ਲੋਕ ਹੁਣ ਜ਼ਾਲਮਾਂ ਦੀਆਂ ਅੱਖਾਂ ‘ਚ ਅੱਖਾਂ ਪਾ ਕੇ ਗੱਲ ਕਰਨ ਲੱਗ ਪਏ ਹਨ : ਬਰਾੜ

0
217

ਲਤੀਫਪੁਰਾ (ਜਲੰਧਰ) (ਗਿਆਨ ਸੈਦਪੁਰੀ)
‘ਸਰਕਾਰ ਵੱਲੋਂ ਉਜਾੜੇ ਗਏ ਲੋਕਾਂ ਦੀ ਆਵਾਜ਼ ਗਹਿਰੀ ਨੀਂਦ ਸੁੱਤੀ ਹੋਈ ਸਰਕਾਰ ਦੇ ਕੰਨਾਂ ਤੱਕ ਪਹੁੰਚਾਉਣ ਲਈ ਜਲੰਧਰ ਦੇ ਬਾਜ਼ਾਰਾਂ ਤੋਂ ਲੈ ਕੇ ਰੇਲਾਂ ਦੀ ਆਵਾਜਾਈ ਤੱਕ ਬੰਦ ਹੋਣੀ ਚਾਹੀਦੀ ਹੈ |’ ਉਕਤ ਵਿਚਾਰਾਂ ਦਾ ਪ੍ਰਗਟਾਵਾ ਭਾਰਤੀ ਕਮਿਊਨਿਸਟ ਪਾਰਟੀ ਦੀ ਪੰਜਾਬ ਇਕਾਈ ਦੇ ਸਕੱਤਰ ਬੰਤ ਸਿੰਘ ਬਰਾੜ ਨੇ ਕੀਤਾ | ਉਹ ‘ਲਤੀਫਪੁਰਾ ਮੁੜ ਵਸੇਬਾ ਸਾਂਝਾ ਮੋਰਚਾ’ ਵੱਲੋਂ ਕੀਤੇ ਜਾ ਰਹੇ ਅੰਦੋਲਨ ਦੀ ਹਮਾਇਤ ਵਿੱਚ ਇੱਥੇ ਜੁੜ ਬੈਠੇ ਲੋਕਾਂ ਨੂੰ ਸੰਬੋਧਨ ਕਰ ਰਹੇ ਸਨ | ਉਨ੍ਹਾ ਕਿਹਾ ਕਿ ਕੜਾਕੇ ਦੀ ਠੰਢ ਵਿੱਚ ਸਿਰ ਦੀ ਛੱਤ ਲਈ ਖੁੱਲੇ੍ਹ ਅਸਮਾਨ ਵਿੱਚ ਸਰਕਾਰ ਦਾ ਪਿੱਟ-ਸਿਆਪਾ ਕਰ ਰਹੇ ਲੋਕਾਂ ਦੀ ਆਵਾਜ਼ ਕੇਂਦਰ ਸਰਕਾਰ ਅਤੇ ਦੇਸ਼ ਦੀ ਅਦਾਲਤ ਤੱਕ ਵੀ ਪਹੁੰਚਣੀ ਚਾਹੀਦੀ ਹੈ | ਸ੍ਰੀ ਬਰਾੜ ਨੇ ਕਿਹਾ ਕਿ ਲਤੀਫਪੁਰਾ ਦਾ ਉਜਾੜਾ ਉਸੇ ਸਿਲਸਿਲੇ ਦਾ ਹਿੱਸਾ ਹੈ, ਜਿਸ ਵਿੱਚ ਆਮ ਲੋਕਾਂ ਦੀ ਜ਼ਮੀਨ ਖੋਹ ਕੇ ਕਾਰਪੋਰੇਟਾਂ ਅਤੇ ਹੋਰ ਧਨਾਢਾਂ ਦੇ ਹਵਾਲੇ ਕਰ ਕੇ ਲੋਟੂ ਸਰਕਾਰਾਂ ਆਪਣੀ ਉਮਰ ਦੀ ਡੋਰ ਨੂੰ ਲੰਮਾ ਕਰਨ ਦਾ ਭਰਮ ਪਾਲ ਰਹੀਆਂ ਹਨ | ਉਨ੍ਹਾ ਸਰਕਾਰ ਨੂੰ ਸਵਾਲ ਕੀਤਾ ਕਿ ਤੁਸੀ ਲੋਕਾਂ ‘ਤੇ ਕਿੰਨਾ ਕੁ ਜ਼ੁਲਮ ਕਰ ਲਵੋਗੇ | ਪਹਿਲਾਂ ਹੀ ਬਿਹਤਰ ਜ਼ਿੰਦਗੀ ਜਿਊਣ ਦੀਆਂ ਹਾਲਤਾਂ ਤੋਂ ਵਾਂਝੇ ਕਰ ਦਿੱਤੇ ਗਏ ਲੋਕਾਂ ‘ਤੇ ਆਖਰ ਕਿੰਨਾ ਕੁ ਕਹਿਰ ਢਾਹੀ ਜਾਵੋਗੇ |
ਉਨ੍ਹਾ ਕਿਹਾ ਕਿ ਸਰਕਾਰੀ ਅਤੇ ਕਾਰਪੋਰੇਟ ਘਰਾਣਿਆਂ ਦੀ ਅੰਨ੍ਹੀ ਲੁੱਟ ਦੇ ਦੌਰ ਵਿੱਚ ਇੱਕ ਗੱਲ ਤਸੱਲੀ ਵਾਲੀ ਵੀ ਹੈ ਕਿ ਲੋਕ ਜ਼ਾਲਮਾਂ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਗੱਲ ਕਰਨ ਲੱਗ ਪਏ ਹਨ | ਦਿੱਲੀ ਦੀਆਂ ਬਰੂਹਾਂ ‘ਤੇ ਲੜਿਆ ਤੇ ਜਿੱਤਿਆ ਸੰਘਰਸ਼ ਬਹੁਤ ਕੁਝ ਸਿਖਾ ਗਿਆ ਹੈ | ਕਮਿਊਨਿਸਟ ਆਗੂ ਨੇ ਉਮੀਦ ਪ੍ਰਗਟ ਕੀਤੀ ਕਿ ਜਿੱਤ ਹੋਣ ਤੱਕ ਲਤੀਫਪੁਰਾ ਸੰਘਰਸ਼ ਜਾਰੀ ਰਹੇਗਾ | ਉਨ੍ਹਾ ਸੰਘਰਸ਼ਤ ਲੋਕਾਂ ਨੂੰ ਸੀ ਪੀ ਆਈ ਅਤੇ ਇਸ ਦੀਆਂ ਆਵਾਮੀ ਜਥੇਬੰਦੀਆਂ ਵੱਲੋਂ ਭਰੋਸਾ ਦਿੱਤਾ ਕਿ ਸੰਘਰਸ਼ ਦੇ ਹਰ ਮੋੜ ‘ਤੇ ਸਾਥ ਦਿੱਤਾ ਜਾਵੇਗਾ | ਉਨ੍ਹਾ ਐਲਾਨ ਕੀਤਾ ਕਿ 16 ਜਨਵਰੀ ਨੂੰ ਸਾਂਝੇ ਮੋਰਚਾ ਵੱਲੋਂ ਹਾਈਵੇ ਤੇ ਰੇਲ ਜਾਮ ਕਰਨ ਦੇ ਐਕਸ਼ਨ ਵਿਚ ਵਧ-ਚੜ੍ਹ ਕੇ ਹਿੱਸਾ ਲਿਆ ਜਾਵੇਗਾ | ਰੋਜ਼ਾਨਾ ਦੀ ਤਰ੍ਹਾਂ ਮੋਰਚੇ ਉੱਪਰ ਡਟੇ ਇਨਸਾਫਪਸੰਦ ਲੋਕਾਂ ਵੱਲੋਂ ਸ਼ਾਮ ਵੇਲੇ ਮਾਡਲ ਟਾਊਨ ਦੇ ਕੇ ਐੱਫ ਸੀ ਚੌਕ ਵਿਖੇ ਸੂਬਾ ਸਰਕਾਰ ਅਤੇ ਚੇਅਰਮੈਨ ਇੰਪਰੂਵਮੈਂਟ ਟਰੱਸਟ ਦਾ ਪੁਤਲਾ ਫੂਕ ਕੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ |
ਇਸ ਮੌਕੇ ਮੁੜ ਵਸੇਬਾ ਮੋਰਚਾ ਦੇ ਆਗੂ ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਕਸ਼ਮੀਰ ਸਿੰਘ ਘੁੱਗਸ਼ੋਰ, ਡਾਕਟਰ ਗੁਰਦੀਪ ਸਿੰਘ ਭੰਡਾਲ, ਚਰਨਜੀਤ ਥੰਮੂਵਾਲ, ਸੀ ਪੀ ਆਈ ਜ਼ਿਲ੍ਹਾ ਜਲੰਧਰ ਦੇ ਸਕੱਤਰ ਰਛਪਾਲ ਕੈਲੇ, ਸਹਾਇਕ ਸਕੱਤਰ ਹਰਜਿੰਦਰ ਸਿੰਘ ਮੌਜੀ, ਸੇਵਾ-ਮੁਕਤ ਜ਼ਿਲ੍ਹਾ ਅਟਾਰਨੀ ਸੱਤਪਾਲ ਭਗਤ, ਸੰਤੋਖ ਸਿੰਘ ਸੰਧੂ, ਤਰਸੇਮ ਸਿੰਘ ਜੈਨਪੁਰ, ਜਥੇਦਾਰ ਕਸ਼ਮੀਰ ਸਿੰਘ, ਹੰਸ ਰਾਜ ਪੱਬਵਾਂ, ਪੰਜਾਬ ਇਸਤਰੀ ਸਭਾ ਦੀ ਆਗੂ ਸੰਤੋਸ਼ ਬਰਾੜ, ਰੀਟਾ ਦੇਵੀ, ਪੰਜਾਬ ਖੇਤ ਮਜ਼ਦੂਰ ਸਭਾ ਜ਼ਿਲ੍ਹਾ ਜਲੰਧਰ ਦੇ ਕਨਵੀਨਰ ਸਿਕੰਦਰ ਸੰਧੂ ਅਤੇ ਵੀਰ ਕੁਮਾਰ ਕਰਤਾਰਪੁਰ ਨੇ ਵੀ ਸੰਬੋਧਨ ਕੀਤਾ |

LEAVE A REPLY

Please enter your comment!
Please enter your name here