25.8 C
Jalandhar
Monday, September 16, 2024
spot_img

ਫੌਜੀਆਂ ਨੇ ਹਮੇਸ਼ਾ ਬਹਾਦਰੀ ਤੇ ਦਲੇਰੀ ਦੀਆਂ ਹੱਦਾਂ ਨੂੰ ਅੱਗੇ ਵਧਾਇਆ : ਰਾਸ਼ਟਰਪਤੀ

ਨਵੀਂ ਦਿੱਲੀ : ਰਾਸ਼ਟਰਪਤੀ ਦਰੋਪਦੀ ਮੁਰਮੂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੈਨਾ ਦਿਵਸ ਦੀ ਵਧਾਈ ਦਿੱਤੀ | ਰਾਸ਼ਟਰਪਤੀ ਨੇ ਟਵੀਟ ਕੀਤਾ—ਸੈਨਾ ਦਿਵਸ ‘ਤੇ, ਆਓ ਅਸੀਂ ਭਾਰਤੀ ਫੌਜ ਦੇ ਜਵਾਨਾਂ ਦੀਆਂ ਕੁਰਬਾਨੀਆਂ ਦੀਆਂ ਅਣਗਿਣਤ ਕਹਾਣੀਆਂ ਨੂੰ ਯਾਦ ਕਰੀਏ! ਉਨ੍ਹਾਂ ਹਮੇਸ਼ਾ ਬਹਾਦਰੀ ਅਤੇ ਦਲੇਰੀ ਦੀਆਂ ਹੱਦਾਂ ਨੂੰ ਅੱਗੇ ਵਧਾਇਆ ਹੈ ਅਤੇ ਸੰਕਟ ਦੇ ਸਮੇਂ ਰੱਖਿਅਕ ਵਜੋਂ ਵੀ ਕੰਮ ਕੀਤਾ ਹੈ | ਮੈਂ ਭਾਰਤੀ ਫੌਜ ਦੇ ਸਾਰੇ ਬਹਾਦਰ ਫੌਜੀਆਂ ਅਤੇ ਉਨ੍ਹਾਂ ਦੇ ਪਰਵਾਰਾਂ ਨੂੰ ਸਲਾਮ ਕਰਦੀ ਹਾਂ |
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਹਰ ਇੱਕ ਭਾਰਤ ਵਾਸੀ ਨੂੰ ਦੇਸ਼ ਦੀ ਸੈਨਾ ‘ਤੇ ਮਾਣ ਹੈ | ਫੌਜੀਆਂ ਨੇ ਹਮੇਸ਼ਾ ਦੇਸ਼ ਨੂੰ ਸੁਰੱਖਿਅਤ ਰੱਖਿਆ ਹੈ ਅਤੇ ਸੰਕਟ ਦੇ ਸਮੇਂ ਉਨ੍ਹਾਂ ਦੀ ਸੇਵਾ ਲਈ ਵੱਡੇ ਪੱਧਰ ‘ਤੇ ਪ੍ਰਸੰਸਾ ਕੀਤੀ ਜਾਂਦੀ ਹੈ | 15 ਜਨਵਰੀ 1949 ਨੂੰ ਫੀਲਡ ਮਾਰਸ਼ਲ ਕੇ ਐੱਮ ਕਰਿਅੱਪਾ ਨੇ ਆਪਣੇ ਪਿਛਲੇ ਬਿ੍ਟਿਸ਼ ਅਧਿਕਾਰੀ ਤੋਂ ਭਾਰਤੀ ਸੈਨਾ ਦੇ ਪਹਿਲੇ ਭਾਰਤੀ ਕਮਾਂਡਰ-ਇਨ-ਚੀਫ ਵਜੋਂ ਅਹੁਦਾ ਸੰਭਾਲਿਆ ਸੀ, ਜਿਸ ਦੀ ਯਾਦ ‘ਚ ਸੈਨਾ ਦਿਵਸ ਮਨਾਇਆ ਜਾਂਦਾ ਹੈ |
ਬੇਂਗਲੁਰੂ ‘ਚ ਥਲ ਮੁਖੀ ਜਨਰਲ ਮਨੋਜ ਪਾਂਡੇ ਨੇ ਕਿਹਾ ਕਿ ਭਾਰਤੀ ਫੌਜ ਨੇ ਅਸਲ ਕੰਟਰੋਲ ਰੇਖਾ (ਐੱਲ ਏ ਸੀ) ‘ਤੇ ਮਜ਼ਬੂਤ ਰੱਖਿਆਤਮਕ ਰੁਖ ਅਪਣਾਇਆ ਹੋਇਆ ਹੈ ਅਤੇ ਉਹ ਕਿਸੇ ਐਮਰਜੈਂਸੀ ਵਾਲੀ ਸਥਿਤੀ ਨਾਲ ਨਜਿੱਠਣ ਲਈ ਤਿਆਰ ਹੈ | ‘ਸੈਨਾ ਦਿਵਸ’ ਸਮਾਗਮ ਮੌਕੇ ਬੋਲਦਿਆਂ ਜਨਰਲ ਪਾਂਡੇ ਨੇ ਕਿਹਾ ਕਿ ਉੱਤਰੀ ਸਰਹੱਦੀ ਖੇਤਰਾਂ ‘ਚ ਸ਼ਾਂਤੀ ਬਣੀ ਹੋਈ ਹੈ ਅਤੇ ਸਥਾਪਤ ਪ੍ਰੋਟੋਕੋਲ ਤੇ ਮੌਜੂਦਾ ਵਿਧੀ ਰਾਹੀਂ ਸ਼ਾਂਤੀ ਬਰਕਰਾਰ ਰੱਖਣ ਲਈ ਕਦਮ ਚੁੱਕੇ ਗਏ ਹਨ | ਪੱਛਮੀ ਸਰਹੱਦ ‘ਤੇ ਸਥਿਤੀ ਦਾ ਜ਼ਿਕਰ ਕਰਦਿਆਂ ਸੈਨਾ ਮੁਖੀ ਨੇ ਕਿਹਾ ਕਿ ਕੰਟਰੋਲ ਰੇਖਾ ‘ਤੇ ਜੰਗਬੰਦੀ ਜਾਰੀ ਹੈ ਅਤੇ ਉਲੰਘਣਾ ਦੀਆਂ ਘਟਨਾਵਾਂ ‘ਚ ਕਮੀ ਆਈ ਹੈ, ਪਰ ਸਰਹੱਦ ਦੇ ਦੂਜੇ ਪਾਸੇ ਅੱਤਵਾਦੀ ਢਾਂਚਾ ਬਰਕਰਾਰ ਹੈ | ਜੰਮੂ ਅਤੇ ਪੰਜਾਬ ਦੇ ਸਰਹੱਦੀ ਖੇਤਰਾਂ ‘ਚ ਡਰੋਨਾਂ ਰਾਹੀਂ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੀਆਂ ਕੋਸ਼ਿਸ਼ਾਂ ਦਾ ਜ਼ਿਕਰ ਕਰਦਿਆਂ ਉਨ੍ਹਾ ਕਿਹਾ—ਦਹਿਸ਼ਤਗਰਦੀ ਦੇ ਟਾਕਰੇ ਲਈ ਸਾਡੀ ਪ੍ਰਣਾਲੀ ਘੁਸਪੈਠ ਦੀਆਂ ਕੋਸ਼ਿਸ਼ਾਂ ਨੂੰ ਨਾਕਾਮ ਕਰ ਰਹੀ ਹੈ | ਡਰੋਨ ਜੈਮਰਾਂ ਦੀ ਵਰਤੋਂ ਕੀਤੀ ਜਾ ਰਹੀ ਹੈ |

Related Articles

LEAVE A REPLY

Please enter your comment!
Please enter your name here

Latest Articles