ਭਾਰਤ ਜੋੜੋ ਯਾਤਰਾ ‘ਚ ਸਮੁੱਚੇ ਪੰਜਾਬ ਤੋਂ ਕਾਂਗਰਸੀ ਪੁੱਜੇ

0
202

ਜਲੰਧਰ (ਸੁਰਿੰਦਰ ਕੁਮਾਰ)
ਰਾਹੁਲ ਗਾਂਧੀ ਨੇ ਐਤਵਾਰ ਬਾਅਦ ਦੁਪਹਿਰ ਇੱਥੇ ਸ੍ਰੀ ਦੇਵੀ ਤਲਾਬ ਮੰਦਰ ‘ਚ ਮੱਥਾ ਟੇਕ ਕੇ ਲਾਇਲਪੁਰ ਖਾਲਸਾ ਕਾਲਜ ਤੋਂ ਮੁੜ ਭਾਰਤ ਜੋੜੋ ਯਾਤਰਾ ਸ਼ੁਰੂ ਕਰ ਦਿੱਤੀ | ਮੰਦਰ ਦੇ ਪੁਜਾਰੀ ਨੇ ਲਾਲ ਰੰਗ ਦੀ ਚੁੰਨੀ ਦੇ ਕੇ ਉਹਨਾ ਦਾ ਸਨਮਾਨ ਕੀਤਾ | ਯਾਤਰਾ ਸ਼ਹਿਰ ਵਿੱਚੋਂ ਲੰਘੀ | ਰਾਹੁਲ ਗਾਂਧੀ ਲੋਕਾਂ ਨੂੰ ਹੱਥ ਹਿਲਾ ਕੇ ਉਨ੍ਹਾਂ ਨੂੰ ਸ਼ੁਭ-ਇਛਾਵਾਂ ਦੇ ਰਹੇ ਸਨ | ਚੌਧਰੀ ਸੰਤੋਖ ਸਿੰਘ ਦੀ ਮੌਤ ਕਾਰਨ ਕਿਸੇ ਤਰ੍ਹਾਂ ਦਾ ਕੋਈ ਨਾਅਰਾ ਜਾਂ ਗੀਤ ਨਹੀਂ ਚੱਲਿਆ, ਜਦ ਕਿ ਪਹਿਲਾਂ ਇਹ ਸਾਰਾ ਕੁਝ ਯਾਤਰਾ ਦਾ ਅਹਿਮ ਹਿੱਸਾ ਬਣੇ ਹੋਏ ਸਨ | ਯਾਤਰਾ ਦੇ ਸਵਾਗਤ ਲਈ ਇਕੱਲੇ ਜਲੰਧਰ ਹੀ ਨਹੀਂ, ਸਗੋਂ ਸਮੁੱਚੇ ਪੰਜਾਬ ਤੋਂ ਕਾਂਗਰਸੀ ਵਰਕਰ ਪਹੁੰਚੇ ਹੋਏ ਸਨ | ਯਾਤਰਾ ‘ਚ ਪੰਜਾਬ ਕਾਂਗਰਸ ਦੇ ਸੂਬਾਈ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਸਾਬਕਾ ਮੰਤਰੀ ਪਰਗਟ ਸਿੰਘ, ਸਾਬਕਾ ਵਿਧਾਇਕ ਸੁਸ਼ੀਲ ਰਿੰਕੂ, ਵਿਧਾਇਕ ਬਾਵਾ ਹੈਨਰੀ, ਜ਼ਿਲ੍ਹਾ ਕਾਂਗਰਸ ਸ਼ਹਿਰੀ ਦੇ ਪ੍ਰਧਾਨ ਰਾਜਿੰਦਰ ਬੇਰੀ ਤੇ ਹੋਰ ਆਗੂ ਨਾਲ ਚੱਲੇ | ਯਾਤਰਾ ਕਾਰਨ ਪੀ ਏ ਪੀ, ਰਾਮਾ ਮੰਡੀ ਤੇ ਹੋਰ ਥਾਵਾਂ ‘ਤੇ ਟ੍ਰੈਫਿਕ ਜਾਮ ਲੱਗ ਗਿਆ ਅਤੇ ਕੌਮੀ ਮਾਰਗ ‘ਤੇ ਆਵਾਜਾਈ ਸਭ ਤੋਂ ਵੱਧ ਪ੍ਰਭਾਵਤ ਹੋਈ |
ਅੱਜ ਦੇ ਰੂਟ : ਜਲੰਧਰ (ਸ਼ੈਲੀ ਐੈਲਬਰਟ)-ਐੱਸ ਐੱਸ ਪੀ ਸਵਰਨਦੀਪ ਸਿੰਘ ਨੇ ਦੱਸਿਆ ਕਿ 16 ਜਨਵਰੀ ਨੂੰ ਭਾਰਤ ਜੋੜੋ ਯਾਤਰਾ ਦੇ ਸੰਬੰਧ ਵਿੱਚ ਰੂਟ ਡਾਇਵਰਟ ਨੂੰ ਲੈ ਕੇ ਜਲੰਧਰ-ਪਠਾਨਕੋਟ ਚੌਕ ਤੋਂ ਪਠਾਨਕੋਟ ਨੂੰ ਜਾਣ ਵਾਲੇ ਸਾਰੇ ਵਾਹਨ ਕਰਤਾਰਪੁਰ, ਬਿਆਸ, ਬਟਾਲਾ, ਗੁਰਦਾਸਪੁਰ ਤੋਂ ਪਠਾਨਕੋਟ ਜਾਣਗੇ | ਪਠਾਨਕੋਟ ਤੋਂ ਜਲੰਧਰ ਆਉਣ ਵਾਲੇ ਭਾਰੀ ਵਾਹਨ ਦਸੂਹਾ, ਟਾਂਡਾ, ਹੁਸ਼ਿਆਰਪੁਰ, ਫਗਵਾੜਾ ਤੋਂ ਜਲੰਧਰ ਆਉਣਗੇ |

LEAVE A REPLY

Please enter your comment!
Please enter your name here