ ਕਿਹਾ-ਯੂ ਪੀ ਦੇ ਮੁੱਖ ਮੰਤਰੀ ਨੂੰ ਸੱਦਣ ਦੀ ਕੋਈ ਲੋੜ ਨਹੀਂ | ਕਰਨਾਟਕ ਏਨਾ ਵੀ ਕੰਗਾਲ ਨਹੀਂ | ਜੇ ਰਾਮਨਗਰ ਦੇ ਲੋਕ ਵਾਕਈ ਰਾਮ ਮੰਦਰ ਚਾਹੁੰਦੇ ਹਨ ਤਾਂ ਮੈਂ ਆਪਣੇ ਆਦਿਚੁਨਚਨਗਿਰੀ ਮੱਠ ਦੇ ਸੰਤ ਦੀ ਅਗਵਾਈ ਵਿਚ ਖੁਦ ਬਣਾਵਾਂਗਾ ਤੇ ਨੀਂਹ ਪੱਥਰ ਸੁਤੁਰ ਮੱਠ ਦੇ ਸੰਤ ਤੋਂ ਰਖਵਾਵਾਂਗਾ | ਰਾਮਨਗਰ ਮੇਰੇ ਹਲਕੇ ਵਿਚ ਪੈਂਦਾ ਹੈ ਤੇ ਮੈਂ ਕਿਸੇ ਬਾਹਰਲੇ ਨੂੰ ਇੱਥੇ ਕੁਝ ਨਹੀਂ ਕਰਨ ਦੇਵਾਂਗਾ | ਰੱਬ ਨੇ ਮੈਨੂੰ ਬਥੇਰਾ ਬਲ ਬਖਸ਼ਿਆ ਹੈ | ਬਾਹਰੋਂ ਕਿਸੇ ਨੂੰ ਨਾ ਸੱਦੋ ਤੇ ਚੋਣਾਂ ਦੌਰਾਨ ਅਜਿਹਾ ਨਾ ਕਰੋ | ਮੇਰੇ ਰਾਮਨਗਰ ਨਾਲ ਮਾਂ ਤੇ ਬੱਚੇ ਵਰਗੇ ਰਿਸ਼ਤੇ ਹਨ | ਅਸੀਂ ਕਿਸੇ ਬਾਹਰਲੇ ਨੂੰ ਇੱਥੇ ਨਹੀਂ ਆਉਣ ਦੇਵਾਂਗੇ |