ਕੇਰਲਾ ਦੀ ਇੱਕ ਹੋਰ ਪਹਿਲ

0
217

ਮਜ਼ਦੂਰਾਂ ਦਾ ਭਲਾ ਸੋਚਣ ਵਾਲੀ ਕੇਰਲਾ ਦੀ ਖੱਬੀ ਜਮਹੂਰੀ ਸਰਕਾਰ ਨੇ ਦੇਸ਼ ਵਿੱਚ ਪਹਿਲੀ ਵਾਰ ਨਰੇਗਾ ਤੇ ਸ਼ਹਿਰੀ ਜਾਬ ਗਰੰਟੀ ਸਕੀਮ ‘ਅਯਨਕਲੀ ਅਰਬਨ ਇੰਪਲਾਇਮੈਂਟ ਗਰੰਟੀ ਸਕੀਮ’ ਵਿਚ ਰਜਿਸਟਰਡ ਵਰਕਰਾਂ ਲਈ ਵੈੱਲਫੇਅਰ ਫੰਡ ਬੋਰਡ ਕਾਇਮ ਕਰ ਦਿੱਤਾ ਹੈ | ਇਹ ਵਰਕਰਾਂ ਨੂੰ 60 ਸਾਲ ਦੇ ਹੋਣ ਤੋਂ ਬਾਅਦ ਮਾਸਕ ਪੈਨਸ਼ਨ ਦੇਵੇਗਾ | ਬੋਰਡ ਸੀ ਪੀ ਆਈ (ਐੱਮ) ਦੇ ਸਟੇਟ ਕਮੇਟੀ ਮੈਂਬਰ ਐੱਸ ਰਜਿੰਦਰਨ ਦੀ ਚੇਅਰਮੈਨੀ ਹੇਠ ਕਾਇਮ ਕੀਤਾ ਗਿਆ ਹੈ | ਬੋਰਡ ਵਿਚ ਇਕ ਚੀਫ ਐਗਜ਼ੈਕਟਿਵ ਅਫਸਰ, ਪੰਜ ਸਰਕਾਰੀ ਤੇ 8 ਗੈਰ-ਸਰਕਾਰੀ ਮੈਂਬਰ ਡਾਇਰੈਕਟਰ ਹੋਣਗੇ | ਰਜਿੰਦਰਨ ਸੀਟੂ ਨਾਲ ਸੰਬੰਧਤ ਨਰੇਗਾ ਵਰਕਰਜ਼ ਯੂਨੀਅਨ ਦੇ ਸੂਬਾਈ ਜਨਰਲ ਸਕੱਤਰ ਵੀ ਹਨ | ਵੈੱਲਫੇਅਰ ਫੰਡ ਬੋਰਡ ਦਾ ਖੱਬੇ ਜਮਹੂਰੀ ਮੁਹਾਜ਼ ਨੇ ਵਾਅਦਾ ਕੀਤਾ ਸੀ | ਦੇਸ਼ ਵਿਚ ਕਿਸੇ ਸੂਬਾਈ ਸਰਕਾਰ ਨੇ ਅਜਿਹਾ ਬੋਰਡ ਪਹਿਲੀ ਵਾਰ ਕਾਇਮ ਕੀਤਾ ਹੈ | ਸੂਬਾਈ ਅਸੰਬਲੀ ਨੇ ਇਹ ਬੋਰਡ ਕਾਇਮ ਕਰਨ ਦਾ ਬਿੱਲ 2021 ਵਿਚ ਪਾਸ ਕੀਤਾ ਸੀ | ਰਜਿੰਦਰਨ ਨੇ ਦੱਸਿਆ ਕਿ ਬੋਰਡ ਰਾਹੀਂ ਉਹ ਵਰਕਰਾਂ ਦੀ ਮਾਲੀ ਸੁਰੱਖਿਆ ਵਧਾਉਣ ਵਾਸਤੇ ਜਤਨ ਕਰਨਗੇ | ਅਜੇ ਪੈਨਸ਼ਨ ਦੀ ਰਕਮ ਤੈਅ ਨਹੀਂ ਕੀਤੀ ਗਈ | ਉਸ ਦੇ ਵੇਰਵਿਆਂ ‘ਤੇ ਕੰਮ ਚੱਲ ਰਿਹਾ ਹੈ | ਇਸ ਫੰਡ ਨਾਲ ਪਿੰਡਾਂ ਤੇ ਸ਼ਹਿਰਾਂ ਵਿਚ ਇਨ੍ਹਾਂ ਸਕੀਮਾਂ ਤਹਿਤ ਕੰਮ ਕਰਨ ਵਾਲੇ ਸਾਰੇ ਵਰਕਰਾਂ ਨੂੰ ਲਾਭ ਪਹੁੰਚਾਇਆ ਜਾਵੇਗਾ | 18 ਤੋਂ 55 ਸਾਲ ਤੱਕ ਦੀ ਉਮਰ ਦਾ ਕੋਈ ਵੀ ਵਰਕਰ ਫੰਡ ਬੋਰਡ ਦੀ ਮੈਂਬਰੀ ਹਾਸਲ ਕਰ ਸਕੇਗਾ | ਉਸ ਨੂੰ 55 ਸਾਲ ਦੀ ਉਮਰ ਤੱਕ 50 ਰੁਪਏ ਮਾਸਕ ਪ੍ਰੀਮੀਅਮ ਕਟਾਉਣਾ ਪਏਗਾ | ਜਿਸ ਨੇ ਘੱਟੋ-ਘੱਟ 10 ਸਾਲ ਪ੍ਰੀਮੀਅਮ ਭਰਿਆ ਹੋਵੇਗਾ, ਉਹ ਪੈਨਸ਼ਨ ਦਾ ਹੱਕਦਾਰ ਹੋਵੇਗਾ | ਬੋਰਡ ਵੱਲੋਂ ਇਕੱਠੇ ਕੀਤੇ ਫੰਡ ਨਾਲ ਵਰਕਰਾਂ ਦੇ ਵਿੱਦਿਅਕ ਤੇ ਵਿਆਹ ਦੇ ਖਰਚਿਆਂ ਆਦਿ ਵਰਗੇ ਵੱਖ-ਵੱਖ ਭਲਾਈ ਤੇ ਰਾਹਤ ਕੰਮ ਵੀ ਕੀਤੇ ਜਾਣਗੇ | ਇਹ ਫੰਡ ਸਰਕਾਰੀ ਗਰਾਂਟ, ਰਜਿਸਟਰਡ ਵਰਕਰਾਂ ਤੋਂ ਇਕੱਠੇ ਕੀਤੇ ਪ੍ਰੀਮੀਅਮ, ਲੋਕਲ ਬਾਡੀਜ਼ ਦੇ ਯੋਗਦਾਨ ਤੇ ਫੰਡ ਬੋਰਡ ਵੱਲੋਂ ਹਾਸਲ ਕੀਤੇ ਕਰਜ਼ੇ ਨਾਲ ਭਰੇਗਾ | ਵਰਕਰ ਦੇ ਮਾਸਕ ਯੋਗਦਾਨ ਜਿੰਨੇ ਪੈਸੇ ਸੂਬਾ ਸਰਕਾਰ ਦੇਵੇਗੀ | ਸਰਕਾਰ ਹਰ ਤੀਜੇ ਸਾਲ ਯੋਗਦਾਨ ਵਧਾ ਸਕਦੀ ਹੈ | ਇਸ ਵੇਲੇ ਸੂਬੇ ਦੇ 14 ਲੱਖ ਪਰਵਾਰਾਂ ਦੇ 21 ਲੱਖ ਐਕਟਿਵ ਜਾਬ ਕਾਰਡ ਹਨ | ਸੂਬਾ ਸਰਕਾਰ ਨੇ ਦਸਤਕਾਰਾਂ, ਬੀੜੀ ਵਰਕਰਾਂ ਸਮੇਤ ਹੋਰ ਵੱਖ-ਵੱਖ ਖੇਤਰਾਂ ਦੇ ਵਰਕਰਾਂ ਲਈ ਵੀ ਵੈੱਲਫੇਅਰ ਫੰਡ ਬੋਰਡ ਬਣਾਏ ਹੋਏ | ਹਨ ਨਵਾਂ ਬੋਰਡ ਵਰਕਰਾਂ ਦੇ ਹਿੱਤ ‘ਚ ਇਕ ਹੋਰ ਪਹਿਲਕਦਮੀ ਹੈ |

LEAVE A REPLY

Please enter your comment!
Please enter your name here