ਆਰ ਐੱਸ ਐੱਸ ਤੇ ਭਾਜਪਾ ਧੱਕੇ ਨਾਲ ਪੂਜਾ ਕਰਵਾਉਣ ਵਾਲਾ ਸੰਗਠਨ, ਕਾਂਗਰਸ ਤਪੱਸਿਆ ਦਾ ਸੰਗਠਨ : ਰਾਹੁਲ

0
205

ਚੰਡੀਗੜ੍ਹ : ਰਾਹੁਲ ਗਾਂਧੀ ਨੇ ਐਤਵਾਰ ਕਿਹਾ ਕਿ ਉਨ੍ਹਾ ਨੂੰ ਇਸ ਗੱਲ ਵਿਚ ਦਿਲਚਸਪੀ ਨਹੀਂ ਕਿ ਕਾਂਗਰਸ ਕਿੱਥੇ ਸੱਤਾ ‘ਚ ਆਉਂਦੀ ਹੈ | ਉਨ੍ਹਾ ਦੀ ਦਿਲਚਸਪੀ ਇਸ ਵਿਚ ਹੈ ਕਿ ਕਾਂਗਰਸ ਰਾਜਾਂ ਵਿਚ ਆਪਣੀ ਸਰਕਾਰ ਦੌਰਾਨ ਕੀ ਕਰਦੀ ਹੈ | ਭਾਜਪਾ ਤੇ ਆਰ ਐੱਸ ਐੱਸ ‘ਤੇ ਵਰ੍ਹਦਿਆਂ ਉਨ੍ਹਾਂ ਨੂੰ ‘ਪੂਜਾ ਦਾ ਸੰਗਠਨ’ ਦੱਸਿਆ | ਉਨ੍ਹਾ ਕਿਹਾ ਕਿ ਕਾਂਗਰਸ ‘ਤਪੱਸਿਆ ਦਾ ਸੰਗਠਨ’ ਹੈ |
ਭਾਰਤ ਜੋੜੋ ਯਾਤਰਾ ਦੇ 114ਵੇਂ ਦਿਨ ਹਰਿਆਣਾ ਦੇ ਸਮਾਨਾ ਵਿਚ ਪ੍ਰੈੱਸ ਕਾਨਫਰੰਸ ‘ਚ ਜਦੋਂ ਉਨ੍ਹਾ ਨੂੰ ਪੁੱਛਿਆ ਗਿਆ ਕਿ ਕੀ ਯਾਤਰਾ ਨੇ ਉਨ੍ਹਾ ਦੀ ਪਾਰਟੀ ਦੇ ਕਲਚਰ ਵਿਚ ਤਬਦੀਲੀ ਲਿਆਂਦੀ ਹੈ ਤਾਂ ਉਨ੍ਹਾ ਕਿਹਾ—ਮੈਂ ਸਮਝਦਾਂ ਕਿ ਇਹ ਨਿਰੀ ਸਿਆਸੀ ਲੜਾਈ ਨਹੀਂ | ਦੇਖਣ ਨੂੰ ਸਿਆਸੀ ਲੜਾਈ ਹੈ | ਅੱਜ ਦੇਸ਼ ਵਿਚ ਤਬਦੀਲੀ ਨਜ਼ਰ ਆ ਰਹੀ ਹੈ | ਜਦੋਂ ਤੋਂ ਆਰ ਐੱਸ ਐੱਸ ਨੇ ਦੇਸ਼ ਦੇ ਅਦਾਰਿਆਂ ‘ਤੇ ਕਬਜ਼ਾ ਕੀਤਾ ਹੈ, ਇਹ ਲੜਾਈ ਸਿਆਸੀ ਨਹੀਂ ਰਹੀ, ਇਹ ਹੋਰ ਲੜਾਈ ਬਣ ਗਈ ਹੈ | ਇਸ ਨੂੰ ਤੁਸੀਂ ਵਿਚਾਰਧਾਰਾ ਜਾਂ ਧਰਮ ਦੀ ਲੜਾਈ ਕਹਿ ਸਕਦੇ ਹੋ, ਪਰ ਇਹ ਸਿਆਸੀ ਲੜਾਈ ਨਹੀਂ ਰਹੀ | ਉਨ੍ਹਾ ਕਿਹਾ ਕਿ ਕਾਂਗਰਸ ਤਪੱਸਿਆ ਦਾ ਸੰਗਠਨ ਹੈ ਤੇ ਭਾਜਪਾ ਪੂਜਾ ਦਾ ਸੰਗਠਨ | ਜੇ ਕਾਂਗਰਸ ਤਪੱਸਿਆ ਕਰਦੀ ਹੈ ਤਾਂ ਸਾਨੂੰ ਮਜ਼ਬੂਤੀ ਮਿਲਦੀ ਹੈ | ਭਾਜਪਾ ਪੂਜਾ ਤੋਂ ਤਾਕਤ ਲੈਂਦੀ ਹੈ | ਪੂਜਾ ਦੋ ਤਰ੍ਹਾਂ ਦੀ ਹੈ—ਮੈਂ ਰੱਬ ਕੋਲ ਜਾਂਦਾ ਹਾਂ ਤੇ ਕੁਝ ਮੰਗਦਾ ਹਾਂ, ਪਰ ਪਹਿਲਕਦਮੀ ਉਸ ਦੀ ਹੁੰਦੀ ਹੈ, ਜੋ ਪੂਜਾ ਕਰਦਾ ਹੈ | ਆਰ ਐੱਸ ਐੱਸ ਦੀ ਪੂਜਾ ਵੱਖਰੀ ਹੈ, ਉਹ ਧੱਕੇ ਨਾਲ ਪੂਜਾ ਕਰਵਾਉਂਦਾ ਹੈ | ਮੋਦੀ ਜੀ ਚਾਹੁੰਦੇ ਹਨ ਕਿ ਸਭ ਲੋਕ ਉਨ੍ਹਾ ਦੀ ਪੂਜਾ ਕਰਨ | ਇਸ ਦਾ ਜਵਾਬ ਤਪੱਸਿਆ ਹੀ ਹੋ ਸਕਦੀ ਹੈ | ਇਸ ਕਰਕੇ ਇਹ ਯਾਤਰਾ ਕਾਮਯਾਬ ਹੈ | ਇਸ ਯਾਤਰਾ ਵਿਚ ਇਕ ਬੰਦਾ ਤਪੱਸਿਆ ਨਹੀਂ ਕਰ ਰਿਹਾ, ਲੱਖਾਂ ਲੋਕ ਕਰ ਰਹੇ ਹਨ | ਉਨ੍ਹਾ ਕਿਹਾ ਕਿ ਦੇਸ਼ ਤਪੱਸਿਆ ਕਰਨ ਵਾਲਿਆਂ ਦਾ ਸਤਿਕਾਰ ਕਰਦਾ ਹੈ, ਪਰ ਆਰ ਐੱਸ ਐੱਸ ਤੇ ਭਾਜਪਾ ਵਾਲੇ ਕਹਿੰਦੇ ਹਨ ਕਿ ਜੋ ਉਨ੍ਹਾਂ ਦੀ ਪੂਜਾ ਕਰੇਗਾ, ਉਸ ਦਾ ਸਤਿਕਾਰ ਹੋਵੇਗਾ | ਉਹ ਅਦਾਰਿਆਂ ‘ਤੇ ਕਬਜ਼ੇ ਕਰਕੇ, ਲੋਕਾਂ ਵਿਚ ਡਰ ਪੈਦਾ ਕਰਕੇ ਤੇ ਮੀਡੀਆ ਨੂੰ ਡਰਾ ਕੇ ਦੇਸ਼ ਨੂੰ ਧੱਕੇ ਨਾਲ ਪੂਜਾ ਕਰਾਉਣ ਦੇ ਰਾਹ ਪਾ ਰਹੇ ਹਨ | ਇਸ ਕਰਕੇ ਪ੍ਰਧਾਨ ਮੰਤਰੀ ਕਿਸੇ ਦੇ ਸਾਹਵੇਂ ਨਹੀਂ ਹੁੰਦੇ | ਉਨ੍ਹਾ ਕਿਹਾ ਕਿ ਯਾਤਰਾ ਦੇਸ਼ ਦੀ ਵੰਡ ਦੇ ਵਿਰੁੱਧ ਹੈ |
ਯਾਤਰਾ ਬਾਰੇ ਰਾਇ ਪੁੱਛੇ ਜਾਣ ‘ਤੇ ਰਾਹੁਲ ਨੇ ਕਿਹਾ ਕਿ ਜਦੋਂ ਅਰਜੁਨ ਮੱਛੀ ਦੀ ਅੱਖ ‘ਤੇ ਨਿਸ਼ਾਨਾ ਵਿੰਨ੍ਹ ਰਿਹਾ ਸੀ, ਕੀ ਉਸ ਨੇ ਕਿਹਾ ਸੀ ਕਿ ਤੀਰ ਚਲਾਉਣ ਤੋਂ ਬਾਅਦ ਉਹ ਕੀ ਕਰੇਗਾ? ਇਸ ਦਾ ਜਵਾਬ ਭਗਵਦ ਗੀਤਾ ਵਿਚ ਹੈ | ਤੁਸੀਂ ਕਰਮ ਕਰਦੇ ਹੋ ਤੇ ਜੋ ਹੋਣਾ ਹੁੰਦਾ ਹੈ ਹੁੰਦਾ ਹੈ | ਇਸ ਯਾਤਰਾ ਤੋਂ ਬਾਅਦ ਕੁਝ ਹੋਰ ਹੋਵੇਗਾ ਤੇ ਉਸ ਤੋਂ ਬਾਅਦ ਕੁਝ ਹੋਰ, ਤੁਸੀਂ ਦੇਖਦੇ ਚੱਲੋ |

LEAVE A REPLY

Please enter your comment!
Please enter your name here