ਪਟਿਆਲਾ : ਪੀ.ਆਰ.ਟੀ.ਸੀ. ਵਰਕਰਜ਼ ਐਕਸ਼ਨ ਕਮੇਟੀ ਵਿੱਚ ਸ਼ਾਮਲ ਜਥੇਬੰਦੀਆਂ ਸੰਬੰਧਤ ਏਟਕ, ਇੰਟਕ, ਕਰਮਚਾਰੀ ਦਲ, ਐੱਸ.ਸੀ./ਬੀ.ਸੀ., ਸੀਟੂ ਅਤੇ ਰਿਟਾਇਰਡ ਵਰਕਰਜ਼ ਭਾਈਚਾਰਾ ਯੂਨੀਅਨ ਏਟਕ ਦੇ ਕਨਵੀਨਰ ਸ੍ਰੀ ਨਿਰਮਲ ਸਿੰਘ ਧਾਲੀਵਾਲ ਅਤੇ ਮੈਂਬਰਾਨ ਸਰਵਸ੍ਰੀ ਬਲਦੇਵ ਰਾਜ ਬੱਤਾ, ਹਰਪ੍ਰੀਤ ਸਿੰਘ ਖੱਟੜਾ, ਗੁਰਬਖਸ਼ਾ ਰਾਮ, ਤਰਸੇਮ ਸਿੰਘ ਅਤੇ ਮੁਹੰਮਦ ਖਲੀਲ ਨੇ ਸੋਮਵਾਰ ਕਿਹਾ ਕਿ ਪੀ.ਆਰ.ਟੀ.ਸੀ. ਦੇ ਮੌਜੂਦਾ ਵਰਕਰਾਂ ਅਤੇ ਸੇਵਾ-ਮੁਕਤ ਕਰਮਚਾਰੀਆਂ ਨੂੰ ਅਜੇ ਤੱਕ ਤਨਖਾਹ ਅਤੇ ਪੈਨਸ਼ਨ ਨਸੀਬ ਨਹੀਂ ਹੋਈ | ਜਿਸ ਦੇ ਵਿਰੁੱਧ 10 ਜਨਵਰੀ ਨੂੰ ਪਟਿਆਲਾ ਵਿਖੇ ਰੋਸ ਮੁਜ਼ਾਹਰਾ ਕੀਤਾ ਜਾਵੇਗਾ | ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਮੁਲਾਜ਼ਮ-ਮਜ਼ਦੂਰ ਵਿਰੋਧੀ ਨੀਤੀ ਅਤੇ ਸਰਕਾਰ ਚਲਾਉਣ ਦੀ ਨਾਸਮਝੀ ਦਾ ਸਿੱਟਾ ਹੈ ਕਿ ਹਰ ਮਹੀਨੇ ਪੀ.ਆਰ.ਟੀ.ਸੀ. ਦੇ ਵਰਕਰਾਂ ਨੂੰ ਆਪਣੀ ਮਿਹਨਤ ਦੇ 30 ਦਿਨਾਂ ਬਾਅਦ ਵੀ ਮਹੀਨਾਵਾਰ ਤਨਖਾਹ-ਪੈਨਸ਼ਨ ਲੈਣ ਲਈ ਸੜਕਾਂ ‘ਤੇ ਉਤਰ ਕੇ ਧਰਨੇ, ਮੁਜ਼ਾਹਰੇ ਅਤੇ ਰੋਸ ਮਾਰਚ ਅਰਥੀ ਫੂਕ ਮੁਜ਼ਾਹਰੇ ਆਦਿ ਕਰਨੇ ਪੈਂਦੇ ਹਨ, ਜਿਸ ਦਾ ਮੁੱਖ ਕਾਰਨ ਪੰਜਾਬ ਸਰਕਾਰ ਵੱਲੋਂ ਮੁਫਤ ਸਫਰ ਸਹੂਲਤਾਂ ਬਦਲੇ ਬਣਦੀ ਰਕਮ ਪੀ.ਆਰ.ਟੀ.ਸੀ. ਨੂੰ ਨਾ ਦੇਣੀ ਬਣਿਆ ਹੋਇਆ ਹੈ | ਪੰਜਾਬ ਸਰਕਾਰ ਵੱਲ ਪੀ.ਆਰ.ਟੀ.ਸੀ. ਦਾ ਲੱਗਭੱਗ ਮੁਫਤ ਸਫਰ ਸਹੂਲਤਾਂ ਦਾ 340 ਕਰੋੜ ਰੁਪਿਆ ਬਕਾਇਆ ਪਿਆ ਹੈ ਅਤੇ ਇਸ ਵਿੱਚ ਹਰ ਮਹੀਨੇ ਲੱਗਭੱਗ 35 ਕਰੋੜ ਰੁਪਿਆ ਜੁੜਦਾ ਜਾ ਰਿਹਾ ਹੈ | ਸਰਕਾਰ ਦੀ ਗੈਰ ਸੰਜੀਦਗੀ, ਲਾਪਰਵਾਹੀ ਅਤੇ ਵਿੱਤੀ ਬਦਇੰਤਜ਼ਮੀ ਦਾ ਖਮਿਆਜ਼ਾ ਕਰਮਚਾਰੀ ਅਤੇ ਅਦਾਰਾ ਭੁਗਤ ਰਿਹਾ ਹੈ | ਆਗੂਆਂ ਨੇ ਕਿਹਾ ਕਿ ਕਰਮਚਾਰੀਆਂ ਨੂੰ ਆਪਣਾ ਘਰ ਦਾ ਗੁਜ਼ਾਰਾ ਚਲਾਉਣਾ ਅਤੀ ਮੁਸ਼ਕਲ ਹੋਇਆ ਪਿਆ ਹੈ | ਅਦਾਰੇ ਦੀਆਂ ਬੱਸਾਂ ਦੇ ਰੱਖ-ਰਖਾਵ ਲਈ ਅਤੇ ਹੋਰ ਲੋੜਾਂ ਲਈ ਪੈਸੇ ਦੀ ਘਾਟ ਬੱਸ ਸਰਵਿਸ ‘ਤੇ ਬੁਰਾ ਅਸਰ ਪਾ ਰਹੀ ਹੈ |
ਸੇਵਾਮੁਕਤ ਕਰਮਚਾਰੀਆਂ ਨੂੰ ਉਨ੍ਹ੍ਹਾਂ ਦੇ ਬਕਾਏ ਨਹੀਂ ਮਿਲ ਰਹੇ, ਮੈਡੀਕਲ ਬਿੱਲ ਨਹੀਂ ਦਿੱਤੇ ਜਾ ਰਹੇ | ਛੋਟੇ-ਮੋਟੇ ਏਰੀਅਰ ਮਿਲਣੇ ਬੰਦ ਹਨ | ਕੰਟਰੈਕਟ ਵਰਕਰਾਂ ਦਾ ਨਿਗੂਣੀਆਂ ਤਨਖਾਹਾਂ ਬਦਲੇ ਆਰਥਿਕ ਸ਼ੋਸ਼ਣ ਦਾ ਕੋਈ ਹੱਲ ਨਹੀ | ਐਕਸ਼ਨ ਕਮੇਟੀ ਵੱਲੋਂ 10 ਜਨਵਰੀ ਨੂੰ ਬੱਸ ਸਟੈਂਡ ਪਟਿਆਲਾ ‘ਤੇ ਰੋਹ ਭਰਪੂਰ ਮੁਜ਼ਾਹਰਾ ਕਰਨ ਉਪਰੰਤ ਸਰਕਾਰ ਵਿਰੁੱਧ ਰੋਸ ਮਾਰਚ ਕਰਕੇ ਮੰਗ ਕੀਤੀ ਜਾਵੇਗੀ ਕਿ ਸਰਕਾਰ ਤੁਰੰਤ 300 ਕਰੋੜ ਰੁਪਏ ਪੀ.ਆਰ.ਟੀ.ਸੀ. ਨੂੰ ਦੇਵੇ |




